ਦਿੱਲੀ ਦੀ ਆਬੋ-ਹਵਾ ‘ਬੇਹੱਦ ਖਰਾਬ’ ਸ਼੍ਰੇਣੀ 'ਚ ਪਹੁੰਚੀ, AQI 338 ’ਤੇ ਪਹੁੰਚਿਆ
ਦਿੱਲੀ ’ਚ ਲੋਧੀ ਰੋਡ, ਚਾਂਦਨੀ ਚੌਕ ਅਤੇ ਦਿੱਲੀ ਹਵਾਈ ਅੱਡੇ ’ਤੇ ਏ. ਕਿਊ. ਆਈ. ਕ੍ਰਮਵਾਰ- 295, 352 ਅਤੇ 321 ਦਰਜ ਕੀਤਾ ਗਿਆ।
ਨਵੀਂ ਦਿੱਲੀ - ਦਿੱਲੀ ਵਿਚ ਹਵਾ ਬਹੁਤ ਵਿਗੜ ਗਈ ਹੈ ਤੇ ਅੱਜ ਹਵਾ ਦੀ ਗੁਣਵੱਤਾ ‘ਗੰਭੀਰ’ ਸ਼੍ਰੇਣੀ ਤੋਂ ਸੁਧਰ ਕੇ ‘ਬੇਹੱਦ ਖ਼ਰਾਬ’ ਸ਼੍ਰੇਣੀ ਵਿਚ ਪਹੁੰਚ ਗਈ ਹੈ। ਹਵਾ ਗੁਣਵੱਤਾ ਸੂਚਕਾਂਕ (ਏ. ਕਿਊ. ਆਈ.) 338 ਦਰਜ ਕੀਤਾ ਗਿਆ ਹੈ। ਹਵਾ ਪ੍ਰਦੂਸ਼ਣ ਦੀ ਜਾਣਕਾਰੀ ਲੈਣ ਵਾਲੇ ਐਪ ‘ਸਮੀਰ’ ਮੁਤਾਬਕ ਦਿੱਲੀ ’ਚ ਸਵੇਰੇ 9 ਵਜੇ ਦੇ ਕਰੀਬ ਹਵਾ ਗੁਣਵੱਤਾ ਸੂਚਕਾਂਕ 338 ਦਰਜ ਕੀਤਾ ਗਿਆ। ਦਿੱਲੀ ’ਚ ਲੋਧੀ ਰੋਡ, ਚਾਂਦਨੀ ਚੌਕ ਅਤੇ ਦਿੱਲੀ ਹਵਾਈ ਅੱਡੇ ’ਤੇ ਏ. ਕਿਊ. ਆਈ. ਕ੍ਰਮਵਾਰ- 295, 352 ਅਤੇ 321 ਦਰਜ ਕੀਤਾ ਗਿਆ।
ਦੱਸ ਦਈਏ ਕਿ 0 ਤੋਂ 50 ਵਿਚਾਲੇ ਏ. ਕਿਊ. ਆਈ. ਨੂੰ ‘ਚੰਗਾ’, 51 ਤੋਂ 100 ਵਿਚਾਲੇ ‘ਤਸੱਲੀਬਖ਼ਸ਼’, 101 ਤੋਂ 200 ਵਿਚਾਲੇ ‘ਮੱਧ’, 201 ਤੋਂ 300 ਵਿਚਾਲੇ ‘ਖਰਾਬ’, 301 ਤੋਂ 400 ਵਿਚਾਲੇ ‘ਬੇਹੱਦ ਖ਼ਰਾਬ’ ਅਤੇ 401 ਤੋਂ 500 ਵਿਚਾਲੇ ਏ. ਕਿਊ. ਆਈ. ਨੂੰ ‘ਗੰਭੀਰ’ ਸ਼੍ਰੇਣੀ ਵਿਚ ਮੰਨਿਆ ਜਾਂਦਾ ਹੈ। ਓਧਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰਦੂਸ਼ਣ ਸੰਕਟ ਨਾਲ ਨਜਿੱਠਣ ਲਈ ਸ਼ਨੀਵਾਰ ਨੂੰ ਇਕ ਹਫ਼ਤੇ ਤੱਕ ਸਕੂਲਾਂ ਨੂੰ ਬੰਦ ਕਰਨ, ਨਿਰਮਾਣ ਕਾਰਜਾਂ ’ਤੇ ਰੋਕ, ਸਰਕਾਰੀ ਦਫ਼ਤਰਾਂ ਵਿਚ ਕਰਮੀਆਂ ਦੇ ਘਰ ਤੋਂ ਕੰਮ ਕਰਨ ਸਮੇਤ ਕਈ ਐਮਰਜੈਂਸੀ ਕਦਮਾਂ ਦਾ ਐਲਾਨ ਕੀਤਾ ਹੈ।
ਐਮਰਜੈਂਸੀ ਬੈਠਕ ਮਗਰੋਂ ਕੇਜਰੀਵਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਸੁਪਰੀਮ ਕੋਰਟ ਦੇ ਸਾਹਮਣੇ ‘ਲਾਕਡਾਊਨ’ ਦੀ ਯੋਜਨਾ ਵੀ ਪੇਸ਼ ਕਰੇਗੀ। ਦੱਸ ਦਈਏ ਕਿ ਦਿੱਲੀ-ਐੱਨ. ਸੀ. ਆਰ. ਵਿਚ ਪਟਾਕਿਆਂ, ਪਰਾਲੀ ਸਾੜਨ ਅਤੇ ਮੌਸਮ ਦੇ ਉਲਟ ਹਾਲਾਤਾਂ ਕਾਰਨ ਹਵਾ ਪ੍ਰਦੂਸ਼ਣ ਦੇ ਐਮਰਜੈਂਸੀ ਪੱਧਰ ’ਤੇ ਪਹੁੰਚਣ ਮਗਰੋਂ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਲੋਕਾਂ ਨੂੰ ਘਰਾਂ ਦੇ ਅੰਦਰ ਰਹਿਣ ਅਤੇ ਸਰਕਾਰੀ ਤੇ ਪ੍ਰਾਈਵੇਟ ਦਫ਼ਤਰਾਂ ਨੂੰ ਆਪਣੇ ਵਾਹਨਾਂ ਦੀ ਵਰਤੋਂ ’ਚ 30 ਫ਼ੀਸਦੀ ਤੱਕ ਕਟੌਤੀ ਕਰਨ ਦੀ ਸਲਾਹ ਦਿੱਤੀ ਸੀ।