ਹਰਿਆਣਾ ਦੇ ਗੁਰੂਘਰ 'ਚ ਪੁਲਿਸ ਵੱਲੋਂ 'ਬੇਅਦਬੀ', ਸ਼ਰਾਬ ਸਮੇਤ ਹੋਰ ਨਸ਼ਾ ਵੀ ਬਰਾਮਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪੁਲਿਸ ਵਾਲੇ ਸ਼ਰਾਬ,ਬੀੜੀ,ਤੰਬਾਕੂ ਦਾ ਕਰ ਰਹੇ ਸੀ ਇਸਤੇਮਾਲ

File Photo

ਕਰਨਾਲ - ਹਰਿਆਣਾ ਦੇ ਗੁਰੂਘਰ ਸ੍ਰੀ ਪੰਜੋਖਰਾ ਸਾਹਿਬ ਵਿਚ ਪੁਲਿਸ ਮੁਲਾਜ਼ਮਾਂ ਵੱਲੋਂ ਬੇਅਦਬੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਤੋਂ ਬਾਅਦ ਸਿੱਖ ਸੰਗਤ ਦੇ ਮਨਾਂ ਵਿਚ ਰੋਹ ਪਾਇਆ ਜਾ ਰਿਹਾ ਹੈ। ਦਰਅਸਲ, ਡਿਊਟੀ ਤੇ ਤਾਇਨਾਤ ਪੁਲਿਸ ਮੁਲਾਜ਼ਮ ਤੇ ਹੋਰ ਅਧਿਕਾਰੀਆਂ ਨੂੰ ਹਰਿਆਣਾ ਦੇ ਗੁਰਦੁਆਰਾ ਸਾਹਿਬ 'ਚ ਠਹਿਰਾਇਆ ਗਿਆ ਸੀ। ਜਿੱਥੇ ਉਹ ਕੁੱਝ ਨਸ਼ੀਲੀਆਂ ਚੀਜ਼ਾਂ ਦਾ ਇਸਤੇਮਾਲ ਕਰ ਰਹੇ ਸਨ ਤੇ ਨਾਲ ਸ਼ਰਾਬ ਦੀਆਂ ਬੋਤਲਾਂ ਵੀ ਬਰਾਮਦ ਹੋਈਆਂ ਹਨ। ਜਦੋਂ ਸੰਗਤ ਨੂੰ ਜਾਣਕਾਰੀ ਮਿਲੀ ਤਾਂ ਉਨ੍ਹਾਂ ਨੇ ਗੁਰਦੁਆਰਾ ਪੰਜੋਖੜਾ ਸਾਹਿਬ ਜਾ ਕੇ ਤਲਾਸ਼ੀ ਲਈ ਤਾਂ ਮੌਕੇ ਤੋਂ ਇਤਰਾਜ਼ਯੋਗ ਵਸਤੂਆਂ ਬਰਾਮਦ ਹੋਈਆਂ। ਇਸ ਤੋਂ ਬਾਅਦ ਪੁਲਿਸ ਮੁਲਾਜ਼ਮ ਮੌਕੇ ਤੋਂ ਭੱਜਦੇ ਨਜ਼ਰ ਆਏ।

ਇਸ ਮੌਕੇ ਸੰਗਤ ਨੇ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ 'ਤੇ ਇਲਜ਼ਾਮ ਲਗਾਏ ਹਨ ਕਿ ਭਾਜਪਾ ਸਰਕਾਰ ਦੇ ਕਹਿਣ 'ਤੇ ਹਰਿਆਣਾ ਕਮੇਟੀ ਵੱਲੋਂ ਇਹ ਸਭ ਕੀਤਾ ਜਾ ਰਿਹਾ ਹੈ ਤੇ ਮਰਿਆਦਾ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਇਸ ਸਬੰਧੀ ਤੇਜਵੀਰ ਸਿੰਘ ਕਿਸਾਨ ਆਗੂ BKU ਨੇ ਰੋਜ਼ਾਨਾ ਸਪੋਕਸਮੈਨ ਨਾਲ ਗੱਲ ਕਰਦਿਆਂ ਦੱਸਿਆ ਕਿ ਇਹ ਗੁਰੂ ਘਰ ਹਰਿਆਣਾ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਹੇਠ ਆਉਂਦਾ ਹੈ ਜਿੱਥੇ ਉਹਨਾਂ ਵੱਲੋਂ ਪਿਛ 3-4 ਦਿਨਾਂ ਤੋਂ ਪੁਲਿਸ ਵਾਲਿਆਂ ਦੀ ਕਾਫ਼ੀ ਸੇਵਾ ਕੀਤੀ ਜਾ ਰਹੀ ਹੈ ਤੇ ਉਹਨਾਂ ਨੂੰ ਦਾਰੂ, ਸਿਗਰਟ ਬੀੜੀ ਆਦਿ ਦਿੱਤਾ ਜਾ ਰਿਹਾ ਹੈ। 

ਇਸ ਤੋਂ ਬਾਅਦ ਜਦੋਂ ਉਹ ਫੜੇ ਗਏ ਤਾਂ ਉਹਨਾਂ ਨੂੰ ਬਚਾ ਕੇ ਬਾਹਰ ਭੇਜ ਦਿੱਤਾ ਗਿਆ। ਤੇਜਵੀਰ ਸਿੰਘ ਨੇ ਇਸ ਘਟਨਾ ਲਈ ਸਿੱਧੇ ਤੌਰ 'ਤੇ ਹਰਿਆਣਾ ਗੁਰੂਦੁਆਰਾ ਪ੍ਰਬੰਧਕ ਕਮੇਟੀ ਨੂੰ ਜ਼ਿੰਮੇਵਾਰ ਦੱਸਿਆ ਹੈ ਤੇ ਨਾਲ ਹੀ ਹਰਿਆਣਾ ਦੇ ਗ੍ਰਹਿ ਮੰਤਰੀ 'ਤੇ ਵੀ ਇਲਜ਼ਾਮ ਲਗਾਏ ਹਨ। ਉਹਨਾਂ ਨੇ ਕਿਹਾ ਕਿ ਗੁਰੂ ਘਰ ਵਿਚ ਇਸ ਬੇਅਦਬੀ ਲਈ ਇਹਨਾਂ 'ਤੇ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਜੋ ਅੱਗੇ ਤੋਂ ਅਜਿਹੀ ਘਟਨਾ ਨਾ ਵਾਪਰੇ।