ADR Report: 2022-23 ’ਚ ਕੌਮੀ ਪਾਰਟੀਆਂ ਨੂੰ ਮਿਲੇ ਚੰਦੇ ਦਾ 90% (720 ਕਰੋੜ) ਭਾਜਪਾ ਨੂੰ ਮਿਲਿਆ
4 ਪਾਰਟੀਆਂ ਨੂੰ ਮਿਲੇ ਚੰਦੇ ਨਾਲੋਂ 5 ਗੁਣਾ ਜ਼ਿਆਦਾ ਹੈ ਇਹ ਰਕਮ
ADR Report: ਭਾਰਤੀ ਜਨਤਾ ਪਾਰਟੀ (ਭਾਜਪਾ) ਨੇ 2022-23 ਵਿਚ ਲਗਭਗ 720 ਕਰੋੜ ਰੁਪਏ ਦੇ ਚੰਦੇ ਪ੍ਰਾਪਤ ਕੀਤੇ ਹਨ, ਜੋ ਕਿ ਚਾਰ ਹੋਰ ਰਾਸ਼ਟਰੀ ਪਾਰਟੀਆਂ - ਕਾਂਗਰਸ, ਆਮ ਆਦਮੀ ਪਾਰਟੀ (ਆਪ), ਭਾਰਤੀ ਕਮਿਊਨਿਸਟ ਪਾਰਟੀ-ਮਾਰਕਸਵਾਦੀ (ਸੀਪੀਆਈ-ਐਮ) ਅਤੇ ਨੈਸ਼ਨਲ ਪੀਪਲਜ਼ ਪਾਰਟੀ (ਐਨ.ਪੀ.ਪੀ.) ਨੂੰ ਮਿਲੇ ਕੁੱਲ ਚੰਦੇ ਨਾਲੋਂ ਪੰਜ ਗੁਣਾ ਵੱਧ ਹਨ। ਐਸੋਸੀਏਸ਼ਨ ਫਾਰ ਡੈਮੋਕ੍ਰੇਟਿਕ ਰਿਫਾਰਮਸ (ਏਡੀਆਰ) ਨੇ ਇਹ ਜਾਣਕਾਰੀ ਦਿਤੀ ਹੈ।
ਏਡੀਆਰ ਦੁਆਰਾ ਜਾਰੀ ਕੀਤੇ ਗਏ ਅੰਕੜਿਆਂ ਦੇ ਅਨੁਸਾਰ, ਰਾਸ਼ਟਰੀ ਪਾਰਟੀਆਂ ਨੂੰ ਵਿੱਤੀ ਸਾਲ 2022-23 ਲਈ 12,167 ਚੰਦਿਆਂ (20,000 ਰੁਪਏ ਤੋਂ ਵੱਧ ਦੇ) ਤੋਂ ਕੁੱਲ 850.438 ਕਰੋੜ ਰੁਪਏ ਪ੍ਰਾਪਤ ਹੋਏ ਹਨ। ਦੇਸ਼ ਦੀ ਛੇਵੀਂ ਰਾਸ਼ਟਰੀ ਪਾਰਟੀ, ਬਹੁਜਨ ਸਮਾਜ ਪਾਰਟੀ (ਬੀਐਸਪੀ), ਨੇ ਘੋਸ਼ਣਾ ਕੀਤੀ ਕਿ ਉਸ ਨੂੰ ਵਿੱਤੀ ਸਾਲ 2022-23 ਦੌਰਾਨ 20,000 ਰੁਪਏ ਤੋਂ ਵੱਧ ਦਾ ਕੋਈ ਦਾਨ ਨਹੀਂ ਮਿਲਿਆ। ਉਹ ਪਿਛਲੇ 17 ਸਾਲਾਂ ਤੋਂ ਇਸ ਤਰ੍ਹਾਂ ਦੀ ਜਾਣਕਾਰੀ ਦੇ ਰਹੀ ਹੈ।
ਰਜਿਸਟਰਡ ਰਾਜਨੀਤਿਕ ਪਾਰਟੀਆਂ ਲਈ ਇਕ ਵਿੱਤੀ ਸਾਲ ਵਿਚ ਉਨ੍ਹਾਂ ਦੁਆਰਾ ਪ੍ਰਾਪਤ 20,000 ਰੁਪਏ ਤੋਂ ਵੱਧ ਦੇ ਵਿਅਕਤੀਗਤ ਦਾਨ ਦਾ ਖੁਲਾਸਾ ਕਰਨਾ ਲਾਜ਼ਮੀ ਹੈ। ਭਾਜਪਾ ਨੇ 7,945 ਦਾਨ ਦੇ ਜ਼ਰੀਏ 719.858 ਕਰੋੜ ਰੁਪਏ ਅਤੇ ਕਾਂਗਰਸ ਨੇ 894 ਦਾਨ ਦੇ ਜ਼ਰੀਏ 79.924 ਕਰੋੜ ਰੁਪਏ ਪ੍ਰਾਪਤ ਕੀਤੇ ਹਨ। ਭਾਜਪਾ ਦੁਆਰਾ ਘੋਸ਼ਿਤ ਕੀਤੇ ਗਏ ਚੰਦੇ ਕਾਂਗਰਸ, ਆਪ, ਐਨ.ਪੀ.ਪੀ. ਅਤੇ ਸੀਪੀਆਈ (ਐ.ਮ.) ਦੁਆਰਾ ਉਸੇ ਸਮੇਂ ਲਈ ਐਲਾਨੇ ਗਏ ਕੁੱਲ ਦਾਨ ਨਾਲੋਂ ਪੰਜ ਗੁਣਾ ਵੱਧ ਹਨ।
ਐਨ.ਪੀ.ਪੀ. ਉੱਤਰ-ਪੂਰਬ ਵਿਚ ਇਕੋ ਇਕ ਸਿਆਸੀ ਪਾਰਟੀ ਹੈ ਜਿਸ ਨੂੰ ਰਾਸ਼ਟਰੀ ਪਾਰਟੀ ਦਾ ਦਰਜਾ ਪ੍ਰਾਪਤ ਹੈ। ਏ.ਡੀ.ਆਰ. ਨੇ ਇਹ ਵੀ ਖੁਲਾਸਾ ਕੀਤਾ ਕਿ ਰਾਸ਼ਟਰੀ ਪਾਰਟੀਆਂ ਨੂੰ ਦਿੱਲੀ ਤੋਂ ਕੁੱਲ 276.202 ਕਰੋੜ ਰੁਪਏ ਦਾ ਚੰਦਾ ਮਿਲਿਆ, ਉਸ ਤੋਂ ਬਾਅਦ ਗੁਜਰਾਤ ਤੋਂ 160.509 ਕਰੋੜ ਰੁਪਏ ਅਤੇ ਮਹਾਰਾਸ਼ਟਰ ਨੇ 96.273 ਕਰੋੜ ਰੁਪਏ ਚੰਦਾ ਮਿਲਿਆ ਹੈ। ਵਿੱਤੀ ਸਾਲ 2022-23 ਦੌਰਾਨ ਰਾਸ਼ਟਰੀ ਪਾਰਟੀਆਂ ਨੂੰ ਕੁੱਲ ਦਾਨ ਵਿਚ 91.701 ਕਰੋੜ ਰੁਪਏ ਦਾ ਵਾਧਾ ਹੋਇਆ ਹੈ, ਜੋ ਕਿ ਪਿਛਲੇ ਵਿੱਤੀ ਸਾਲ 2021-22 ਦੇ ਮੁਕਾਬਲੇ 12.09 ਫ਼ੀ ਸਦੀ ਵੱਧ ਹੈ।
ਏ.ਡੀ.ਆਰ. ਨੇ ਕਿਹਾ ਕਿ ਭਾਜਪਾ ਦੁਆਰਾ ਪ੍ਰਾਪਤ ਦਾਨ ਦੀ ਰਕਮ ਵਿੱਤੀ ਸਾਲ 2021-22 ਦੌਰਾਨ 614.626 ਕਰੋੜ ਰੁਪਏ ਤੋਂ 17.12 ਫੀ ਸਦੀ ਵਧ ਕੇ ਵਿੱਤੀ ਸਾਲ 2022-23 ਦੌਰਾਨ 719.858 ਕਰੋੜ ਰੁਪਏ ਹੋ ਗਈ। ਹਾਲਾਂਕਿ, ਵਿੱਤੀ ਸਾਲ 2019-20 ਦੇ ਮੁਕਾਬਲੇ ਵਿੱਤੀ ਸਾਲ 2020-21 ਦੌਰਾਨ ਪਾਰਟੀ ਦੇ ਚੰਦੇ ਵਿਚ 41.49 ਫ਼ੀ ਸਦੀ ਦੀ ਕਮੀ ਆਈ ਹੈ। ਵਿੱਤੀ ਸਾਲ 2021-22 ਦੌਰਾਨ ਕਾਂਗਰਸ ਦਾ ਦਾਨ 95.459 ਕਰੋੜ ਰੁਪਏ ਸੀ, ਜੋ ਵਿੱਤੀ ਸਾਲ 2022-23 ਵਿਚ 16.27 ਫ਼ੀ ਸਦੀ ਘਟ ਕੇ 79.924 ਕਰੋੜ ਰੁਪਏ ਰਹਿ ਗਿਆ।