ਕਿਸਾਨਾਂ ਦੀ ਪ੍ਰੈਸ ਕਾਨਫ਼ਰੰਸ ਦੀਆਂ ਅਹਿਮ ਗੱਲਾਂ, ਕਿਸਾਨ ਕਰ ਰਹੇ ਨੇ ਯੂਪੀ ਮਿਸ਼ਨ ਦੀ ਤਿਆਰੀ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਬਲਬੀਰ ਰਾਜੇਵਾਲ ਰਹੇ ਗ਼ੈਰ-ਹਾਜ਼ਿਰ, ਕਿਸਾਨ ਕਰ ਰਹੇ ਹਨ ਯੂਪੀ ਮਿਸ਼ਨ ਦੀ ਤਿਆਰੀ 

farmers press conference

 

ਨਵੀਂ ਦਿੱਲੀ (ਚਰਨਜੀਤ ਸਿੰਘ ਸੁਰਖ਼ਾਬ) - ਕਿਸਾਨ ਮੋਰਚਾ ਫਤਹਿ ਕਰਨ ਤੋਂ ਬਾਅਦ ਅੱਜ ਸਿੰਘੂ ਬਾਰਡਰ 'ਤੇ ਸੰਯੁਕਤ ਸਮਾਜ ਮੋਰਚੇ ਨੇ ਪਹਿਲੀ ਬੈਠਕ ਕੀਤੀ। ਜਿਸ ਦੌਰਾਨ ਉਹਨਾਂ ਨੇ ਕਈ ਅਹਿਮ ਫੈਸਲੇ ਲਏ। ਹਾਲਾਂਕਿ ਇਸ ਬੈਠਕ 'ਚ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਗ਼ੈਰ ਹਾਜ਼ਿਰ ਰਹੇ। ਇਸ ਬੈਠਕ ਦੌਰਾਨ ਸੰਯੁਕਤ ਕਿਸਾਨ ਮੋਰਚੇ ਨੇ ਫ਼ੈਸਲਾ ਲਿਆ ਕਿ ਸੰਯੁਕਤ ਸਮਾਜ ਮੋਰਚੇ ਅਧੀਨ ਚੋਣ ਲੜਨ ਵਾਲੀਆਂ ਜਥੇਬੰਦੀਆਂ ਨਾਲ ਕੋਈ ਰਿਸ਼ਤਾ ਨਹੀਂ ਰੱਖਿਆ ਜਾਵੇਗਾ। ਸੰਯੁਕਤ ਕਿਸਾਨ ਮੋਰਚੇ ਦੇ ਆਗੂ ਜੋਗਿੰਦਰ ਸਿੰਘ ਉਗਰਾਹਾਂ ਨੇ ਸਪੱਸ਼ਟ ਕਰਦੇ ਹੋਏ ਦੱਸਿਆ, "ਸੰਯੁਕਤ ਕਿਸਾਨ ਮੋਰਚਾ ਗ਼ੈਰ-ਸਿਆਸੀ ਹੋਣ ਕਰਕੇ ਹੀ ਸਫ਼ਲਤਾ ਹਾਸਿਲ ਕਰ ਸਕਿਆ ਹੈ ਤੇ ਹੁਣ ਜੋ ਵੀ ਕਿਸਾਨ ਜਥੇਬੰਦੀਆਂ ਵਿਧਾਨ ਸਭਾ ਚੋਣ ਲੜ ਰਹੀਆਂ ਹਨ ਉਨ੍ਹਾਂ ਨਾਲ ਮੋਰਚਾ ਕੋਈ ਰਿਸ਼ਤਾ ਨਹੀਂ ਰੱਖੇਗਾ।"

ਇਸ ਦੇ ਨਾਲ ਹੀ ਉਗਰਾਹਾਂ ਨੇ ਇਹ ਵੀ ਸਪਸ਼ਟ ਕੀਤਾ ਕਿ ਕਿਸਾਨ ਜਥੇਬੰਦੀਆਂ ਵੱਲੋਂ ਚੋਣ ਲੜਨ ਦੇ ਮਸਲੇ ਨੂੰ 4 ਮਹੀਨਿਆਂ ਬਾਅਦ ਕੀਤੀ ਜਾਣ ਵਾਲੀ ਬੈਠਕ ਵਿਚ ਵਿਚਾਰਿਆ ਜਾਵੇਗਾ ਕਿ ਚੋਣ ਲੜਨ ਵਾਲੀਆਂ ਜਥੇਬੰਦੀਆਂ ਨੂੰ ਸੰਯੁਕਤ ਕਿਸਾਨ ਮੋਰਚੇ ਦਾ ਹਿੱਸਾ ਬਣਾਉਣਾ ਹੈ ਜਾਂ ਨਹੀਂ ਪਰ 4 ਮਹੀਨੇ ਤੱਕ ਚੋਣ ਲੜਨ ਵਾਲੀ ਕਿਸੇ ਵੀ ਕਿਸਾਨ ਜਥੇਬੰਦੀ ਨਾਲ ਉਹਨਾਂ ਦਾ ਕੋਈ ਸਬੰਧ ਨਹੀਂ ਹੋਵੇਗਾ। ਇਸ ਦੌਰਾਨ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਵੱਲੋਂ ਐਲਾਨ ਕੀਤਾ ਗਿਆ ਕਿ ਸਰਕਾਰ ਵੱਲੋਂ ਕਿਸਾਨਾਂ ਨਾਲ ਕੀਤੇ ਗਏ ਵਾਅਦਿਆਂ ਨੂੰ ਅਮਲੀ ਜਾਮੇ ਦਾ ਰੂਪ ਨਹੀਂ ਦਿੱਤਾ ਗਿਆ

ਤੇ ਇਸ ਦੇ ਵਿਰੋਧ ਵਿਚ ਵਿੱਚ ਸੰਯੁਕਤ ਕਿਸਾਨ ਮੋਰਚੇ ਨੇ 31 ਜਨਵਰੀ ਨੂੰ ਵਾਅਦਾ ਖਿਲਾਫ਼ੀ ਦਿਵਸ ਮਨਾਉਣ ਦਾ ਐਲਾਨ ਕੀਤਾ ਹੈ। ਮੋਰਚੇ ਨੇ ਐਲਾਨ ਕੀਤਾ ਕਿ ਪੂਰੇ ਭਾਰਤ ਦੇਸ਼ ਵਿਚ ਇਸ ਦਿਨ ਜ਼ਿਲ੍ਹਾ ਹੈੱਡਕੁਆਟਰਾਂ ਦੇ ਸਾਹਮਣੇ ਅਰਥੀ ਫੂਕ ਮੁਜਾਹਰਾ ਕੀਤਾ ਜਾਵੇਗਾ। ਇਸਦੇ ਨਾਲ ਹੀ ਲਖੀਮਪੁਰ ਖੇੜੀ ਦੀ ਘਟਨਾ ਨੂੰ ਲੈ ਕੇ ਸਰਕਾਰ ਵੱਲੋਂ ਵਰਤੀ ਜਾ ਰਹੀ ਢਿੱਲ ਦੀ ਵੀ ਮੋਰਚੇ ਦੇ ਆਗੂਆਂ ਨੇ ਨਿਖੇਧੀ ਕੀਤੀ। ਰਾਕੇਸ਼ ਟਿਕੇਤ ਵੱਲੋਂ ਤਿੰਨ ਦਿਨਾਂ 'ਚ ਲਖੀਮਪੁਰ ਖੇੜੀ ਦੇ ਪੀੜਤਾਂ ਨਾਲ ਮੁਲਾਕਾਤ ਕੀਤੀ ਜਾਵੇਗੀ ਅਤੇ ਉਸ ਤੋਂ ਬਾਅਦ ਰਣਨੀਤੀ ਬਣਾ ਕੇ ਮਿਸ਼ਨ ਉੱਤਰ ਪ੍ਰਦੇਸ਼ ਸ਼ੁਰੂ ਕੀਤਾ ਜਾਵੇਗਾ।