ਜਨਵਰੀ ਵਿਚ ਥੋਕ ਮਹਿੰਗਾਈ ਵੱਧ ਕੇ 2.03 ਫ਼ੀ ਸਦੀ ਹੋਈ
ਜਨਵਰੀ ਵਿਚ ਖਾਧ ਪਦਾਰਥਾਂ ਦੀਆਂ ਕੀਮਤਾਂ ਵਿਚ ਨਰਮੀ ਆਈ
ਨਵੀਂ ਦਿੱਲੀ : ਖਾਧ ਪਦਾਰਥਾਂ ਦੀਆਂ ਕੀਮਤਾਂ ਵਿਚ ਨਰਮੀ ਤੋਂ ਬਾਅਦ ਵੀ ਥੋਕ ਮੁੱਲ ਆਧਾਰਤ ਮਹਿੰਗਾਈ ਜਨਵਰੀ 2021 ਵਿਚ ਵੱਧ ਕੇ 2.03 ਫ਼ੀ ਸਦੀ ਹੋ ਗਈ। ਇਸ ਦਾ ਮੁੱਖ ਕਾਰਨ ਵੱਖ ਵੱਖ ਵਸਤੂਆਂ ਦੀਆਂ ਕੀਮਤਾਂ ਵਿਚ ਤੇਜ਼ੀ ਆਉਣਾ ਹੈ।
ਤਾਜ਼ਾ ਅੰਕੜਿਆਂ ਵਿਚ ਇਸ ਦੀ ਜਾਣਕਾਰੀ ਦਿਤੀ ਗਈ। ਵਣਜ ਅਤੇ ਉਦਯੋਗ ਮੰਤਰਾਲੇ ਦੇ ਅੰਕੜਿਆਂ ਅਨੁਸਾਰ, ਜਨਵਰੀ ਵਿਚ ਖਾਧ ਪਦਾਰਥਾਂ ਦੀਆਂ ਕੀਮਤਾਂ ਵਿਚ ਨਰਮੀ ਆਈ। ਹਾਲਾਂਕਿ ਉਤਪਾਦਤ ਵਸਤੂਆਂ ਦੀ ਕੀਮਤ ਵਿਚ ਵਾਧਾ ਹੋਇਆ। ਥੋਕ (ਡਬਲਿਊ.ਪੀ.ਆਈ.) ਮਹਿੰਗਾਈ ਇਸ ਤੋਂ ਪਹਿਲਾਂ ਦਸੰਬਰ 2020 ਵਿਚ 1.22 ਫ਼ੀ ਸਦੀ ਅਤੇ ਜਨਵਰੀ 2020 ਵਿਚ 3.52 ਫ਼ੀ ਸਦੀ ਸੀ।
ਅੰਕੜਿਆਂ ਅਨੁਸਾਰ ਖਾਧ ਪਦਾਰਥਾਂ ਦੀ ਥੋਕ ਮਹਿੰਗਾਈ ਜਨਵਰੀ 2021 ਵਿਚ ਸਿਫ਼ਰ ਤੋਂ 2.8 ਫ਼ੀ ਸਦੀ ਹੇਠਾਂ ਰਹੀ। ਇਹ ਇਕ ਮਹੀਨੇ ਪਹਿਲਾਂ ਦਸੰਬਰ 2020 ਵਿਚ ਸਿਫ਼ਰ ਤੋਂ 1.11 ਫ਼ੀ ਸਦੀ ਹੇਠਾਂ ਸੀ।
ਇਸ ਦੌਰਾਨ ਸਬਜ਼ੀਆਂ ਦੀ ਥੋਕ ਮਹਿੰਗਾਈ ਸਿਫ਼ਰ ਤੋਂ 20.82 ਫ਼ੀ ਹੇਠਾਂ ਅਤੇ ਤੇਲ ਅਤੇ ਬਿਜਲੀ ਦੀ ਮਹਿੰਗਾਈ ਸਿਫ਼ਰ ਤੋਂ 4.78 ਫ਼ੀ ਸਦੀ ਹੇਠਾਂ ਰਹੀ। ਹਾਲਾਂਕਿ ਆਲੂ ਦੀ ਥੋਕ ਮਹਿੰਗਾਈ ਇਸ ਦੌਰਾਨ 22.04 ਫ਼ੀ ਸਦੀ ਰਹੀ।