UP 'ਚ ਸਵਾਰੀਆਂ ਨਾਲ ਭਰੀ ਬੱਸ ਦੀ ਟਰੱਕ ਨਾਲ ਹੋਈ ਟੱਕਰ, 6 ਮੌਤਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਲੁਧਿਆਣਾ ਤੋਂ ਰਾਏਬਰੇਲੀ ਜਾ ਰਹੀ ਸੀ ਬੱਸ

photo

 

ਫ਼ਿਰੋਜ਼ਾਬਾਦ: ਉੱਤਰ ਪ੍ਰਦੇਸ਼ ਦੇ ਫ਼ਿਰੋਜ਼ਾਬਾਦ 'ਚ ਬੁੱਧਵਾਰ ਸਵੇਰੇ ਆਗਰਾ-ਲਖਨਊ ਐਕਸਪ੍ਰੈਸ 'ਤੇ ਇੱਕ ਨਿੱਜੀ ਸਲੀਪਰ ਬੱਸ ਦੀ ਟਰੱਕ ਨਾਲ ਟੱਕਰ ਹੋ ਗਈ। ਇਸ ਹਾਦਸੇ 'ਚ ਬੱਸ 'ਚ ਸਵਾਰ 6 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਦਕਿ 21 ਹੋਰ ਜ਼ਖਮੀ ਹੋਏ ਹਨ। ਸਾਰੇ ਜ਼ਖਮੀਆਂ ਨੂੰ ਤੁਰੰਤ ਸੈਫਈ ਮੈਡੀਕਲ ਕਾਲਜ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਇਹ ਦਰਦਨਾਕ ਹਾਦਸਾ ਨਗਲਾ ਖਾਂਗਰ ਇਲਾਕੇ 'ਚ ਵਾਪਰਿਆ।

ਜਾਣਕਾਰੀ ਮੁਤਾਬਕ ਸਲੀਪਰ ਬੱਸ ਲੁਧਿਆਣਾ ਤੋਂ ਰਾਏਬਰੇਲੀ ਜਾ ਰਹੀ ਸੀ। ਇਸ ਵਿੱਚ 50 ਯਾਤਰੀ ਸਵਾਰ ਸਨ। ਬੱਸ ਡਰਾਈਵਰ ਨੂੰ ਅਚਾਨਕ ਨੀਂਦ ਆ ਗਈ ਜਿਸ ਕਾਰਨ ਉਸ ਨੇ ਅੱਗੇ ਜਾ ਰਹੇ ਟਰੱਕ ਨੂੰ ਟੱਕਰ ਮਾਰ ਦਿੱਤੀ। ਹਾਦਸੇ ਤੋਂ ਬਾਅਦ ਉੱਥੇ ਮੌਜੂਦ ਲੋਕਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ। ਸੂਚਨਾ ਮਿਲਦੇ ਹੀ ਪੁਲਿਸ ਜ਼ਖਮੀਆਂ ਨੂੰ ਸੈਫਈ ਮੈਡੀਕਲ ਕਾਲਜ ਲੈ ਗਈ।

ਇਸ ਦੇ ਨਾਲ ਹੀ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਪੁਲਿਸ ਨੇ ਦੱਸਿਆ ਕਿ ਹਾਦਸਾ ਸਵੇਰੇ ਸਾਢੇ ਚਾਰ ਵਜੇ ਵਾਪਰਿਆ। ਮਾਮਲੇ ਦੀ ਜਾਂਚ ਅਜੇ ਜਾਰੀ ਹੈ। ਜ਼ਖਮੀਆਂ ਨਾਲ ਵੀ ਗੱਲਬਾਤ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਬੱਸ ਨੂੰ ਵੀ ਕਰੇਨ ਦੀ ਮਦਦ ਨਾਲ ਐਕਸਪ੍ਰੈਸ ਵੇਅ ਤੋਂ ਹਟਾਇਆ ਗਿਆ ਹੈ।