Delhi ਧਮਾਕਾ ਮਾਮਲਾ : ਪੁਲਵਾਮਾ ’ਚ ਅੱਤਵਾਦੀ ਡਾ. ਉਮਰ ਨਬੀ ਦੇ ਘਰ ਨੂੰ ਧਮਾਕੇ ਨਾਲ ਉਡਾਇਆ
ਸੁਰੱਖਿਆ ਏਜੰਸੀਆਂ ਵੱਲੋਂ ਕੀਤੀ ਗਈ ਕਾਰਵਾਈ
ਸ੍ਰੀਨਗਰ : ਦੇਸ਼ ਦੀ ਰਾਜਧਾਨੀ ਦਿੱਲੀ ’ਚ ਲਾਲ ਕਿਲੇ ਦੇ ਨੇੜੇ ਹੋਏ ਕਾਰ ਧਮਾਕੇ ’ਚ ਸੁਰੱਖਿਆ ਏਜੰਸੀਆਂ ਨੇ ਸਖਤ ਕਦਮ ਚੁੱਕਿਆ ਹੈ। ਮੁੱਖ ਆਰੋਪੀ ਅੱਤਵਾਦੀ ਡਾ. ਉਮਰ ਨਬੀ ਦੇ ਪੁਲਵਾਮਾ ਸਥਿਤ ਘਰ ਨੂੰ ਪੂਰੀ ਤਰ੍ਹਾਂ ਨਾਲ ਤਬਾਹ ਕਰ ਦਿੱਤਾ ਗਿਆ ਹੈ।
ਦਿੱਲੀ ਧਮਾਕੇ ’ਚ ਸ਼ਾਮਲ ਤੇ ਧਮਾਕਾਖੇਜ ਸਮੱਗਰੀ ਨਾਲ ਭਰੀ ਕਾਰ ਚਲਾਉਣ ਵਾਲੇ ਅੱਤਵਾਦੀ ਡਾ. ਉਮਰ ਨਬੀ ਦਾ ਘਰ ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ’ਚ ਸੁਰੱਖਿਆ ਕਰਮਚਾਰੀਆਂ ਨੇ ਤਬਾਹ ਕਰ ਦਿੱਤਾ ਹੈ। ਅਧਿਕਾਰੀਆਂ ਨੇ ਕਿਹਾ ਕਿ ਵੀਰਵਾਰ ਅਤੇ ਸ਼ੁੱਕਰਵਾਰ ਦੀ ਰਾਤ ਨੂੰ ਇਹ ਕਾਰਵਾਈ ਕੀਤੀ ਗਈ।
ਜ਼ਿਕਰਯੋਗ ਹੈ ਕਿ ਸੋਮਵਾਰ ਨੂੰ ਦਿੱਲੀ ਸਥਿਤ ਲਾਲ ਕਿਲੇ ਨੇੜੇ ਹੋਏ ਕਾਰ ਧਮਾਕੇ ਦੌਰਾਨ 13 ਵਿਅਕਤੀਆਂ ਦੀ ਜਾਨ ਚਲੀ ਗਈ ਸੀ ਜਦਕਿ ਕਈ ਵਿਅਕਤੀ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ ਸਨ। ਡਾ. ਉਮਰ ਉਸ ਆਈ-20 ਕਾਰ ਨੂੰ ਚਲਾ ਰਿਹਾ ਸੀ, ਜਿਸ ਵਿਚ ਇਹ ਧਮਾਕਾ ਹੋਇਆ ਸੀ। ਧਮਾਕੇ ਵਾਲੀ ਥਾਂ ਤੋਂ ਇਕੱਠੇ ਕੀਤੇ ਗਏ ਡੀ.ਐਨ.ਏ. ਨਮੂਨੇ ਡਾ. ਉਮਰ ਦੀ ਮਾਂ ਦੇ ਡੀ.ਐਨ.ਏ. ਨਾਲ ਮੇਲ ਖਾਣ ਤੋਂ ਉਸ ਦੀ ਪਹਿਚਾਣ ਦੀ ਪੁਸ਼ਟੀ ਹੋਈ ਸੀ।