Major Hoshiar Singh Bravery Story: ਪਰਮਵੀਰ ਚੱਕਰ ਜੇਤੂ ਮੇਜਰ ਹੁਸ਼ਿਆਰ ਸਿੰਘ ਦੀ ਤੀਜੀ ਪੀੜ੍ਹੀ ਵੀ ਦੇਸ਼ ਦੀ ਸੇਵਾ ਲਈ ਤਿਆਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਪਿੰਡ ਵਿਚੋਂ 1000 ਤੋਂ ਵੱਧ ਜਵਾਨ ਫੌਜ ਵਿਚ ਭਰਤੀ

Major Hoshiar Singh Bravery Story

Major Hoshiar Singh Bravery Story: ਹਰਿਆਣਾ ਦੇ ਇਕਲੌਤੇ ਪਰਮਵੀਰ ਚੱਕਰ ਜੇਤੂ ਮੇਜਰ ਹੁਸ਼ਿਆਰ ਸਿੰਘ ਦਾ ਪ੍ਰਵਾਰ ਅਤੇ ਪਿੰਡ ਦੇਸ਼ ਭਗਤੀ ਦੀ ਭਾਵਨਾ ਨਾਲ ਭਰਿਆ ਹੋਇਆ ਹੈ। ਪਿੰਡ ਵਾਸੀ ਦੱਸਦੇ ਹਨ ਕਿ ਜਦੋਂ ਹੁਸ਼ਿਆਰ ਸਿੰਘ 1971 ਦੀ ਭਾਰਤ-ਪਾਕਿ ਜੰਗ ਵਿਚ ਲੜ ਰਹੇ ਸੀ ਤਾਂ ਉਨ੍ਹਾਂ ਦੇ ਤਿੰਨ ਪੁੱਤਰਾਂ ਵਿਚੋਂ ਸੱਭ ਤੋਂ ਛੋਟਾ 4 ਮਹੀਨੇ ਦਾ ਸੀ, ਵਿਚਕਾਰਲਾ 2 ਸਾਲ ਦਾ ਅਤੇ ਵੱਡਾ 4 ਸਾਲ ਦਾ ਸੀ।

ਸੋਨੀਪਤ ਦੇ ਪਿੰਡ ਸਿਸਾਣਾ ਵਿਚ ਜਨਮੇ ਹੁਸ਼ਿਆਰ ਸਿੰਘ 31 ਮਈ 1988 ਨੂੰ ਕਰਨਲ ਦੇ ਅਹੁਦੇ ਨਾਲ ਸੇਵਾਮੁਕਤ ਹੋਏ। ਉਨ੍ਹਾਂ ਨੇ ਦੋ ਪੁੱਤਰਾਂ ਨੂੰ ਵੀ ਫ਼ੌਜ ਵਿਚ ਭੇਜਿਆ। 8 ਦਸੰਬਰ 1998 ਨੂੰ ਹੁਸ਼ਿਆਰ ਸਿੰਘ ਦੀ ਮੌਤ ਹੋ ਗਈ ਸੀ। ਉਨ੍ਹਾਂ ਨੇ ਪਿੰਡ ਦੇ ਨੌਜਵਾਨਾਂ ਨੂੰ ਫੌਜ ਵਿਚ ਭਰਤੀ ਹੋਣ ਲਈ ਵੀ ਪ੍ਰੇਰਿਤ ਕੀਤਾ। ਇਸ ਦੇ ਚਲਦਿਆਂ ਹੁਸ਼ਿਆਰ ਸਿੰਘ ਨੇ ਪਿੰਡ ਵਿੱਚ ਹੀ ਦੋ ਭਰਤੀ ਰੈਲੀਆਂ ਵੀ ਕੀਤੀਆਂ। ਪਿੰਡ ਵਿਚੋਂ 1000 ਤੋਂ ਵੱਧ ਜਵਾਨ ਫੌਜ ਵਿਚ ਭਰਤੀ ਹੋ ਚੁੱਕੇ ਹਨ। ਹੁਸ਼ਿਆਰ ਸਿੰਘ ਦੇ 2 ਪੁੱਤਰ ਫ਼ੌਜ ਵਿਚ ਸੇਵਾ ਕਰ ਰਹੇ ਹਨ ਜਦਕਿ ਹੁਣ ਉਨ੍ਹਾਂ ਦੀ ਤੀਜੀ ਪੀੜ੍ਹੀ ਵੀ ਦੇਸ਼ ਦੀ ਸੇਵਾ ਲਈ ਤਿਆਰ ਹੈ। ਹੁਸ਼ਿਆਰ ਸਿੰਘ ਦੇ ਪੁੱਤਰ ਕਰਨਲ ਸੁਸ਼ੀਲ ਕੁਮਾਰ ਨੇ ਦਸਿਆ ਕਿ ਉਨ੍ਹਾਂ ਨੂੰ ਪਿਤਾ ਤੋਂ ਫ਼ੌਜ ਵਿਚ ਭਰਤੀ ਹੋਣ ਦੀ ਪ੍ਰੇਰਨਾ ਮਿਲੀ ਸੀ।

ਸਿਸਾਣਾ ਪਿੰਡ ਵਿਚ ਤਿਰੰਗੇ ਹੇਠ ਲੱਗਿਆ ਹੁਸ਼ਿਆਰ ਸਿੰਘ ਦਾ ਬੁੱਤ ਅੱਜ ਵੀ ਉਨ੍ਹਾਂ ਦੀ ਬਹਾਦਰੀ ਦੀ ਕਹਾਣੀ ਬਿਆਨ ਕਰ ਰਿਹਾ ਹੈ। ਇਥੇ ਲਿਖਿਆ ਹੈ, '1971 ਦੀ ਭਾਰਤ-ਪਾਕਿਸਤਾਨ ਜੰਗ ਦੌਰਾਨ 3 ਗ੍ਰੇਨੇਡੀਅਰਾਂ ਦੀ ਬਟਾਲੀਅਨ ਨੂੰ ਸ਼ਕਰਗੜ੍ਹ ਸੈਕਟਰ ਵਿਚ ਬਸੰਤਰ ਨਦੀ ਦੇ ਪਾਰ ਪੁਲ 'ਤੇ ਮੋਰਚਾ ਲਗਾਉਣ ਦੀ ਜ਼ਿੰਮੇਵਾਰੀ ਦਿਤੀ ਗਈ ਸੀ। ਨਦੀ ਦੋਵੇਂ ਪਾਸਿਉਂ ਡੂੰਘੀਆਂ ਬਾਰੂਦੀ ਸੁਰੰਗਾਂ ਨਾਲ ਢੱਕੀ ਹੋਈ ਸੀ ਅਤੇ ਪਾਕਿਸਤਾਨ ਸੈਨਾ ਦੁਆਰਾ ਪਹਿਰਾ ਦਿਤਾ ਜਾ ਰਿਹਾ ਸੀ। ਕਮਾਂਡਰ 'ਸੀ' ਕੰਪਨੀ ਮੇਜਰ ਹੁਸ਼ਿਆਰ ਸਿੰਘ ਨੂੰ ਪਾਕਿਸਤਾਨ ਦੇ ਜਰਪਾਲ ਇਲਾਕੇ 'ਤੇ ਕਬਜ਼ਾ ਕਰਨ ਦਾ ਹੁਕਮ ਦਿਤਾ ਗਿਆ। ਉਨ੍ਹਾਂ ਨੇ ਪਾਕਿਸਤਾਨੀ ਫੌਜ ਦੇ ਹਮਲਿਆਂ ਨੂੰ ਨਾਕਾਮ ਕਰ ਦਿਤਾ। ਪਾਕਿਸਤਾਨੀ ਫ਼ੌਜ ਦੇ ਕਮਾਂਡਿੰਗ ਅਫਸਰ, 3 ਅਫਸਰਾਂ ਸਮੇਤ 90 ਜਵਾਨ ਮਾਰੇ ਗਏ।

ਉਨ੍ਹਾਂ ਨੂੰ ਬਹਾਦਰੀ ਲਈ ਪਰਮਵੀਰ ਚੱਕਰ ਨਾਲ ਸਨਮਾਨਿਤ ਕੀਤਾ ਗਿਆ ਸੀ। ਬਾਅਦ ਵਿਚ ਉਹ ਬ੍ਰਿਗੇਡੀਅਰ ਦੇ ਅਹੁਦੇ ਨਾਲ ਸੇਵਾਮੁਕਤ ਹੋਏ। ਹੁਸ਼ਿਆਰ ਸਿੰਘ ਬਾਰੇ ਕਿਹਾ ਜਾਂਦਾ ਹੈ ਕਿ ਉਨ੍ਹਾਂ ਨੂੰ ਜੰਗ ਵਿਚ ਕਈ ਗੋਲੀਆਂ ਲੱਗੀਆਂ ਸਨ। ਉਹ ਆਪ ਵੀ ਲਹੂ-ਲੁਹਾਣ ਹੋ ਗਏ, ਪਰ ਹਿੰਮਤ ਨਹੀਂ ਹਾਰੀ। ਜ਼ਖਮੀ ਹੋਣ ਦੇ ਬਾਵਜੂਦ, ਉਹ ਯੁੱਧ ਖਤਮ ਹੋਣ ਤੋਂ ਦੋ ਘੰਟੇ ਪਹਿਲਾਂ ਤਕ ਬਹਾਦਰੀ ਨਾਲ ਦੁਸ਼ਮਣ ਦੇ ਸਾਹਮਣੇ ਡਟੇ ਰਹੇ। ਉਹ ਅਪਣੇ ਸੈਨਿਕਾਂ ਦਾ ਹੌਸਲਾ ਵਧਾਉਂਦੇ ਰਹੇ ਅਤੇ ਉਨ੍ਹਾਂ ਨੂੰ ਬਹਾਦਰੀ ਨਾਲ ਅੱਗੇ ਵਧਣ ਲਈ ਪ੍ਰੇਰਿਤ ਕਰਦੇ ਰਹੇ।

(For more Punjabi news apart from Major Hoshiar Singh Bravery Story, stay tuned to Rozana Spokesman)