ਬਾਜਵੇ ਨੇ ਖੋਲ੍ਹਿਆ ਕੈਪਟਨ ਖ਼ਿਲਾਫ ਮੋਰਚਾ, ਮੰਤਰੀਆਂ ਨੇ ਕਿਹਾ-ਹੋਵੇ ਅਨੁਸ਼ਾਸਨੀ ਕਾਰਵਾਈ

ਏਜੰਸੀ

ਖ਼ਬਰਾਂ, ਰਾਸ਼ਟਰੀ

ਮੰਤਰੀਆਂ ਨੇ ਬਾਜਵਾ 'ਤੇ ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੇ ਹੱਥਾਂ ਵਿੱਚ ਖੇਡਣ ਦਾ ਦੋਸ਼ ਲਾਇਆ

File Photo

ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖ਼ਿਲਾਫ਼ ਜਨਤਕ ਪੱਧਰ 'ਤੇ ਬਗਾਵਤ ਦਾ ਝੰਡਾ ਚੁੱਕਣ ਲਈ ਸੂਬੇ ਦੇ ਸਾਰੇ ਮੰਤਰੀਆਂ ਨੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਖ਼ਿਲਾਫ਼ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਤੋਂ ਅਨੁਸ਼ਾਸਨੀ ਕਾਰਵਾਈ ਦੀ ਮੰਗ ਕੀਤੀ ਹੈ। ਇਹ ਮਸਲਾ ਮੰਗਲਵਾਰ ਨੂੰ ਇੱਥੇ ਹੋਈ ਮੰਤਰੀ ਮੰਡਲ ਦੀ ਮੀਟਿੰਗ ਤੋਂ ਪਹਿਲਾਂ ਗੈਰ-ਰਸਮੀ ਗੱਲਬਾਤ ਦੌਰਾਨ ਵਿਚਾਰਿਆ ਗਿਆ।

ਇਸ ਦੌਰਾਨ ਮੰਤਰੀਆਂ ਅਤੇ ਕਾਂਗਰਸ ਪਾਰਟੀ ਦੇ ਸਾਰੇ ਸੀਨੀਅਰ ਆਗੂਆਂ ਨੇ ਬਾਜਵਾ  ਵਿਰੁਧ ਕਾਰਵਾਈ ਦੀ ਲੋੜ ਬਾਰੇ ਸਹਿਮਤੀ ਪ੍ਰਗਟਾਈ। ਉਨ੍ਹਾਂ ਕਿਹਾ ਕਿ ਪਾਰਟੀ ਮੰਚ 'ਤੇ ਆਪਣੇ ਵਿਚਾਰ ਰੱਖਣ ਦੀ ਕਈ ਵਾਰ ਬੇਨਤੀ ਕੀਤੇ ਜਾਣ ਦੇ ਬਾਵਜੂਦ ਬਾਜਵਾ ਮੀਡੀਆ ਅਤੇ ਹੋਰ ਥਾਵਾਂ 'ਤੇ ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੀ ਅਗਵਾਈ ਵਾਲੀ ਸਰਕਾਰ ਦੀ ਲਗਾਤਾਰ ਆਲੋਚਨਾ ਕਰਦੇ ਆ ਰਹੇ ਹਨ। ਸੰਸਦ ਮੈਂਬਰ ਵੱਲੋਂ ਸਰਕਾਰ ਦੀ ਅਗਵਾਈ ਵਿੱਚ ਬਦਲਾਅ ਦੀ ਮੰਗ ਨੂੰ ਘੋਰ ਅਨੁਸ਼ਾਸਨਹੀਣਤਾ ਕਰਾਰ ਦਿੰਦਿਆਂ ਮੰਤਰੀਆਂ ਨੇ ਪਾਰਟੀ ਲੀਡਰਸ਼ਿਪ ਤੋਂ ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ ਦੇ ਸਾਬਕਾ ਮੁਖੀ ਵਿਰੁਧ ਤੁਰੰਤ ਕਾਰਵਾਈ ਦੀ ਮੰਗ ਕੀਤੀ ਹੈ।

ਮੰਤਰੀਆਂ ਨੇ ਬਾਜਵਾ 'ਤੇ ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੇ ਹੱਥਾਂ ਵਿੱਚ ਖੇਡਣ ਦਾ ਦੋਸ਼ ਲਾਇਆ ਕਿਉਂਕਿ ਉਹ ਆਪਣੀ ਪਾਰਟੀ ਲੀਡਰਸ਼ਿਪ ਖ਼ਿਲਾਫ਼ ਬਗਾਵਤ ਦਾ ਝੰਡਾ ਉਠਾ ਰਹੇ ਹਨ ਖਾਸ ਤੌਰ 'ਤੇ ਜਦੋਂ ਪੂਰੀ ਵਿਰੋਧੀ ਧਿਰ ਖਿੰਡੀ ਹੋਈ ਹੈ ਜੋ ਸੂਬੇ ਵਿੱਚ ਕਾਂਗਰਸ ਨਾਲ ਕੋਈ ਚੁਣੌਤੀ ਨਹੀਂ ਹੈ। ਮੰਤਰੀਆਂ ਨੇ ਕਿਹਾ ਕਿ ਜੇ ਅਜਿਹੀ ਬਗ਼ਾਵਤ ਨੂੰ ਸ਼ੁਰੂ ਵਿਚ ਨਾ ਦਬਾਇਆ ਗਿਆ ਤਾਂ ਇਸ ਨਾਲ ਪੰਜਾਬ ਕਾਂਗਰਸ ਵਿੱਚ ਹੇਠਲੇ ਪੱਧਰ ਤੱਕ ਗਲਤ ਸੰਦੇਸ਼ ਜਾਵੇਗਾ ਅਤੇ ਸਥਿਤੀ ਨੂੰ ਕਮਜ਼ੋਰ ਕਰੇਗਾ।

ਸੀਨੀਅਰ ਆਗੂਆਂ ਨੇ ਕਿਹਾ ਕਿ ਕਾਂਗਰਸ ਪਾਰਟੀ ਜਮਹੂਰੀ ਸਿਧਾਂਤਾਂ ਵਾਲੀ ਪਾਰਟੀ ਹੈ ਅਤੇ ਹਰੇਕ ਮੈਂਬਰ ਨੂੰ ਆਪਣੀ ਗੱਲ ਰੱਖਣ ਦਾ ਹੱਕ ਹੈ ਪਰ ਜਨਤਕ ਤੌਰ 'ਤੇ ਵਿਚਾਰਾਂ ਦੇ ਵਖਰੇਵੇਂ ਦਾ ਪ੍ਰਗਟਾਵਾ ਅਤੇ ਇਕ ਸੀਨੀਅਰ ਆਗੂ ਦੇ ਅਜਿਹੇ ਬਿਆਨ ਪਾਰਟੀ ਦੇ ਹਿੱਤਾਂ ਲਈ ਨੁਕਸਾਨਦਾਇਕ ਹਨ। ਉਨ੍ਹਾਂ ਕਿਹਾ ਕਿ ਕਿਸੇ ਵੀ ਹਾਲਤ ਵਿੱਚ ਅਜਿਹਾ ਵਿਵਹਾਰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।

ਸ੍ਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਕਿਹਾ ਕਿ ਬਾਜਵਾ ਵਿਰੁੱਧ ਕਾਰਵਾਈ ਜ਼ਰੂਰੀ ਹੈ ਕਿਉਂਕਿ ਅਜਿਹਾ ਵਿਵਹਾਰ ਪਾਰਟੀ ਨੂੰ ਕਮਜ਼ੋਰ ਕਰੇਗਾ। ਸ੍ਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ, 'ਹਰ ਕਿਸੇ ਨੂੰ ਜੋ ਮਰਜ਼ੀ ਕਹਿ ਦੇਣ ਦੀ ਆਗਿਆ ਨਹੀਂ ਦੇ ਸਕਦੇ।' ਇਸੇ ਦੌਰਾਨ ਸ੍ਰੀ ਬ੍ਰਹਮ ਮਹਿੰਦਰਾ ਨੇ ਇੱਛਾ ਪ੍ਰਗਟਾਈ ਕਿ ਮੁੱਖ ਮੰਤਰੀ ਨੂੰ ਇਹ ਮੁੱਦਾ ਦਿੱਲੀ ਵਿਖੇ ਪਾਰਟੀ ਹਾਈ ਕਮਾਂਡ ਕੋਲ ਉਠਾਉਣ ਚਾਹੀਦਾ ਹੈ। ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਕਿਸੇ ਵੀ ਤਰ੍ਹਾਂ ਦੇ ਮਤਭੇਦ ਹਮੇਸ਼ਾ ਕਾਂਗਰਸ ਲਈ ਨੁਕਸਾਨਦਾਇਕ ਸਾਬਤ ਹੋਏ ਹਨ। ਉਨ੍ਹਾਂ ਕਿਹਾ, 'ਅਸੀਂ ਆਪਸੀ ਏਕੇ ਸਦਕਾ ਹੀ ਪੰਜਾਬ ਵਿੱਚ ਐਨੀਆਂ ਸੀਟਾਂ ਜਿੱਤਣ ਵਿੱਚ ਸਫ਼ਲ ਹੋਏ ਹਾਂ ਅਤੇ ਇਸ ਇਕਜੁੱਟਤਾ ਨੂੰ ਕਿਸੇ ਵੀ ਕੀਮਤ 'ਤੇ ਭੰਗ ਕਰਨ ਦੀ ਆਗਿਆ ਨਹੀਂ ਦਿਤੀ ਜਾ ਸਕਦੀ।' ਸ੍ਰੀ ਓਮ ਪ੍ਰਕਾਸ਼ ਸੋਨੀ, ਸ੍ਰੀ ਸਾਧੂ ਸਿੰਘ ਧਰਮਸੋਤ ਅਤੇ ਸ੍ਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਵੀ ਇਸ ਗੱਲ 'ਤੇ ਜ਼ੋਰ ਦਿਤਾ ਕਿ ਪ੍ਰਤਾਪ ਬਾਜਵਾ ਦੀਆਂ ਕਾਰਵਾਈਆਂ ਪਾਰਟੀ ਦਾ ਨੁਕਸਾਨ ਕਰ ਰਹੀਆਂ ਹਨ।

ਉਨ੍ਹਾਂ ਨੇ ਮਹਿਸੂਸ ਕੀਤਾ ਕਿ ਬਾਜਵਾ ਵਿਰੁਧ ਤੁਰੰਤ ਕਾਰਵਾਈ ਕੀਤੇ ਜਾਣ ਦੀ ਲੋੜ ਹੈ। ਮੰਤਰੀ ਮੰਡਲ ਦੇ ਹੋਰ ਮੈਂਬਰਾਂ ਅਰੁਨਾ ਚੌਧਰੀ, ਰਜ਼ੀਆ ਸੁਲਤਾਨਾ, ਸੁਖਜਿੰਦਰ ਸਿੰਘ ਰੰਧਾਵਾ, ਸੁਖਬਿੰਦਰ ਸਿੰਘ ਸਰਕਾਰੀਆ, ਗੁਰਪੀ੍ਰਤ ਸਿੰਘ ਕਾਂਗੜ, ਵਿਜੈ ਇੰਦਰ ਸਿੰਗਲਾ, ਸੁੰਦਰ ਸ਼ਾਮ ਅਰੋੜਾ ਅਤੇ ਭਾਰਤ ਭੂਸ਼ਣ ਆਸ਼ੂ ਨੇ ਵੀ ਇਸ ਮਾਮਲੇ ਵਿੱਚ ਪਾਰਟੀ ਹਾਈ ਕਮਾਂਡ ਦੇ ਤੁਰੰਤ ਦਖ਼ਲ ਦੀ ਮੰਗ ਸਬੰਧੀ ਆਪਣੇ ਸਾਥੀਆਂ ਨਾਲ ਸਹਿਮਤੀ ਜਤਾਈ।

 ਬਾਜਵਾ ਖ਼ਿਲਾਫ਼ ਕਾਰਵਾਈ ਦੀ ਮੰਗ ਉਨ੍ਹਾਂ ਦੀਆਂ ਤਾਜ਼ਾ ਟਿੱਪਣੀਆਂ ਦੇ ਬਾਅਦ ਆਈ ਹੈ, ਜਿਸ ਵਿੱਚ ਉਨ੍ਹਾਂ (ਬਾਜਵਾ) ਨੇ ਐਲਾਨ ਕੀਤਾ ਕਿ ਜਦੋਂ ਤੱਕ ਬੇਅਦਬੀ ਮਾਮਲਿਆਂ ਵਿੱਚ ਕਾਰਵਾਈ ਨਹੀਂ ਕੀਤੀ ਜਾਂਦੀ, ਉਹ ਦੂਜੇ ਕਾਰਜਕਾਲ ਲਈ ਕੈਪਟਨ ਅਮਰਿੰਦਰ ਦੀ ਅਗਵਾਈ ਦਾ ਸਮਰਥਨ ਨਹੀਂ ਕਰਨਗੇ। ਮੰਤਰੀਆਂ ਨੇ ਕਿਹਾ ਕਿ ਮੁੱਖ ਮੰਤਰੀ ਨੇ ਸ਼ੁਰੂ ਤੋਂ ਹੀ ਸਪੱਸ਼ਟ ਕਰ ਦਿੱਤਾ ਸੀ ਕਿ ਉਹ ਬੇਅਦਬੀ ਮਾਮਲਿਆਂ ਦੇ ਦੋਸ਼ੀਆਂ ਨੂੰ ਸ਼ਜ਼ਾ ਦਿਵਾਉਣ ਲਈ ਵਚਨਬੱਧ ਹਨ ਪਰ ਉਹ ਬਦਲੇ ਦੀ ਭਾਵਨਾ ਵਾਲੀ ਸਿਆਸਤ ਨਹੀਂ ਕਰਨਗੇ। ਉਨ੍ਹਾਂ ਜ਼ੋਰ ਦਿੱਤਾ ਕਿ ਬਾਜਵਾ ਦਾ ਸਟੈਂਡ ਬਦਲੇ ਦੀ ਭਾਵਨਾ ਤੋਂ ਪ੍ਰੇਰਿਤ ਹੈ ਜਿਸ ਲਈ ਕਾਂਗਰਸ ਜਿਹੀ ਪਾਰਟੀ ਵਿੱਚ ਕੋਈ ਥਾਂ ਨਹੀਂ।