ਕਮਲਨਾਥ ਦੇ ਮੁੱਖ ਮੰਤਰੀ ਬਣਨ ਦੇ ਚਰਚੇ, ਸਿੱਖਾਂ ਵਲੋਂ ਵਿਰੋਧ ਸ਼ੁਰੂ

ਏਜੰਸੀ

ਖ਼ਬਰਾਂ, ਰਾਸ਼ਟਰੀ

ਕਮਲਨਾਥ ਬਾਰੇ ਨਿਆਂ ਹੋਣਾ ਅਜੇ ਬਾਕੀ : ਐਚ.ਐਸ. ਫੂਲਕਾ

Kamal Nath

ਨਵੀਂ ਦਿੱਲੀ : ਮੱਧ ਪ੍ਰਦੇਸ਼ ਦੇ ਨਵੇਂ ਮੁੱਖ ਮੰਤਰੀ ਦੇ ਰੂਪ 'ਚ ਕਾਂਗਰਸ ਦੇ ਸੀਨੀਅਰ ਆਗੂ ਕਮਲਨਾਥ ਦਾ ਨਾਂ ਸੱਭ ਤੋਂ ਅੱਗੇ ਹੋਣ ਦੀ ਚਰਚਾ ਵਿਚਕਾਰ ਸਿੱਖਾਂ ਵਲੋਂ ਇਸ ਦਾ ਵਿਰੋਧ ਹੋਣਾ ਸ਼ੁਰੂ ਹੋ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਕਾਂਗਰਸ ਹਾਈਕਮਾਨ 'ਤੇ 1984 ਦੇ ਸਿੱਖ ਕਤਲੇਆਮ ਦੇ 'ਸਾਜ਼ਸ਼ਕਰਤਾ ਨੂੰ ਬਚਾਉਣ' ਦਾ ਦੋਸ਼ ਲਾਇਆ ਹੈ ਜਦਕਿ ਆਮ ਆਦਮੀ ਪਾਰਟੀ ਆਗੂ ਐਚ.ਐਸ. ਫੂਲਕਾ ਨੇ ਦਾਅਵਾ ਕੀਤਾ ਕਿ 1984 ਦੇ ਸਿੱਖ ਕਤਲੇਆਮ 'ਚ ਕਾਂਗਰਸ ਆਗੂ ਕਮਲਨਾਥ ਦੀ ਸ਼ਮੂਲੀਅਤ ਦੇ 'ਠੋਸ' ਸਬੂਤ ਹਨ ਅਤੇ ਉਨ੍ਹਾਂ ਬਾਰੇ ਨਿਆਂ ਹੋਣਾ ਅਜੇ ਬਾਕੀ ਹੈ।

ਕਮਲਨਾਥ ਮੱਧ ਪ੍ਰਦੇਸ਼ 'ਚ ਮੁੱਖ ਮੰਤਰੀ ਅਹੁਦੇ ਦੇ ਸੱਭ ਤੋਂ ਮਜ਼ਬੂਤ ਦਾਅਵੇਦਾਰ ਵਜੋਂ ਉਭਰੇ ਹਨ। ਸੁਪਰੀਮ ਕੋਰਟ ਦੇ ਵਕੀਲ ਫੂਲਕਾ ਨੇ ਕਿਹਾ, ''ਕਮਲਨਾਥ ਵਿਰੁਧ ਬਹੁਤ ਸਾਰੇ ਸਬੂਤ ਹਨ ਅਤੇ ਉਨ੍ਹਾਂ ਵਿਰੁਧ ਨਿਆਂ ਚੱਕਰ ਦਾ ਚਲਣਾ ਅਜੇ ਬਾਕੀ ਹੈ। ਹੁਣ ਇਹ ਫ਼ੈਸਲਾ ਲੈਣਾ ਰਾਹੁਲ ਗਾਂਧੀ (ਕਾਂਗਰਸ ਪ੍ਰਧਾਨ) 'ਤੇ ਹੈ ਕਿ ਕੀ ਉਹ ਉਸ ਵਿਅਕਤੀ ਨੂੰ ਮੱਧ ਪ੍ਰਦੇਸ਼ ਦਾ ਮੁੱਖ ਮੰਤਰੀ ਬਣਾਉਣਾ ਚਾਹੁੰਦੇ ਹਨ ਜੋ 1984 ਦੇ ਸਿੱਖ ਕਤਲੇਆਮ 'ਚ ਸ਼ਾਮਲ ਰਿਹਾ ਹੋਵੇ।''ਅਦਾਲਤੀ ਮਾਮਲਿਆਂ 'ਚ ਕਤਲੇਆਮ ਪੀੜਤਾਂ ਦੀ ਪ੍ਰਤੀਨਿਧਤਾ ਕਰ ਰਹੇ ਸੀਨੀਅਰ ਵਕੀਲ ਨੇ ਇਸ ਸਾਲ ਦੀ ਸ਼ੁਰੂਆਤ 'ਚ ਕਿਹਾ ਸੀ

ਕਿ ਸਿੱਖ ਵਿਰੋਧੀ ਕਤਲੇਆਮ 'ਚ ਸ਼ਾਮਲ ਆਗੂਆਂ ਨੂੰ ਸਜ਼ਾ ਦੇਣ ਦੀ ਬਜਾਏ ਕਾਂਗਰਸ ਉਨ੍ਹਾਂ ਨੂੰ ਹੱਲਾਸ਼ੇਰੀ ਦੇ ਰਹੀ ਹੈ। ਉਨ੍ਹਾਂ ਕਿਹਾ ਸੀ, ''ਕਮਲਨਾਥ ਨੂੰ ਮੰਤਰੀ ਬਣਾਇਆ ਗਿਆ ਅਤੇ ਹੋਰ ਮਹੱਤਵਪੂਰਨ ਅਹੁਦੇ ਦਿਤੇ ਗਏ।'' ਪੰਜਾਬ ਦੇ 'ਆਪ' ਵਿਧਾਇਕ ਕੰਵਰ ਸੰਧੂ ਨੇ ਦਾਅਵਾ ਕੀਤਾ ਕਿ ਕਮਲਨਾਥ ਦਾ ਬੇਦਾਗ਼ ਸਾਬਤ ਹੋਣਾ ਅਜੇ ਬਾਕੀ ਹੈ। ਇਸ ਦੌਰਾਨ ਭਾਰਤੀ ਜਨਤਾ ਦੀ ਦਿੱਲੀ ਇਕਾਈ ਦੇ ਬੁਲਾਰੇ ਤਜਿੰਦਰ ਸਿੰਘ ਬੱਗਾ ਨੇ ਦਾਅਵਾ ਕੀਤਾ ਕਿ ਕਤਲੇਆਮ 'ਚ ਕਮਲਨਾਥ ਦੀ ਸ਼ਮੂਲੀਅਤ ਬਾਰੇ ਕਾਂਗਰਸ ਜਾਣਦੀ ਸੀ

ਅਤੇ ਇਸੇ ਕਰ ਕੇ ਉਨ੍ਹਾਂ ਨੂੰ 2017 'ਚ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੀ ਕਾਂਗਰਸ ਇੰਚਾਰਜ ਵਜੋਂ ਅਹੁਦੇ ਤੋਂ 'ਹਟਾ' ਦਿਤਾ ਗਿਆ ਸੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਕਮਲਨਾਥ ਨੂੰ ਮੱਧ ਪ੍ਰਦੇਸ਼ ਦਾ ਮੁੱਖ ਮੰਤਰੀ ਬਣਾਏ ਜਾਣ ਦੇ ਪਾਰਟੀ ਦੇ ਫ਼ੈਸਲੇ ਦਾ ਵਿਰੋਧ ਕਰਨਾ ਚਾਹੀਦਾ ਹੈ ਅਤੇ ਜੇਕਰ ਰਾਹੁਲ ਗਾਂਧੀ ਇਸ 'ਤੇ ਸਹਿਮਤ ਨਾ ਹੋਣ ਤਾਂ ਉਨ੍ਹਾਂ ਨੂੰ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ। 

ਅਕਾਲੀ ਦਲ ਨੇ ਦੋਸ਼ ਲਾਇਆ ਹੈ ਕਿ 1984 'ਚ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਰਾਜਧਾਨੀ ਦਿੱਲੀ 'ਚ ਸਿੱਖ ਕਤਲੇਆਮ 'ਚ ਕਮਲਨਾਥ ਦਾ ਹੱਥ ਸੀ। ਅਕਾਲੀ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਸਿੱਖ ਸ਼ਾਂਤੀਪਸੰਦ ਲੋਕ ਹਨ ਪਰ ਉਹ ਗਾਂਧੀ ਪ੍ਰਵਾਰ ਨੂੰ ਢੁਕਵਾਂ ਜਵਾਬ ਦੇਣਗੇ। ਜੇਕਰ ਗਾਂਧੀ ਪ੍ਰਵਾਰ ਕਮਲਨਾਥ ਨੂੰ ਮੁੱਖ ਮੰਤਰੀ ਵਜੋਂ ਨਾਮਜ਼ਦ ਕਰਦੇ ਹਨ ਤਾਂ ਇਸ ਨਾਲ ਲੋਕਾਂ ਦਾ ਗੁੱਸਾ ਫੁੱਟੇਗਾ। (ਪੀਟੀਆਈ)