ਸਾਬਕਾ ਕਾਨੂੰਨ ਮੰਤਰੀ ਅਸ਼ਵਨੀ ਕੁਮਾਰ ਨੇ ਛੱਡੀ ਕਾਂਗਰਸ, ਸੋਨੀਆ ਗਾਂਧੀ ਨੂੰ ਸੌੰਪਿਆ ਅਸਤੀਫ਼ਾ
ਕਿਹਾ, ਕਾਂਗਰਸ ਤੋਂ ਬਾਹਰ ਰਹਿ ਕੇ ਦੇਸ਼ ਹਿੱਤ ਦੀ ਬਿਹਤਰ ਸੇਵਾ ਕਰ ਸਕਦਾ ਹਾਂ
ਨਵੀਂ ਦਿੱਲੀ : ਵਿਧਾਨ ਸਭਾ ਚੋਣਾਂ 2022 ਦੇ ਵਿਚਕਾਰ ਕਾਂਗਰਸ ਦੇ ਇੱਕ ਸੀਨੀਅਰ ਆਗੂ ਨੇ ਪਾਰਟੀ ਦਾ ਸਾਥ ਛੱਡ ਦਿੱਤੋ ਹੈ। ਜਾਣਕਾਰੀ ਅਨੁਸਾਰ ਸਾਬਕਾ ਕੇਂਦਰੀ ਕਾਨੂੰਨ ਮੰਤਰੀ ਅਸ਼ਵਨੀ ਕੁਮਾਰ ਨੇ ਕਾਂਗਰਸ ਪਾਰਟੀ ਤੋਂ ਅਸਤੀਫ਼ਾ ਦੇ ਦਿੱਤਾ ਹੈ।
ਕੁਮਾਰ ਨੇ ਪਾਰਟੀ ਤੋਂ ਅਸਤੀਫਾ ਦੇ ਕੇ ਕਾਂਗਰਸ ਨਾਲ ਆਪਣੇ ਦਹਾਕਿਆਂ ਪੁਰਾਣੇ ਰਿਸ਼ਤੇ ਨੂੰ ਖ਼ਤਮ ਕਰ ਲਿਆ ਹੈ। ਦੱਸ ਦੇਈਏ ਕਿ ਸਾਬਕਾ ਕੇਂਦਰੀ ਮੰਤਰੀ ਕੁਮਾਰ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਆਪਣਾ ਅਸਤੀਫ਼ਾ ਸੌੰਪਿਆ ਹੈ । ਉਨ੍ਹਾਂ ਕਿਹਾ ਕਿ ਉਹ ਕਾਂਗਰਸ ਤੋਂ ਬਾਹਰ ਰਹਿ ਕੇ ਦੇਸ਼ ਹਿੱਤ ਦੀ ਬਿਹਤਰ ਸੇਵਾ ਕਰ ਸਕਦੇ ਹਨ।
ਇਸ ਤੋਂ ਇਲਾਵਾ ਉਨ੍ਹਾਂ ਪਾਰਟੀ ਦਾ ਧੰਨਵਾਦ ਵੀ ਕੀਤਾ ਹੈ। ਅਸ਼ਵਨੀ ਕੁਮਾਰ ਨੇ ਆਪਣੇ ਅਸਤੀਫ਼ੇ ਵਿਚ ਲਿਖਿਆ ਹੈ ਕਿ 'ਮਾਮਲੇ 'ਤੇ ਵਿਚਾਰ ਕਰਨ ਤੋਂ ਬਾਅਦ ਮੈਂ ਇਹ ਸਿੱਟਾ ਕੱਢਿਆ ਹੈ ਕਿ ਮੌਜੂਦਾ ਹਾਲਾਤ ਅਤੇ ਆਪਣੀ ਮਰਿਆਦਾ ਅਨੁਸਾਰ ਮੈਂ ਪਾਰਟੀ ਦੇ ਦਾਇਰੇ ਤੋਂ ਬਾਹਰ ਰਹਿ ਕੇ ਕੌਮੀ ਮੁੱਦਿਆਂ ਨੂੰ ਬਿਹਤਰ ਢੰਗ ਨਾਲ ਪੂਰਾ ਕਰ ਸਕਦਾ ਹਾਂ।'
ਉਨ੍ਹਾਂ ਅੱਗੇ ਕਿਹਾ ਕਿ 46 ਸਾਲ ਪਾਰਟੀ ਨਾਲ ਜੁੜੇ ਰਹਿਣ ਤੋਂ ਬਾਅਦ ਉਹ ਇਸ ਉਮੀਦ ਨਾਲ ਪਾਰਟੀ ਛੱਡ ਰਹੇ ਹਨ ਕਿ ਉਹ ਆਜ਼ਾਦੀ ਸੰਗਰਾਮ ਵੱਲੋਂ ਕੀਤੇ ਗਏ ਲੋਕਤੰਤਰ ਦੇ ਵਾਅਦੇ ਨੂੰ ਪੂਰਾ ਕਰਨ ਲਈ ਸਰਗਰਮੀ ਨਾਲ ਅੱਗੇ ਵਧਦੇ ਰਹਿਣਗੇ।