Madhya Pradesh: ਪ੍ਰੇਮੀ ਨਾਲ ਵਿਆਹ ਕਰਵਾਉਣ ’ਤੇ ਅੜੀ ਧੀ ਦਾ ਪਿਤਾ ਨੇ ਗੋਲੀਆਂ ਮਾਰ ਕੇ ਕੀਤਾ ਕਤਲ
Madhya Pradesh: ਪਿਤਾ ਨੇ ਫ਼ੌਜੀ ਨਾਲ ਕੀਤਾ ਸੀ ਰਿਸ਼ਤਾ ਪੱਕਾ, ਚਾਰ ਦਿਨ ਬਾਅਦ ਹੋਣਾ ਸੀ ਵਿਆਹ
Madhya Pradesh: ਮੱਧ ਪ੍ਰਦੇਸ਼ ਦੇ ਗਵਾਲੀਅਰ ਸ਼ਹਿਰ ਦੇ ਮਹਾਰਾਜ ਪੁਰਾ ਥਾਣਾ ਖੇਤਰ ਦੇ ਆਦਰਸ਼ ਨਗਰ ਵਿਚ ਇਕ ਪਿਤਾ ਨੇ ਅਪਣੀ ਧੀ ਦੀ ਗੋਲੀ ਮਾਰ ਕੇ ਹਤਿਆ ਕਰ ਦਿਤੀ। ਚਾਰ ਦਿਨਾਂ ਬਾਅਦ ਧੀ ਦਾ ਵਿਆਹ ਹੋਣਾ ਸੀ। ਪੁਲਿਸ ਸੂਤਰਾਂ ਮੁਤਾਬਕ ਆਦਰਸ਼ ਨਗਰ ਦੀ ਰਹਿਣ ਵਾਲੀ ਤਨੂ ਗੁਰਜਰ ਅਪਣੇ ਪ੍ਰੇਮੀ ਨਾਲ ਵਿਆਹ ਕਰਵਾਉਣ ’ਤੇ ਅੜੀ ਹੋਈ ਸੀ। ਉਥੇ ਹੀ ਪਿਤਾ ਨੇ ਸਮੁੰਦਰੀ ਫ਼ੌਜ ’ਚ ਤਾਇਨਾਤ ਇਕ ਨੌਜਵਾਨ ਨਾਲ ਉਸ ਦਾ ਰਿਸ਼ਤਾ ਤੈਅ ਕੀਤਾ ਸੀ। ਚਾਰ ਦਿਨਾਂ ਬਾਅਦ ਉਸ ਦਾ ਵਿਆਹ ਹੋਣਾ ਸੀ।
ਉਥੇ ਹੀ ਲੜਕੀ ਨਾਲ ਝਗੜੇ ਦੇ ਚਲਦੇ ਪੁਲਿਸ ਨੇ ਉਸ ਦੀ ਕੌਂਸਲਿੰਗ ਵੀ ਕੀਤੀ ਸੀ। ਨਾ ਮੰਨਣ ’ਤੇ ਗੁੱਸੇ ਵਿਚ ਪਿਤਾ ਮਹੇਸ਼ ਗੁਰਜਰ ਜੋ ਕਿ ਹਾਈਵੇ ’ਤੇ ਢਾਬਾ ਚਲਾਉਂਦਾ ਹੈ, ਨੇ ਬੀਤੀ ਰਾਤ ਅਪਣੇ ਚਚੇਰੇ ਭਰਾ ਨਾਲ ਮਿਲ ਕੇ ਤਨੂ ਦੇ ਚਾਰ ਗੋਲੀਆਂ ਮਾਰ ਦਿਤੀਆਂ, ਜਿਸ ਕਾਰਨ ਤਨੂ ਦੀ ਮੌਤ ਹੋ ਗਈ। ਬਾਅਦ ’ਚ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਪਿਤਾ ਮਹੇਸ਼ ਨੂੰ ਗ੍ਰਿਫ਼ਤਾਰ ਕਰ ਲਿਆ। ਇਸ ਦੌਰਾਨ ਉਸ ਦਾ ਚਚੇਰਾ ਭਰਾ ਰਾਹੁਲ ਅਜੇ ਫ਼ਰਾਰ ਹੈ। ਪੁਲਿਸ ਉਸ ਦੀ ਭਾਲ ਕਰ ਰਹੀ ਹੈ।