ਕੇਜਰੀਵਾਲ ਵਲੋਂ ਦਿਸ਼ਾ ਰਵੀ ਦੀ ਗ੍ਰਿਫ਼ਤਾਰੀ ਲੋਕਤੰਤਰ 'ਤੇ ਹਮਲਾ ਕਰਾਰ, ਕਹੀ ਵੱਡੀ ਗੱਲ

ਏਜੰਸੀ

ਖ਼ਬਰਾਂ, ਰਾਸ਼ਟਰੀ

ਕਿਹਾ, ਸਾਡੇ ਕਿਸਾਨਾਂ ਦੇ ਹੱਕ ਵਿਚ ਆਵਾਜ਼ ਉਠਾਉਣਾ ਕੋਈ ਅਪਰਾਧ ਨਹੀਂ ਹੈ

Arvind Kejriwal

ਨਵੀਂ ਦਿੱਲੀ : ਖੇਤੀ ਕਾਨੂੰਨਾਂ ਖਿਲਾਫ ਚੱਲ ਰਹੇ ਕਿਸਾਨੀ ਅੰਦੋਲਨ ਦਰਮਿਆਨ ਦਿੱਲੀ ਪੁਲਿਸ ਵਲੋਂ ਕਿਸਾਨਾਂ ਦੇ ਹੱਕ ਵਿਚ ਖੜਣ ਵਾਲੀਆਂ ਸ਼ਖਸੀਅਤਾਂ 'ਤੇ ਕਰੜੀ ਨਜ਼ਰ ਰੱਖੀ ਜਾ ਰਹੀ ਹੈ। ਇਸ ਦੌਰਾਨ ਦਿੱਲੀ ਪੁਲਿਸ ਵਲੋਂ 'ਟੂਲਕਿੱਟ' ਮਾਮਲੇ ਦੀ ਜਾਂਚ ਤਹਿਤ 21 ਸਾਲਾ ਵਾਤਾਵਰਣ ਪ੍ਰੇਮੀ ਦਿਸ਼ਾ ਰਵੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਨੂੰ ਲੈ ਕੇ ਵੱਖ-ਵੱਖ ਆਗੂਆਂ ਵਲੋਂ ਪ੍ਰਤੀਕਰਮ ਆ ਰਹੇ ਹਨ।

ਦਿੱਲੀ ਦੀ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਇਸ ਗ੍ਰਿਫਤਾਰੀ 'ਤੇ ਸਵਾਲ ਉਠਾਉਂਦਿਆਂ ਪੁਲਿਸ ਕਾਰਵਾਈ ਦੀ ਨਿੰਦਾ ਕੀਤੀ ਹੈ। ਇਸ ਸਬੰਧੀ ਸੋਮਵਾਰ ਨੂੰ ਜਾਰੀ ਕੀਤੇ ਟਵੀਟ ਵਿਚ ਮੁੱਖ ਮੰਤਰੀ ਨੇ ਲਿਖਿਆ ''21 ਸਾਲਾ ਦਿਸ਼ਾ ਰਵੀ ਦੀ ਗ੍ਰਿਫ਼ਤਾਰੀ ਲੋਕਤੰਤਰ 'ਤੇ ਵੱਡਾ ਹਮਲਾ ਹੈ। ਸਾਡੇ ਕਿਸਾਨਾਂ ਦਾ ਸਮਰਥਨ ਕਰਨਾ ਕੋਈ ਅਪਰਾਧ ਨਹੀਂ ਹੈ। ਬੈਂਗਲੁਰੂ ਤੋਂ ਗ੍ਰਿਫ਼ਤਾਰ ਹੋਈ ਦਿਸ਼ਾ ਰਵੀ ਫ਼ਿਲਹਾਲ ਨਿਆਇਕ ਹਿਰਾਸਤ 'ਚ ਹੈ।''

 

 

ਕਾਬਲੇਗੌਰ ਹੈ ਕਿ ਦਿਸ਼ਾ ਰਵੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਐਤਵਾਰ ਨੂੰ ਦਿੱਲੀ ਪੁਲਸ ਨੇ ਇਕ ਪ੍ਰੈੱਸ ਕਾਨਫਰੰਸ ਕੀਤੀ ਸੀ। ਪੁਲਿਸ ਮੁਤਾਬਕ ਇਸ ਟੂਲਕਿੱਟ ਮਾਮਲੇ ਰਾਹੀਂ ਭਾਰਤ 'ਚ ਖ਼ਾਲਿਸਤਾਨੀ ਗਤੀਵਿਧੀਆਂ ਨੂੰ ਫਿਰ ਤੋਂ ਜਿਊਂਦੇ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਸ ਤੋਂ ਇਲਾਵਾ ਉਨ੍ਹਾਂ ਨੂੰ ਦਿਸ਼ਾ ਦੇ ਖ਼ਾਲਿਸਤਾਨੀ ਸਮਰਥਕ ਪਾਈਟਿਕ ਜਸਟਿਸ ਫਾਊਂਡੇਸ਼ਨ ਨਾਲ ਦੇਸ਼-ਵਿਰੋਧੀ ਪ੍ਰਚਾਰ ਕਰਨ ਦੀ ਜਾਣਕਾਰੀ ਮਿਲੀ ਸੀ।

ਇਸ ਕਾਰਨ ਦਿਸ਼ਾ ਨੇ ਟੂਲਕਿੱਟ ਦਾ ਗੂਗਲ ਡਾਕਿਊਮੈਂਟ ਬਣਾਇਆ ਅਤੇ ਉਸ ਨੂੰ ਵਾਇਰਲ ਕੀਤਾ। ਦੂਜੇ ਪਾਸੇ ਦਿਸ਼ਾ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਟੂਲਕਿੱਟ ਦੀਆਂ 2 ਲਾਈਨਾਂ ਨੂੰ ਹੀ ਐਡਿਟ ਕੀਤਾ ਹੈ, ਜਦੋਂ ਕਿ ਪੁਲਿਸ ਦਾ ਮੰਨਣਾ ਹੈ ਕਿ ਕਈ ਵਾਰ ਇਸ ਨੂੰ ਐਡਿਟ ਕੀਤਾ ਗਿਆ। ਇਸੇ ਦੌਰਾਨ ਸੱਤਾਧਾਰੀ ਧਿਰ ਦੇ ਕੁੱਝ ਆਗੂ ਵੀ ਪੁਲਿਸ ਕਾਰਵਾਈ ਦੇ ਹੱਕ ਵਿਚ ਨਿਤਰ ਆਏ ਹਨ।

ਹਰਿਆਣਾ ’ਚ ਭਾਜਪਾ ਸਰਕਾਰ ’ਚ ਸਿਹਤ ਮੰਤਰੀ ਅਨਿਲ ਵਿਜ ਨੇ  ਦਿਸ਼ਾ ਰਵੀ ਮਾਮਲੇ ਵਿਚ ਵਿਵਾਦਿਤ ਬਿਆਨ ਦਿੰਦਿਆਂ ਕਿਹਾ ਹੈ ਕਿ ਦਿਸ਼ਾ ਰਵੀ ਹੋਵੇ ਜਾਂ ਕੋਈ ਹੋਰ, ਉਸ ਦਾ ਨਾਸ਼ ਕਰ ਦੇਣਾ ਚਾਹੀਦਾ ਹੈ। ਵਿਜ ਨੇ ਟਵੀਟ ਕਰ ਕੇ ਕਿਹਾ ਕਿ ਦੇਸ਼ ਵਿਰੋਧ ਦਾ ਬੀਜ ਜਿਸ ਦੇ ਵੀ ਦਿਮਾਗ ਵਿਚ ਹੋਵੇ, ਉਸ ਦਾ ਨਾਸ਼ ਕਰ ਦੇਣਾ ਚਾਹੀਦਾ ਹੈ, ਫਿਰ ਚਾਹੇ ਉਹ ਦਿਸ਼ਾ ਰਵੀ ਹੋਵੇ ਜਾਂ ਕੋਈ ਹੋਰ।