ਜਾਂਚ ਟੀਮ ਨੇ ਲਖੀਮਪੁਰ ਖੇੜੀ ਹਿੰਸਾ ਨੂੰ ਦੱਸਿਆ 'ਸੋਚੀ ਸਮਝੀ ਸਾਜ਼ਿਸ਼'

ਏਜੰਸੀ

ਖ਼ਬਰਾਂ, ਰਾਸ਼ਟਰੀ

'ਘਟਨਾ ਵਿਚ ਜਿਹੜੇ ਪੰਜ ਲੋਕਾਂ ਦੀਆਂ ਮੌਤਾਂ ਹੋਈਆਂ ਹਨ ਉਹ ਕੋਈ ਵੀ ਲਾਪਰਵਾਹੀ ਨਾਲ ਨਹੀਂ ਹੋਈਆਂ ਸਗੋਂ ਜਾਣਬੁਝ ਕੇ ਇਕ ਸਾਜ਼ਿਸ਼ ਰਚੀ ਗਈ ਸੀ।'

lakhimpur kheri incident

ਲਖੀਮਪੁਰ ਖੇੜੀ : ਉੱਤਰ ਪ੍ਰਦੇਸ਼ ਵਿਚ ਲਖੀਮਪੁਰ ਖੇੜੀ ਘਟਨਾ ਦੀ ਜਾਂਚ ਕਰ ਰਹੀ SIT ਨੇ ਵੱਡਾ ਖ਼ੁਲਾਸਾ ਕਰਦਿਆਂ ਕਿਹਾ ਕਿ ਇਹ ਇਹ ਘਟਨਾ ਲਾਪਰਵਾਹੀ ਨਾਲ ਨਹੀਂ ਵਾਪਰੀ ਸੀ ਸਗੋਂ ਇਹ ਇੱਕ ਸੋਚੀ ਸਮਝੀ ਸਾਜ਼ਿਸ਼ ਸੀ। ਜਾਂਚ ਟੀਮ ਨੇ ਕਿਹਾ ਹੈ ਕਿ ਉਸ ਦਿਨ ਇੱਕ ਸਾਜ਼ਿਸ਼ ਦੇ ਤਹਿਤ ਹੀ ਕਿਸਾਨਾਂ ਨੂੰ ਗੱਡੀ ਨਾਲ ਦਰੜਿਆ ਗਿਆ ਸੀ।

ਦੱਸ ਦੇਈਏ ਕਿ ਜਾਂਚ ਟੀਮ ਵਲੋਂ ਇਸ ਬਾਬਤ ਇੱਕ ਚਿੱਠੀ ਜਾਰੀ ਕੀਤੀ ਗਈ ਹੈ ਜਿਸ ਵਿਚ ਉਨ੍ਹਾਂ ਵਲੋਂ ਸਾਫ਼ ਤੌਰ 'ਤੇ ਲਿਖਿਆ ਗਿਆ ਹੈ ਕਿ ਉਸ ਘਟਨਾ ਵਿਚ ਜਿਹੜੇ ਪੰਜ ਲੋਕਾਂ ਦੀਆਂ ਮੌਤਾਂ ਹੋਈਆਂ ਹਨ ਉਹ ਕੋਈ ਵੀ ਲਾਪਰਵਾਹੀ ਨਾਲ ਨਹੀਂ ਹੋਈਆਂ ਸਗੋਂ ਜਾਣਬੁਝ ਕੇ ਇਕ ਸਾਜ਼ਿਸ਼ ਰਚੀ ਗਈ ਸੀ। ਇਸ ਚਿੱਠੀ ਵਿਚ ਲਿਖਿਆ ਗਿਆ ਹੈ, ''ਇਹ ਘਟਨਾ ਲਾਪਰਵਾਹੀ ਨਾਲ ਨਹੀਂ ਸਗੋਂ "ਪੂਰਵ-ਯੋਜਨਾਬੱਧ ਸਾਜ਼ਿਸ਼" ਦੇ ਤਹਿਤ ਕੀਤੀ ਗਈ ਸੀ ਜਿਸ ਕਾਰਨ 5 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਜ਼ਖ਼ਮੀ ਹੋਏ ਸਨ''

ਜ਼ਿਕਰਯੋਗ ਹੈ ਕਿ ਕਿਸਾਨਾਂ ਵਲੋਂ ਕੀਤੇ ਜਾ ਰਹੇ ਸ਼ਾਂਤਮਈ ਵਿਰੋਧ ਪ੍ਰਦਰਸ਼ਨ ਦੌਰਾਨ ਇੱਕ ਗੱਡੀ ਨੇ ਕਿਸਾਨਾਂ ਨੂੰ ਦਰਦ ਦਿਤਾ ਸੀ। ਇਸ ਘਟਨਾ ਵਿਚ ਚਾਰ ਕਿਸਾਨ ਅਤੇ ਇੱਕ ਪੱਤਰਕਾਰ ਦੀ ਮੌਤ ਹੋ ਗਈ ਸੀ। ਇਸ ਮਾਮਲੇ ਵਿਚ ਆਸ਼ੀਸ਼ ਮਿਸ਼ਰਾ ਵਿਰੁੱਧ ਮਾਮਲਾ ਦਰਜ ਕਰ ਉਸ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਸੀ।

ਇਸ ਦੇ ਚਲਦਿਆਂ ਹੀ ਅੱਜ ਕੋਰਟ ਵਿਚ ਵਿਸ਼ੇਸ਼ ਜਾਂਚ ਟੀਮ ਵਲੋਂ ਇਸ ਘਟਨਾ ਸਬੰਧੀ ਆਪਣਾ ਇਹ ਬਿਆਨ ਦਰਜ ਕਰਵਾਇਆ ਗਿਆ ਹੈ ਅਤੇ ਆਸ਼ੀਸ਼ ਮਿਸ਼ਰਾ ਵਿਰੁਸ਼ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਇਸ ਘਟਨਾ ਤੋਂ ਬਾਅਦ ਕਿਸਾਨਾਂ ਵਲੋਂ ਦੋਸ਼ੀਆਂ ਨੂੰ ਸਜ਼ਾ ਦਵਾਉਣ ਲਈ ਲਗਾਤਾਰ ਮੰਗ ਕੀਤੀ ਜਾ ਰਹੀ ਸੀ ਅਤੇ ਇਸ ਦੇ ਚਲਦਿਆਂ ਹੀ ਵਿਸ਼ੇਸ਼ ਜਾਂਚ ਟੀਮ ਵਲੋਂ ਆਪਣੀ ਰਿਪੋਰਟ ਪੇਸ਼ ਕੀਤੀ ਗਈ ਹੈ।