ਮਰਦਮਸ਼ੁਮਾਰੀ ਦੌਰਾਨ ਵਖਰੇ ਤੌਰ 'ਤੇ ਹੋਵੇਗੀ ਗਿਣਤੀ ਤੇ ਵਖਰਾ ਮਿਲੇਗਾ ਕੋਡ
ਸਿੱਖਾਂ ਨੇ ਅਮਰੀਕੀ ਸਰਕਾਰ ਦੇ ਫ਼ੈਸਲੇ ਦਸਿਆ ਮੀਲ-ਪੱਥਰ
ਵਾਸ਼ਿੰਗਟਨ : ਅਮਰੀਕਾ ਵਿਚ ਪਹਿਲੀ ਵਾਰ ਸਿੱਖਾਂ ਦੀ ਗਿਣਤੀ 2020 ਦੀ ਮਰਦਮਸ਼ੁਮਾਰੀ ਵਿਚ ਵਖਰੇ ਜਾਤੀਗਤ ਸਮੂਹ ਵਜੋਂ ਕੀਤੀ ਜਾਵੇਗੀ। ਇਹ ਜਾਣਕਾਰੀ 'ਸਿੱਖ ਸੁਸਾਇਟੀ ਆਫ਼ ਸਾਨ ਡਿਉਗੋ' ਨਾਮਕ ਸਿੱਖ ਜਥੇਬੰਦੀ ਨੇ ਦਿਤੀ ਹੈ। ਜਥੇਬੰਦੀ ਦੇ ਮੁਖੀ ਬਲਜੀਤ ਸਿੰਘ ਨੇ ਇਸ ਫ਼ੈਸਲੇ ਨੂੰ ਮੀਲ ਦਾ ਪੱਥਰ ਕਰਾਰ ਦਿਤਾ ਹੈ।
ਉਨ੍ਹਾਂ ਕਿਹਾ, 'ਸਿੱਖਾਂ ਦੇ ਯਤਨਾਂ ਨੂੰ ਬੂਰ ਪਿਆ ਹੈ। ਇਸ ਫ਼ੈਸਲੇ ਨਾਲ ਕੌਮੀ ਪੱਧਰ 'ਤੇ ਨਾ ਸਿਰਫ਼ ਸਿੱਖਾਂ ਸਗੋਂ ਅਮਰੀਕਾ ਵਿਚਲੇ ਹੋਰ ਜਾਤੀਗਤ ਤਬਕਿਆਂ ਲਈ ਵੀ ਅਗਲਾ ਰਾਹ ਸਾਫ਼ ਹੋ ਗਿਆ ਹੈ।'
'ਯੂਨਾਈਟਿਡ ਸਿੱਖਜ਼' ਜਥੇਬੰਦੀ ਨੇ ਕਿਹਾ ਕਿ ਅਜਿਹਾ ਪਹਿਲੀ ਵਾਰ ਹੋਵੇਗਾ ਜਦ ਸਿੱਖਾਂ ਦੀ ਗਿਣਤੀ ਅਮਰੀਕਾ ਵਿਚ ਹਰ 10 ਸਾਲ ਮਗਰੋਂ ਹੋਣ ਵਾਲੀ ਮਰਦਮਸ਼ੁਮਾਰੀ ਵਿਚ ਕੀਤੀ ਜਾਵੇਗੀ ਅਤੇ ਉਸ ਨੂੰ ਬਾਕਾਇਦਾ ਦਰਜ ਕੀਤਾ ਜਾਵੇਗਾ।
ਇਸ ਜਥੇਬੰਦੀ ਦੇ ਵਫ਼ਦ ਨੇ ਹਾਲ ਹੀ ਵਿਚ ਸਬੰਧਤ ਸਰਕਾਰੀ ਧਿਰਾਂ ਨਾਲ ਕਈ ਬੈਠਕਾਂ ਕੀਤੀਆਂ ਸਨ ਅਤੇ ਆਖ਼ਰੀ ਬੈਠਕ ਸਾਨ ਡਿਊਗੋ ਵਿਚ ਛੇ ਜਨਵਰੀ ਨੂੰ ਹੋਈ ਸੀ।
'ਯੂਐਸ ਸੈਂਸਸ' ਦੇ ਉਪ ਨਿਰਦੇਸ਼ਕ ਰੋਨ ਜਾਰਮਿਨ ਨੇ ਕਿਹਾ, 'ਇਹ ਸਪੱਸ਼ਟ ਹੈ ਕਿ ਅਮਰੀਕਾ ਵਿਚ ਸਿੱਖਾਂ ਦੀ ਅਸਲ ਗਿਣਤੀ ਤੈਅ ਕਰਨ ਲਈ ਵਖਰੀ ਗਿਣਤੀ ਜ਼ਰੂਰੀ ਹੈ।'