ਨਵੀਂ ਦਿੱਲੀ: 11 ਨਵੰਬਰ ਨੂੰ ਹੋਈਆਂ ਵਿਧਾਨ ਸਭਾ ਜ਼ਿਮਨੀ ਚੋਣਾਂ ’ਚ ਸੱਤਾਧਾਰੀ ਪਾਰਟੀਆਂ ਨੇ ਸ਼ੁਕਰਵਾਰ ਨੂੰ 8 ਸੀਟਾਂ ਵਿਚੋਂ ਚਾਰ ਸੀਟਾਂ ਗੁਆ ਦਿਤੀਆਂ। ਭਾਰਤੀ ਜਨਤਾ ਪਾਰਟੀ (ਭਾਜਪਾ) ਸ਼ਾਸਿਤ ਰਾਜਸਥਾਨ ’ਚ ਕਾਂਗਰਸ ਨੇ ਇਕ ਸੀਟ ਜਿੱਤੀ ਹੈ ਅਤੇ ਪੀ.ਡੀ.ਪੀ. ਨੇ ਕਸ਼ਮੀਰ ਦੇ ਬਡਗਾਮ ਵਿਚ ਸੱਤਾਧਾਰੀ ਨੈਸ਼ਨਲ ਕਾਨਫ਼ਰੰਸ ਨੂੰ ਪਹਿਲੀ ਵਾਰੀ ਹਰਾ ਦਿਤਾ। ਭਾਜਪਾ ਨੇ ਜੰਮੂ-ਕਸ਼ਮੀਰ ਦੀ ਨਾਗਰੋਟਾ ਸੀਟ ਉਤੇ ਜਿੱਤ ਹਾਸਲ ਕੀਤੀ। ਮਿਜ਼ੋਰਮ ਦੀ ਮੁੱਖ ਵਿਰੋਧੀ ਪਾਰਟੀ ਮਿਜ਼ੋ ਨੈਸ਼ਨਲ ਫਰੰਟ (ਐਮ.ਐਨ.ਐਫ.) ਨੇ ਅਪਣੀ ਦੰਪਾ ਵਿਧਾਨ ਸਭਾ ਸੀਟ ਉਤੇ ਬਰਕਰਾਰ ਰੱਖਿਆ, ਇਸ ਦੇ ਉਮੀਦਵਾਰ ਆਰ. ਲਾਲਥੰਗਲਿਆਨਾ ਨੇ ਸੱਤਾਧਾਰੀ ਜ਼ੋਰਮ ਪੀਪਲਜ਼ ਮੂਵਮੈਂਟ ਦੇ ਵਾਨਲਾਸਲਸਾਈਲੋਵਾ ਨੂੰ 562 ਵੋਟਾਂ ਦੇ ਫਰਕ ਨਾਲ ਹਰਾਇਆ।
ਅੰਤਾ (ਰਾਜਸਥਾਨ), ਘਾਟਸ਼ਿਲਾ (ਝਾਰਖੰਡ), ਜੁਬਲੀ ਹਿਲਜ਼ (ਤੇਲੰਗਾਨਾ), ਤਰਨਤਾਰਨ (ਪੰਜਾਬ) ਅਤੇ ਨੁਆਪਾੜਾ (ਓਡੀਸ਼ਾ) ਵਿਚ ਵੀ ਜ਼ਿਮਨੀ ਚੋਣਾਂ ਹੋਈਆਂ ਸਨ। ਕਾਂਗਰਸ ਅਤੇ ਭਾਜਪਾ ਨੇ ਇਕ-ਇਕ ਸੀਟ ਹੋਰ ਜਿੱਤੀ ਜਦਕਿ ਆਮ ਆਦਮੀ ਪਾਰਟੀ ਅਤੇ ਜੇ.ਐਮ.ਐਮ. ਨੇ ਵੀ ਇਕ-ਇਕ ਸੀਟ ਜਿੱਤੀ।
ਓਡੀਸ਼ਾ ਦੇ ਨੁਆਪਾੜਾ ’ਚ ਭਾਜਪਾ ਦੇ ਜੈ ਢੋਲਕੀਆ ਨੇ ਕਾਂਗਰਸ ਦੇ ਘਾਸੀ ਰਾਮ ਮਾਝੀ ਨੂੰ 83,748 ਵੋਟਾਂ ਦੇ ਵੱਡੇ ਫਰਕ ਨਾਲ ਹਰਾਇਆ। ਜੈ ਬੀ.ਜੇ.ਡੀ. ਦੇ ਮਰਹੂਮ ਵਿਧਾਇਕ ਰਾਜਿੰਦਰ ਢੋਲਕੀਆ ਦੇ ਬੇਟੇ ਹਨ, ਜਿਨ੍ਹਾਂ ਦੀ ਮੌਤ ਕਾਰਨ ਜ਼ਿਮਨੀ ਚੋਣ ਕਰਨੀ ਪਈ ਸੀ।