ਦੇਸ਼ਧ੍ਰੋਹ ਮਾਮਲੇ ਵਿਚ ਘਨਈਆ ਕੁਮਾਰ, ਹੋਰਾਂ ਵਿਰੁਧ ਦੋਸ਼ਪੱਤਰ ਦਾਖ਼ਲ
ਦਿੱਲੀ ਪੁਲਿਸ ਨੇ 2016 ਵਿਚ ਦਰਜ ਦੇਸ਼ਧ੍ਰੋਹ ਦੇ ਮਾਮਲੇ ਵਿਚ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿਦਿਆਰਥੀ ਸੰਘ ਦੇ ਸਾਬਕਾ ਪ੍ਰਧਾਨ ਘਨਈਆ ਕੁਮਾਰ.......
ਨਵੀਂ ਦਿੱਲੀ : ਦਿੱਲੀ ਪੁਲਿਸ ਨੇ 2016 ਵਿਚ ਦਰਜ ਦੇਸ਼ਧ੍ਰੋਹ ਦੇ ਮਾਮਲੇ ਵਿਚ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿਦਿਆਰਥੀ ਸੰਘ ਦੇ ਸਾਬਕਾ ਪ੍ਰਧਾਨ ਘਨਈਆ ਕੁਮਾਰ ਅਤੇ ਹੋਰਾਂ ਵਿਰੁਧ ਦੋਸ਼ ਪੱਤਰ ਦਾਖ਼ਲ ਕੀਤਾ ਹੈ। ਪੁਲਿਸ ਨੇ ਯੂਨੀਵਰਸਿਟੀ ਦੇ ਅਹਾਤੇ ਵਿਚ ਨੌਂ ਫ਼ਰਵਰੀ 2016 ਨੂੰ ਹੋਏ ਸਮਾਗਮ ਦੌਰਾਨ ਕਥਿਤ ਤੌਰ 'ਤੇ ਭਾਰਤ ਵਿਰੋਧੀ ਨਾਹਰੇ ਲਾਉਣ ਕਾਰਨ ਸਾਬਕਾ ਵਿਦਿਆਰਥੀਆਂ ਉਮਰ ਖਾਲਿਦ ਅਤੇ ਅਨਿਬਾਰਨ ਭੱਟਾਚਾਰੀਆ ਵਿਰੁਧ ਵੀ ਦੋਸ਼ਪੱਤਰ ਦਾਖ਼ਲ ਕੀਤਾ ਹੈ। ਇਹ ਪ੍ਰੋਗਰਾਮ ਸੰਸਦ 'ਤੇ ਹਮਲੇ ਦੇ ਮਾਮਲੇ ਦੇ ਮੁੱਖ ਸਾਜ਼ਸ਼ੀ ਅਫ਼ਜ਼ਲ ਗੁਰੂ ਨੂੰ ਫਾਂਸੀ ਦਿਤੇ ਜਾਣ ਦੀ ਬਰਸੀ ਮੌਕੇ ਕਰਵਾਇਆ ਗਿਆ ਸੀ।
ਮਾਮਲੇ ਵਿਚ ਕਸ਼ਮੀਰੀ ਵਿਦਿਆਰਥੀਆਂ ਆਕਿਬ ਹੁਸੈਨ, ਮੁਜੀਬ ਹੁਸੈਨ, ਮੁਨੀਬ ਹੁਸੈਨ, ਉਮਰ ਗੁਲ, ਰਈਆ ਰਸੂਲ, ਬਸ਼ੀਰ ਭੱਅ, ਬਸ਼ਰਤ ਵਿਰੁਧ ਵੀ ਦੋਸ਼ਪੱਤਰ ਦਾਖ਼ਲ ਕੀਤੇ ਗਏ ਹਨ। ਪੁਲਿਸ ਸੂਤਰਾਂ ਨੇ ਦਸਿਆ ਕਿ ਦੋਸ਼ਪੱਤਰ ਦੀ ਕਾਲਮ ਗਿਣਤੀ 12 ਵਿਚ ਸੀਪੀਆਈ ਦੇ ਨੇਤਾ ਡੀ ਰਾਜਾ ਦੀ ਪੁਤਰੀ ਅਪਰਾਜਿਤਾ, ਯੂਨੀਵਰਸਿਟੀ ਸੰਘ ਦੀ ਵੇਲੇ ਦੀ ਮੀਤ ਪ੍ਰਧਾਨ ਸ਼ਹਿਲਾ ਰਸ਼ਿਦ, ਰਾਮ ਨਾਗਾ, ਆਸ਼ੂਤੋਸ਼ ਕੁਮਾਰ ਅਤੇ ਬਨੋਜਯੋਤਸਨਾ ਲਾਹਿੜੀ ਸਮੇਤ 36 ਹੋਰਾਂ ਦੇ ਨਾਮ ਹਨ ਕਿਉਂਕਿ ਇਨ੍ਹਾਂ ਵਿਰੁਧ ਲੋੜੀਂਦੇ ਸਬੂਤ ਹਨ।
ਜੱਜ ਸੁਮਿਤ ਆਨੰਦ ਨੇ ਇਹ ਦੋਸ਼ਪੱਤਰ ਅਦਾਲਤ ਵਿਚ ਮੰਗਲਵਾਰ ਨੂੰ ਵਿਚਾਰ ਵਾਸਤੇ ਸੂਚੀਬੱਧ ਕੀਤਾ। ਇਨ੍ਹਾਂ ਵਿਰੁਧ ਦੇਸ਼ਧ੍ਰੋਹ, ਜਾਅਲਸਾਜ਼ੀ, ਫ਼ਰਜ਼ੀ ਦਸਤਾਵੇਜ਼ ਦੀ ਵਰਤੋਂ ਆਦਿ ਦੋਸ਼ਾਂ ਤਹਿਤ ਪਰਚੇ ਦਰਜ ਕੀਤੇ ਗਏ ਸਨ। ਦੋਸ਼ਪੱਤਰ ਵਿਚ ਸੀਸੀਟੀਵੀ ਦੇ ਫ਼ੁਟੇਜ, ਮੋਬਾਈਲ ਫ਼ੋਨ ਦੇ ਫ਼ੁਟੇਜ ਅਤੇ ਦਸਤਾਵੇਜ਼ੀ ਪ੍ਰਮਾਣ ਵੀ ਹਨ। ਪੁਲਿਸ ਦਾ ਦੋਸ਼ ਹੈ ਕਿ ਘਨਈਆ ਕੁਮਾਰ ਨੇ ਭੀੜ ਨੂੰ ਭਾਰਤ ਵਿਰੋਧੀ ਨਾਹਰੇ ਲਾਉਣ ਲਈ ਉਕਸਾਇਆ ਸੀ। (ਏਜੰਸੀ)