ਮੋਦੀ ਜੀ, 56 ਇੰਚ ਦਾ ਸੀਨਾ ਆਖ਼ਰ ਕਦੋਂ ਜਵਾਬ ਦੇਵੇਗਾ? : ਕਾਂਗਰਸ

ਏਜੰਸੀ

ਖ਼ਬਰਾਂ, ਰਾਸ਼ਟਰੀ

ਕਾਂਗਰਸ ਨੇ ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ 'ਚ ਹੋਏ ਅਤਿਵਾਦੀ ਹਮਲੇ ਦੀ ਨਿੰਦਾ ਕਰਦਿਆਂ ਨਰਿੰਦਰ ਮੋਦੀ ਸਰਕਾਰ 'ਤੇ......

Randeep Surjewala (Congress)

ਨਵੀਂ ਦਿੱਲੀ : ਕਾਂਗਰਸ ਨੇ ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ 'ਚ ਹੋਏ ਅਤਿਵਾਦੀ ਹਮਲੇ ਦੀ ਨਿੰਦਾ ਕਰਦਿਆਂ ਨਰਿੰਦਰ ਮੋਦੀ ਸਰਕਾਰ 'ਤੇ ਕੌਮੀ ਸੁਰੱਖਿਆ ਨਾਲ ਸਮਝੌਤਾ ਕਰਨ ਦਾ ਦੋਸ਼ ਲਾਇਆ ਅਤੇ ਕਿਹਾ ਕਿ ਦੇਸ਼ ਜਵਾਬ ਮੰਗ ਰਿਹਾ ਹੈ ਕਿ ਆਖ਼ਰ 56 ਇੰਚ ਦਾ ਸੀਨਾ ਇਨ੍ਹਾਂ ਅਤਿਵਾਦੀਆਂ ਨੂੰ ਕਦੋਂ ਜਵਾਬ ਦੇਵੇਗਾ।
ਪਾਰਟੀ ਦੇ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਹਮਲੇ ਦੀ ਨਿੰਦਾ ਕਰਦਿਆਂ ਕਿਹਾ, ''ਮੋਦੀ ਸਰਕਾਰ 'ਚ ਇਹ 17ਵਾਂ ਵੱਡਾ ਅਤਿਵਾਦੀ ਹਮਲਾ ਹੈ। ਇਸ ਸਰਕਾਰ 'ਚ ਹਰ ਰੋਜ਼ ਸਾਡੇ ਜਵਾਨਾਂ 'ਤੇ ਹਮਲੇ ਹੋ ਰਹੇ ਹਨ। ਸ਼ਹੀਦ ਮਨਦੀਪ ਅਤੇ ਸ਼ਹੀਦ ਨਰਿਦਰ ਸਿੰਘ ਦਾ ਸਿਰ ਕੱਟ ਕੇ ਪਾਕਿਸਤਾਨੀ ਲੈ ਗਏ ਪਰ ਮੋਦੀ ਜੀ ਚੁਪ ਰਹੇ।

ਪੰਜ ਹਜ਼ਾਰ ਤੋਂ ਜ਼ਿਆਦਾ ਵਾਰੀ ਸਰਹੱਦ 'ਤੇ ਗੋਲੀਬੰਦੀ ਦੀ ਉਲੰਘਣਾ ਹੋਈ ਪਰ ਮੋਦੀ ਜੀ ਚੁਪ ਰਹੇ। 448 ਜਵਾਨ ਜੰਮੂ-ਕਸ਼ਮੀਰ 'ਚ ਅਤਿਵਾਦੀ ਹਮਲੇ 'ਚ ਸ਼ਹੀਦ ਹੋਏ, ਪਰ ਮੋਦੀ ਜੀ ਚੁਪ ਰਹੇ। ਵਾਰ ਵਾਰ ਹੋ ਰਹੇ ਅਤਿਵਾਦੀ ਹਮਲਿਆਂ 'ਤੇ ਨਾ ਮੋਦੀ ਸਰਕਾਰ ਕਾਬੂ ਕਰ ਸਕੀ ਹੈ ਅਤੇ ਨਾ ਹੀ ਪਾਕਿਸਤਾਨ ਨੂੰ 56 ਇੰਚ ਦਾ ਸੀਨਾ ਵਿਖਾ ਕੇ ਕੋਈ ਜਵਾਬ ਦੇ ਸਕੀ ਹੈ। ਅਸੀਂ ਮੋਦੀ ਜੀ ਤੋਂ ਪੁਛਣਾ ਚਾਹੁੰਦੇ ਹਾਂ ਕਿ 56 ਇੰਚ ਦਾ ਸੀਨਾ ਅਤਿਵਾਦੀ ਹਮਲਿਆਂ ਦਾ ਜਵਾਬ ਕਦੋਂ ਦੇਵੇਗਾ?'' ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਅਤਿਵਾਦੀ ਹਮਲੇ ਦੀ ਨਿੰਦਾ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਰੋਕਣ ਲਈ ਸਰਕਾਰ ਨੂੰ ਸਖ਼ਤ

ਕਦਮ ਚੁੱਕਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਸ਼ਹੀਦ ਪ੍ਰਵਾਰਾਂ ਦੇ ਪਿੱਛੇ ਨਾ ਸਿਰਫ਼ ਕਾਂਗਰਸ ਬਲਕਿ ਪੂਰਾ ਦੇਸ਼ ਖੜਿਆ ਹੈ। ਹਮਲੇ ਕਰ ਕੇ ਪ੍ਰਿਯੰਕਾ ਨੇ ਅਪਣੀ ਚਿਰਉਡੀਕਵੀਂ ਪ੍ਰੈੱਸ ਕਾਨਫ਼ਰੰਸ 'ਚ ਕੋਈ ਸਿਆਸੀ ਚਰਚਾ ਨਹੀਂ ਕੀਤੀ ਅਤੇ ਵਾਰਦਾਤ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇ ਕੇ ਚਲੀ ਗਈ। ਪਿਛਲੇ ਤਿੰਨ ਦਿਨਾਂ ਤੋਂ ਬੈਠਕਾਂ ਦੇ ਮੈਰਾਥਨ ਦੌਰ 'ਚ ਅਪਣੀ ਇੰਚਾਰਜੀ ਵਾਲੇ ਲੋਕ ਸਭਾ ਖੇਤਰਾਂ 'ਚ ਸੰਗਠਨ ਦੇ ਹਾਲਾਤ ਦਾ ਜਾਇਜ਼ਾ ਲੈ ਰਹੀ ਪ੍ਰਿਯੰਕਾ ਦੀ ਪ੍ਰੈੱਸ ਕਾਨਫ਼ਰੰਸ ਦੀ ਮੀਡੀਆ ਨੂੰ ਬੇਸਬਰੀ ਨਾਲ ਉਡੀਕ ਸੀ।

ਪ੍ਰਿਯੰਕਾ ਪ੍ਰੈੱਸ ਕਾਨਫ਼ਰੰਸ 'ਚ ਆਈ ਤਾਂ ਸਹੀ ਪਰ ਕਿਹਾ ਕਿ ਉਹ ਪੁਲਵਾਮਾ 'ਚ ਹੋਈ ਘਟਨਾ ਕਰ ਕੇ ਇਸ ਵੇਲੇ ਸਿਆਸੀ ਚਰਚਾ ਕਰਨਾ ਠੀਕ ਨਹੀਂ ਹੋਵੇਗਾ। 
ਕਾਂਗਰਸ ਦੇ ਸੀਨੀਅਰ ਆਗੂ ਅਤੇ ਸਾਬਕਾ ਗ੍ਰਹਿ ਮੰਤਰੀ ਸੁਸ਼ੀਲ ਕੁਮਾਰ ਸ਼ਿੰਦੇ ਨੇ ਹਮਲੇ ਦੀ ਨਿੰਦਾ ਕਰਦਿਆਂ ਦੋਸ਼ ਲਾਇਆ ਕਿ ਕੇਂਦਰ ਦੀ ਭਾਜਪਾ ਸਰਕਾਰ ਕਸ਼ਮੀਰ 'ਚ ਹਾਲਾਤ ਕਾਬੂ ਕਰਨ 'ਚ ਅਸਫ਼ਲ ਰਹੀ ਹੈ ਅਤੇ ਇਹ ਘਟਨਾ ਉਸ 'ਤੇ ਸਵਾਲੀਆ ਨਿਸ਼ਾਨ ਖੜਾ ਕਰਦੀ ਹੈ। ਉਨ੍ਹਾਂ ਕਿਹਾ, ''ਇਹ ਲੋਕ ਕਹਿੰਦੇ ਸਨ ਕਿ ਇਕ ਦੇ ਬਦਲੇ 10 ਸਿਰ ਲਿਅਵਾਂਗੇ। ਇਹ ਘਟਨਾ ਇਨ੍ਹਾਂ 'ਤੇ ਸਵਾਲੀਆ ਨਿਸ਼ਾਨ ਹੈ।''  (ਪੀਟੀਆਈ)