ਕਰਨਾਟਕ: ਕਈ ਵਿਦਿਆਰਥਣਾਂ ਨੇ ਛੱਡੀ ਪ੍ਰੀਖਿਆ, ਕਿਹਾ- ਇਮਤਿਹਾਨ ਤੋਂ ਜ਼ਿਆਦਾ ਜ਼ਰੂਰੀ ਹਿਜਾਬ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਰਨਾਟਕ ਦੇ ਸਕੂਲ ਦੇ ਕਲਾਸ ਰੂਮ ਵਿੱਚ ਹਿਜਾਬ ਪਹਿਨਣ ਦਾ ਮਾਮਲਾ ਅਜੇ ਰੁਕਦਾ ਨਜ਼ਰ ਨਹੀਂ ਆ ਰਿਹਾ ਹੈ

photo

 

 ਨਵੀਂ ਦਿੱਲੀ : ਕਰਨਾਟਕ ਦੇ ਸਕੂਲ ਦੇ ਕਲਾਸ ਰੂਮ ਵਿੱਚ ਹਿਜਾਬ ਪਹਿਨਣ ਦਾ ਮਾਮਲਾ ਅਜੇ ਰੁਕਦਾ ਨਜ਼ਰ ਨਹੀਂ ਆ ਰਿਹਾ ਹੈ। ਵਿਦਿਆਰਥੀ ਅਤੇ ਮਾਪੇ ਹਿਜਾਬ ਪਹਿਨਣ ਦੀ ਮੰਗ 'ਤੇ ਅੜੇ ਹੋਏ ਹਨ, ਜਦੋਂ ਕਿ ਹਾਈਕੋਰਟ ਨੇ ਹੁਕਮ ਆਉਣ ਤੱਕ ਵਿਦਿਅਕ ਅਦਾਰਿਆਂ 'ਚ ਧਾਰਮਿਕ ਪਛਾਣ ਵਾਲੇ ਕੱਪੜੇ ਪਹਿਨਣ 'ਤੇ ਪਾਬੰਦੀ ਲਗਾ ਦਿੱਤੀ ਹੈ।

 

ਅਜਿਹੇ 'ਚ ਹੁਣ ਬੱਚਿਆਂ ਨੂੰ ਪੜ੍ਹਾਈ ਦਾ ਨੁਕਸਾਨ ਝੱਲਣਾ ਪੈ ਰਿਹਾ ਹੈ। ਤਣਾਅ ਕਾਰਨ ਪਿਛਲੇ ਹਫ਼ਤੇ ਸਕੂਲ-ਕਾਲਜ ਪਹਿਲਾਂ ਹੀ ਬੰਦ ਕਰ ਦਿੱਤੇ ਗਏ ਹਨ ਅਤੇ ਹੁਣ 10ਵੀਂ ਜਮਾਤ ਤੱਕ ਸਕੂਲ ਖੁੱਲ੍ਹਣ ਤੋਂ ਬਾਅਦ ਵੀ ਹਿਜਾਬ ਨੂੰ ਲੈ ਕੇ ਵਿਦਿਆਰਥਣਾਂ ਅਤੇ ਸਕੂਲ ਟਕਰਾਅ ਵੇਖਣ ਨੂੰ ਮਿਲ ਰਿਹਾ ਹੈ। ਕਰਨਾਟਕ ਪਬਲਿਕ ਸਕੂਲ, ਸ਼ਿਵਮੋਗਾ ਵਿੱਚ ਅੱਜ (ਮੰਗਲਵਾਰ) ਭਾਵ 15 ਫਰਵਰੀ ਤੋਂ 10ਵੀਂ ਜਮਾਤ ਲਈ ਤਿਆਰੀ ਪ੍ਰੀਖਿਆਵਾਂ ਹੋਣੀਆਂ ਸਨ। ਲੜਕੀਆਂ ਹਿਜਾਬ ਪਾ ਕੇ ਪ੍ਰੀਖਿਆ ਦੇਣ ਆਈਆਂ ਸਨ, ਜਿਸ 'ਤੇ ਉਨ੍ਹਾਂ ਨੂੰ ਸਕੂਲ 'ਚ ਦਾਖਲਾ ਨਹੀਂ ਦਿੱਤਾ ਗਿਆ। ਅਜਿਹੇ 'ਚ ਵਿਦਿਆਰਥਣਾਂ ਨੇ ਖੁਦ ਪ੍ਰੀਖਿਆ ਛੱਡ ਦਿੱਤੀ।

 

ਇੱਕ ਵਿਦਿਆਰਥਣ ਨੇ ਦੱਸਿਆ ਕਿ ਸਕੂਲ ਵਿੱਚ ਦਾਖ਼ਲ ਹੋਣ ਤੋਂ ਪਹਿਲਾਂ ਉਸ ਨੂੰ ਹਿਜਾਬ ਉਤਾਰਨ ਲਈ ਕਿਹਾ ਗਿਆ ਸੀ। ਉਹ ਅਜਿਹਾ ਨਹੀਂ ਕਰ ਸਕਦੀ ਸੀ ਇਸ ਲਈ ਉਸਨੇ ਪ੍ਰੀਖਿਆ ਦੇਣ ਤੋਂ ਇਨਕਾਰ ਕਰ ਦਿੱਤਾ। ਕਈ ਵਿਦਿਆਰਥਣਾਂ ਨੇ ਪ੍ਰੀਖਿਆ ਛੱਡ ਦਿੱਤੀ ਅਤੇ ਕਿਹਾ ਕਿ ਉਹ ਪ੍ਰੀਖਿਆ ਛੱਡ ਸਕਦੀਆਂ ਹਨ ਪਰ ਹਿਜਾਬ ਨਹੀਂ।

 

 

ਉਡੁਪੀ ਜ਼ਿਲੇ ਦੇ ਪਰਿਕਨਗਰ 'ਚ ਸਰਕਾਰੀ ਉਰਦੂ ਸਕੂਲ ਦੀ ਇਕ ਵਿਦਿਆਰਥਣ ਦੇ ਮਾਪਿਆਂ ਨੇ ਦੱਸਿਆ ਕਿ ਜਦੋਂ ਤੋਂ ਸਕੂਲਾਂ 'ਚ ਹਿਜਾਬ 'ਤੇ ਪਾਬੰਦੀ ਲੱਗੀ ਹੈ, ਉਨ੍ਹਾਂ ਨੇ ਆਪਣੀ ਬੇਟੀ ਨੂੰ ਸਕੂਲ ਭੇਜਣਾ ਬੰਦ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਾਡੇ ਪਰਿਵਾਰ ਦੇ ਕਈ ਲੋਕ ਇਸ ਸਕੂਲ ਵਿੱਚ ਹਿਜਾਬ ਪਹਿਨ ਕੇ ਪੜ੍ਹੇ ਹਨ। ਹੁਣ ਨਿਯਮਾਂ ਵਿੱਚ ਅਚਾਨਕ ਤਬਦੀਲੀ ਕਿਵੇਂ ਹੋ ਸਕਦੀ ਹੈ?