ਰਾਹੁਲ ਗਾਂਧੀ ਦਾ PM 'ਤੇ ਹਮਲਾ, PM ਸਦਨ 'ਚ ਨਹੀਂ ਆਉਂਦੇ, ਇਹ ਲੋਕਤੰਤਰ ਚਲਾਉਣ ਦਾ ਤਰੀਕਾ ਨਹੀਂ ਹੈ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

3-4 ਅਜਿਹੇ ਮੁੱਦੇ ਹਨ, ਜਿਨ੍ਹਾਂ ਦਾ ਸਰਕਾਰ ਨਾਮ ਤੱਕ ਨਹੀਂ ਲੈ ਰਹੀ ਤੇ ਨਾ ਹੀ ਲੈਣ ਦੇ ਰਹੀ ਹੈ

Rahul Gandhi

 

ਨਵੀਂ ਦਿੱਲੀ - ਸੰਸਦ ਦਾ ਸਰਦ ਰੁੱਤ ਸੈਸ਼ਨ ਜਾਰੀ ਹੈ। ਅੱਜ ਵੀ ਵਿਰੋਧੀ ਧਿਰ ਨੇ 12 ਸੰਸਦ ਮੈਂਬਰਾਂ ਦੀ ਮੁਅੱਤਲੀ ਨੂੰ ਲੈ ਕੇ ਰਾਜ ਸਭਾ ਵਿਚ ਹੰਗਾਮਾ ਕੀਤਾ। ਵਿਰੋਧੀ ਧਿਰ ਦੇ ਆਗੂਆਂ ਨੇ ਨਾਅਰੇਬਾਜ਼ੀ ਕਰਦਿਆਂ ਮੁਅੱਤਲੀ ਵਾਪਸ ਲੈਣ ਦੀ ਮੰਗ ਕੀਤੀ। ਵਿਰੋਧੀ ਧਿਰ ਦੇ ਲਗਾਤਾਰ ਹੰਗਾਮੇ ਦੇ ਮੱਦੇਨਜ਼ਰ ਰਾਜ ਸਭਾ ਦੀ ਕਾਰਵਾਈ ਦੁਪਹਿਰ 2 ਵਜੇ ਤੱਕ ਲਈ ਮੁਲਤਵੀ ਕਰ ਦਿੱਤੀ ਗਈ ਸੀ। 

ਇਸ ਮਾਮਲੇ ਨੂੰ ਲੈ ਕੇ ਅੱਜ ਵਿਰੋਧੀ ਧਿਰ ਦੇ ਆਗੂਆਂ ਨੇ ਗਾਂਧੀ ਬੁੱਤ ਤੋਂ ਵਿਜੇ ਚੌਕ ਤੱਕ ਰੋਸ ਮਾਰਚ ਕੱਢਿਆ। ਕਾਂਗਰਸ ਆਗੂ ਰਾਹੁਲ ਗਾਂਧੀ ਰੋਸ ਵਜੋਂ ਕਾਲੇ ਕੱਪੜੇ ਪਾ ਕੇ ਸ਼ਾਮਲ ਹੋਏ। ਰਾਹੁਲ ਨੇ ਕਿਹਾ, "ਸਰਕਾਰ ਵਿਰੋਧੀ ਧਿਰ ਨੂੰ ਸਵਾਲ ਉਠਾਉਣ ਦੀ ਇਜਾਜ਼ਤ ਨਹੀਂ ਦੇ ਰਹੀ ਹੈ। ਪ੍ਰਧਾਨ ਮੰਤਰੀ ਸਦਨ ਵਿਚ ਨਹੀਂ ਆਉਂਦੇ। ਇਹ ਲੋਕਤੰਤਰ ਨੂੰ ਚਲਾਉਣ ਦਾ ਸਹੀ ਤਰੀਕਾ ਨਹੀਂ ਹੈ। ਇਹ ਲੋਕਤੰਤਰ ਦਾ ਕਤਲ ਹੈ। ਸੰਸਦ ਮੈਂਬਰਾਂ ਨੂੰ ਲਗਭਗ ਦੋ ਹਫ਼ਤਿਆਂ ਤੋਂ ਮੁਅੱਤਲ ਕੀਤਾ ਗਿਆ ਹੈ।

ਉਹ ਲਗਾਤਾਰ ਧਰਨੇ 'ਤੇ ਬੈਠੇ ਹੋਏ ਹਨ, ਉਨ੍ਹਾਂ ਦੀ ਸੁਣਵਾਈ ਨਹੀਂ ਹੋ ਰਹੀ ਤੇ ਨਾ ਹੀ ਸਾਨੂੰ ਸਦਨ ਵਿਚ ਬੋਲਣ ਦਿੱਤਾ ਜਾ ਰਿਹਾ ਹੈ। ਰਾਹੁਲ ਨੇ ਕਿਹਾ ਕਿ ਵਿਰੋਧੀ ਧਿਰ ਜਦੋਂ ਕੋਈ ਸਵਾਲ ਉਠਾਉਣਾ ਚਾਹੁੰਦੀ ਹੈ ਤਾਂ ਉਨ੍ਹਾਂ ਨੂੰ ਡਰਾ-ਧਮਕਾ ਕੇ ਚੁੱਪ ਕਰਵਾਇਆ ਜਾ ਰਿਹਾ ਹੈ। ਜਿਹੜੀ ਬਹਿਸ ਅਸੀਂ ਕਰਵਾਉਣੀ ਚਾਹੁੰਦੇ ਹਾਂ, ਉਹ ਨਹੀਂ ਹੋਣ ਦਿੱਤੀ ਜਾ ਰਹੀ। ਸਰਕਾਰ 'ਤੇ ਸਵਾਲ ਉਠਾਉਂਦੇ ਹਾਂ ਤਾਂ ਸਰਕਾਰ ਸਵਾਲ ਉਠਾਉਣ ਨਹੀਂ ਦੇ ਰਹੀ। 3-4 ਅਜਿਹੇ ਮੁੱਦੇ ਹਨ, ਜਿਨ੍ਹਾਂ ਦਾ ਸਰਕਾਰ ਨਾਮ ਤੱਕ ਨਹੀਂ ਲੈ ਰਹੀ ਤੇ ਨਾ ਹੀ ਲੈਣ ਦੇ ਰਹੀ ਹੈ। ਇਹ ਸਰਕਾਰ ਵੱਲੋਂ ਸਹੀ ਨਹੀਂ ਕੀਤਾ ਜਾ ਰਿਹਾ।