ਜੰਮੂ-ਕਸ਼ਮੀਰ 'ਚ ਹੁਣ ਦੇ ਸੱਭ ਤੋਂ ਵੱਡੇ ਆਤੰਕੀ ਹਮਲੇ 'ਚ  ਸੀ.ਆਰ.ਪੀ.ਐਫ਼. ਦੇ 40 ਜਵਾਨ ਸ਼ਹੀਦ

ਏਜੰਸੀ

ਖ਼ਬਰਾਂ, ਰਾਸ਼ਟਰੀ

ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ 'ਚ ਵੀਰਵਾਰ ਨੂੰ ਜੈਸ਼-ਏ-ਮੁਹੰਮਦ ਦੇ ਇਕ ਫ਼ਿਦਾਈਨ ਹਮਲੇ 'ਚ ਸੀ.ਆਰ.ਪੀ.ਐਫ਼. ਦੇ 40 ਜਵਾਨ ਸ਼ਹੀਦ ਹੋ ਗਏ.....

The biggest terrorist attack in Jammu and Kashmir

ਸ੍ਰੀਨਗਰ : ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ 'ਚ ਵੀਰਵਾਰ ਨੂੰ ਜੈਸ਼-ਏ-ਮੁਹੰਮਦ ਦੇ ਇਕ ਫ਼ਿਦਾਈਨ ਹਮਲੇ 'ਚ ਸੀ.ਆਰ.ਪੀ.ਐਫ਼. ਦੇ 40 ਜਵਾਨ ਸ਼ਹੀਦ ਹੋ ਗਏ। 
ਅਧਿਕਾਰੀਆਂ ਅਨੁਸਾਰ ਜੈਸ਼ ਦੇ ਅਤਿਵਾਦੀਆਂ ਨੇ ਧਮਾਕਾਖੇਜ਼ ਸਮੱਗਰੀ ਨਾਲ ਲੱਦੀ ਗੱਡੀ ਨਾਲ ਸੀ.ਆਰ.ਪੀ.ਐਫ਼. ਜਵਾਨਾਂ ਨੂੰ ਲੈ ਕੇ ਜਾ ਰਹੀ ਬੱਸ ਨੂੰ ਟੱਕਰ ਮਾਰ ਦਿਤੀ, ਜਿਸ 'ਚ ਘੱਟ ਤੋਂ ਘੱਟ 40 ਜਵਾਨ ਸ਼ਹੀਦ ਹੋ ਗਏ। ਇਹ 2016 'ਚ ਹੋਏ ਉੜੀ ਹਮਲੇ ਤੋਂ ਬਾਅਦ ਸੱਭ ਤੋਂ ਵੱਡਾ ਅਤਿਵਾਦੀ ਹਮਲਾ ਹੈ। ਕੇਂਦਰੀ ਰਿਜ਼ਰਵ ਪੁਲਿਸ ਬਲ ਦੇ 2500 ਤੋਂ ਜ਼ਿਆਦਾ ਮੁਲਾਜ਼ਮ 78 ਗੱਡੀਆਂ ਦੇ ਕਾਫ਼ਿਲੇ 'ਚ ਜਾ ਰਹੇ ਸਨ।

ਇਨ੍ਹਾਂ 'ਚੋਂ ਜ਼ਿਆਦਾਤਰ ਅਪਣੀਆਂ ਛੁੱਟੀਆਂ ਬਿਤਾਉਣ ਮਗਰੋਂ ਕੰਮ 'ਤੇ ਵਾਪਸ ਪਰਤ ਰਹੇ ਸਲ। ਜੰਮੂ-ਕਸ਼ਮੀਰ ਸ਼ਾਹਰਾਹ 'ਤੇ ਅਵੰਤੀਪੁਰਾ ਇਲਾਕੇ 'ਚ ਲਾਟੂਮੋਡ 'ਤੇ ਇਸ ਕਾਫ਼ਲੇ 'ਤੇ ਹਮਲਾ ਕੀਤਾ ਗਿਆ। ਪੁਲਿਸ ਨੇ ਆਤਮਘਾਤੀ ਹਮਲਾ ਕਰਨ ਵਾਲੀ ਗੱਡੀ ਨੂੰ ਚਲਾਉਣ ਵਾਲੇ ਅਤਿਵਾਦੀ ਦੀ ਪਛਾਣ ਪੁਲਵਾਮਾ ਦੇ ਕਾਕਾਪੋਰਾ 'ਚ ਰਹਿਣ ਵਾਲੇ ਅਦਿਲ ਅਹਿਮਦ ਵਜੋਂ ਕੀਤੀ ਹੈ। ਉਨ੍ਹਾਂ ਕਿਹਾ ਕਿ ਅਹਿਮਦ 2018 'ਚ ਜੈਸ਼-ਏ-ਮੁਹੰਮਦ 'ਚ ਸ਼ਾਮਲ ਹੋਇਆ ਸੀ। ਮਰਨ ਵਾਲਿਆਂ ਦੀ ਗਿਣਤੀ ਵੱਧ ਸਕਦੀ ਹੈ। ਉਨ੍ਹਾਂ ਕਿਹਾ ਕਿ ਅਤਿਵਾਦੀ ਜਥੇਬੰਦੀ ਨੇ ਇਸ ਘਟਨਾ ਦੀ ਜ਼ਿੰਮੇਵਾਰੀ ਲਈ ਹੈ।

ਇਹ ਹਮਲਾ ਸ੍ਰੀਨਗਰ ਤੋਂ ਲਗਭਗ 30 ਕਿਲੋਮੀਟਰ ਦੂਰ ਹੋਇਆ ਧਮਾਕੇ 'ਚ 20 ਤੋਂ ਜ਼ਿਆਦਾ ਲੋਕ ਜ਼ਖ਼ਮੀ ਹੋ ਗਏ। ਧਮਾਕਾ ਏਨਾ ਜ਼ਬਰਦਸਤ ਸੀ ਕਿ ਬੱਸ ਦੇ ਪਰਖੱਚੇ ਉਡ ਗਏ। ਸੀ.ਆਰ.ਪੀ.ਐਫ਼. ਦੇ ਡਾਇਰੈਕਟਰ ਜਨਰਲ ਆਰ.ਆਰ. ਭਟਨਾਗਰ ਨੇ ਕਿਹਾ, ''ਇਹ ਇਕ ਵਿਸ਼ਾਲ ਕਾਫ਼ਲਾ ਸੀ ਅਤੇ ਲਗਭਗ 2500 ਸੁਰੱਖਿਆ ਮੁਲਾਜ਼ਮ ਵੱਖੋ-ਵੱਖ ਗੱਡੀਆਂ 'ਚ ਜਾ ਰਹੇ ਸਨ। ਕਾਫ਼ਲੇ 'ਤੇ ਕੁੱਝ ਗੋਲੀਆਂ ਵੀ ਚਲਾਈਆਂ ਗਈਆਂ।'' ਇਹ ਕਾਫ਼ਲਾ ਜੰਮੂ ਤੋਂ ਤੜਕੇ ਸਾਢੇ ਤਿੰਨ ਵਜੇ ਚਲਿਆ ਸੀ ਅਤੇ ਇਸ ਨੇ ਸ਼ਾਮ ਤਕ ਸ੍ਰੀਨਗਰ ਪੁੱਜਣਾ ਸੀ।

ਅਧਿਕਾਰੀਆਂ ਨੇ ਕਿਹਾ ਕਿ ਵਾਦੀ 'ਚ ਪਰਤ ਰਹੇ ਮੁਲਾਜ਼ਮਾਂ ਦੀ ਗਿਣਤੀ ਜ਼ਿਆਦਾ ਸੀ ਕਿਉਂਕਿ ਹਾਈਵੇ 'ਤੇ ਪਿਛਲੇ ਦੋ-ਤਿੰਨ ਦਿਨਾਂ ਤੋਂ ਖ਼ਰਾਬ ਮੌਸਮ ਅਤੇ ਹੋਰ ਪ੍ਰਸ਼ਾਸਨਿਕ ਕਾਰਨਾਂ ਕਰ ਕੇ ਕੋਈ ਆਵਾਜਾਹੀ ਨਹੀਂ ਹੋ ਰਹੀ ਸੀ। ਆਮ ਤੌਰ 'ਤੇ ਕਾਫ਼ਲੇ 'ਚ ਲਗਭਗ 1000 ਮੁਲਾਜ਼ਮ ਚਲਦੇ  ਹਨ ਪਰ ਇਸ ਵਾਰੀ ਮੁਲਾਜ਼ਮਾਂ ਦੀ ਕੁਲ ਗਿਣਤੀ 2547 ਸੀ। ਅਧਿਕਾਰੀਆਂ ਨੇ ਕਿਹਾ ਕਿ ਸੜਕ 'ਤੇ ਮਾਰਗ ਨੂੰ ਪਰਖਣ ਲਈ ਇਕ ਟੀਮ ਨੂੰ ਤੈਨਾਤ ਕੀਤਾ ਗਿਆ ਸੀ ਅਤੇ ਕਾਫ਼ਲੇ 'ਚ ਅਤਿਵਾਦ ਵਿਰੋਧਕ ਬਖਤਰਬੰਦ ਗੱਡੀਆਂ ਮੌਜੂਦ ਸਨ। ਹਮਲੇ ਦੇ ਕੇਂਦਰ 'ਚ ਰਹੀ ਬੱਸ ਬਲ ਦੀ 76ਵੀਂ ਬਟਾਲੀਅਨ ਦੀ ਸੀ ਅਤੇ ਉਸ 'ਚ 39 ਮੁਲਾਜ਼ਮ ਸਵਾਰ ਸਨ। ਜੰਮੂ-ਕਸ਼ਮੀਰ ਪੁਲਿਸ ਨੇ ਮਾਮਲੇ ਦੀ ਜਾਂਚ ਅਪਣੇ ਹੱਥ 'ਚ ਲੈ ਲਈ ਹੈ। (ਪੀਟੀਆਈ)