ਵਿਜੇ ਮਾਲਿਆ ਵਰਗਿਆਂ ਨੂੰ ਹੁਣ ਸਰਕਾਰ ਪਾਵੇਗੀ ਨੱਥ, ਹੁਣ ਨਹੀਂ ਭੱਜ ਸਕਣਗੇ ਵਿਦੇਸ਼  

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮੇਹੁਲ ਚੋਕਸੀ, ਨੀਰਵ ਮੋਦੀ, ਵਿਜੇ ਮਾਲਿਆ ਸਰਕਾਰ ਦੀ ਅੱਖਾਂ ਵਿਚ ਘੱਟਾ ਪਾ ਕੇ ਵਿਦੇਸ਼ ਭੱਜ ਗਏ ਪਰ ਹੁਣ ਕੋਈ ਨਵਾਂ ਮਾਲਿਆ, ਮੋਦੀ ਜਾਂ ਚੋਕਸੀ ਵਿਦੇਸ਼ ਨਹੀਂ ਭੱਜ ਸਕੇਗਾ...

Vijay Maliya with Nirav Modi

ਨਵੀਂ ਦਿੱਲੀ : ਮੇਹੁਲ ਚੋਕਸੀ, ਨੀਰਵ ਮੋਦੀ, ਵਿਜੇ ਮਾਲਿਆ ਸਰਕਾਰ ਦੀ ਅੱਖਾਂ ਵਿਚ ਘੱਟਾ ਪਾ ਕੇ ਵਿਦੇਸ਼ ਭੱਜ ਗਏ ਪਰ ਹੁਣ ਕੋਈ ਨਵਾਂ ਮਾਲਿਆ, ਮੋਦੀ ਜਾਂ ਚੋਕਸੀ ਵਿਦੇਸ਼ ਨਹੀਂ ਭੱਜ ਸਕੇਗਾ। ਵਿਦੇਸ਼ ਮੰਤਰਾਲਾ ਅਜਿਹੇ ਲੋਕਾਂ 'ਤੇ ਸ਼ਿਕੰਜਾ ਕੱਸਣ ਜਾ ਰਿਹਾ ਹੈ। ਲੋਨ ਡਿਫਾਲਟਰਾਂ ਦਾ ਡਾਟਾ ਈ ਪਾਸਪੋਰਟ ਵਿਚ  ਹੋਵੇਗਾ। ਇਸ ਡਾਟੇ ਨਾਲ ਛੇੜਛਾੜ ਵੀ ਸੰਭਵ ਨਹੀਂ ਹੋ ਸਕੇਗੀ। ਇਹ ਵਿਵਸਥਾ ਸਤੰਬਰ ਤੋਂ ਲਾਗੂ ਹੋਣ ਜਾ ਰਹੀ ਹੈ।

ਦੱਸ ਦੇਈਏ ਕਿ ਜੇਕਰ ਕਿਸੇ ‘ਤੇ ਜ਼ਿਆਦਾ ਲੋਨ ਆਦਿ ਬਕਾਇਆ ਹੈ ਤਾਂ ਵਿਦੇਸ਼ ਜਾਣ ਦੇ ਲਈ ਉਸ ਨੂੰ ਵਿਦੇਸ਼ ਮੰਤਰਾਲੇ ਤੋਂ ਆਗਿਆ ਲੈਣੀ ਹੋਵੇਗੀ। ਮਾਲਿਆ, ਚੋਕਸੀ ਆਦਿ ਦੇ ਵਿਦੇਸ਼ ਭੱਜਣ ਤੋਂ ਬਾਅਦ ਵਿਰੋਧੀ, ਸਰਕਾਰ 'ਤੇ ਹਮਲਾਵਰ ਹੋ ਗਿਆ ਤਾਂ ਸਰਕਾਰ ਨੇ ਉਨ੍ਹਾਂ 'ਤੇ ਸ਼ਿਕੰਜਾ ਕੱਸਿਆ, ਪਰ ਉਦੋਂ ਤੱਕ ਕਾਫੀ ਦੇਰ ਹੋ ਚੁੱਕੀ ਸੀ। ਭਵਿੱਖ ਵਿਚ ਸਰਕਾਰ ਕਟਹਿਰੇ ਵਿਚ ਨਾ ਖੜ੍ਹੀ ਹੋਵੇ, ਇਸ ਨੂੰ ਦੇਖਦੇ ਹੋਏ ਵਿਦੇਸ਼ ਮੰਤਰਾਲੇ ਨੇ ਨਵੀਂ ਨੀਤੀ ਤਿਆਰ ਕੀਤੀ ਹੈ।

ਸਾਲਾਂ ਤੋਂ ਈ-ਪਾਸਪੋਰਟ ਦੀ ਮੰਗ ਕੀਤੀ ਜਾ ਰਹੀ ਸੀ, ਜੋ ਇਸ ਮੁੱਦੇ ਦੇ ਕਾਰਨ ਹੁਣ ਲਾਗੂ ਕੀਤੀ ਜਾ ਰਹੀ ਹੈ। ਪਹਿਲਾਂ ਈ-ਪਾਸਪੋਰਟ ਸਿਰਫ਼ ਛੇੜਛਾੜ ਅਤੇ ਸੁਰੱਖਿਆ ਦੇ ਲਿਹਾਜ਼ ਨਾਲ ਜਾਰੀ ਕੀਤਾ ਜਾ ਰਿਹਾ ਸੀ ਪਰ ਹੁਣ ਇਸ ਦੇ ਕੁਝ ਨਿਯਮਾਂ ਵਿਚ ਹੋਰ ਬਦਲਾਅ ਹੋ ਰਿਹਾ ਹੈ। ਸੂਤਰਾਂ ਮੁਤਾਬਕ ਈ-ਪਾਸਪੋਰਟ ਨਾਲ ਸਬੰਧਤ ਵਿਅਤਕੀ ਦਾ ਪੂਰਾ ਡਾਟਾ ਬਾਇਓਮੈਟ੍ਰਿਕ ਹੋਵੇਗਾ।

ਇਸ ਵਿਚ ਪਾਸਪੋਰਟ ਦੌਰਾਨ ਲਗਾਏ ਗਏ ਸਾਰੇ ਡਾਕੂਮੈਂਟ ਦਿਖਣਗੇ। ਜਿੰਨੇ ਵੀ ਮੋਟੇ ਬਕਾਏਦਾਰ ਹਨ ਉਨ੍ਹਾਂ ਦਾ ਡਾਟਾ ਵੀ ਈ-ਪਾਸਪੋਰਟ ਵਿਚ ਬਕਾਇਦਾ ਸੇਵ ਕੀਤਾ ਜਾਵੇਗਾ।