ਸੰਸਦ 'ਚ ਕੁੱਤਾ ਵਿਵਾਦ, ਕਾਂਗਰਸ ਸੰਸਦ ਮੈਂਬਰ ਰੇਣੁਕਾ ਚੌਧਰੀ ਨੂੰ ਵਿਸ਼ੇਸ਼ ਅਧਿਕਾਰ ਉਲੰਘਣਾ ਨੋਟਿਸ ਜਾਰੀ
23 ਫ਼ਰਵਰੀ ਤੱਕ ਦੋਸ਼ਾਂ ਦਾ ਜਵਾਬ ਦੇਣ ਲਈ ਕਿਹਾ
ਨਵੀਂ ਦਿੱਲੀ: ਕਾਂਗਰਸ ਨੇਤਾ ਅਤੇ ਰਾਜ ਸਭਾ ਮੈਂਬਰ ਰੇਣੁਕਾ ਚੌਧਰੀ ਨੂੰ ਸੰਸਦ ਕੰਪਲੈਕਸ ’ਚ ਅਪਣੀ ਕਾਰ ’ਚ ਆਵਾਰਾ ਕੁੱਤਾ ਲਿਆਉਣ ਅਤੇ ਸੰਸਦ ਮੈਂਬਰਾਂ ਵਿਰੁਧ ਅਪਮਾਨਜਨਕ ਟਿਪਣੀਆਂ ਕਰਨ ਦੇ ਮਾਮਲੇ ’ਚ ਵਿਸ਼ੇਸ਼ ਅਧਿਕਾਰ ਦੀ ਉਲੰਘਣਾ ਦੇ ਦੋਸ਼ ’ਚ ਨੋਟਿਸ ਜਾਰੀ ਕੀਤਾ ਗਿਆ ਹੈ। ਸੂਤਰਾਂ ਮੁਤਾਬਕ ਰਾਜ ਸਭਾ ਦੀ ਵਿਸ਼ੇਸ਼ ਅਧਿਕਾਰ ਕਮੇਟੀ ਨੇ ਚੌਧਰੀ ਵਿਰੁਧ ਸ਼ਿਕਾਇਤ ਕੀਤੀ ਹੈ ਅਤੇ ਉਨ੍ਹਾਂ ਨੂੰ 23 ਫ਼ਰਵਰੀ ਤਕ ਦੋਸ਼ਾਂ ਦਾ ਜਵਾਬ ਦੇਣ ਲਈ ਕਿਹਾ ਹੈ।
ਚੌਧਰੀ 1 ਦਸੰਬਰ ਨੂੰ ਸੰਸਦ ਦੇ ਸਰਦ ਰੁੱਤ ਇਜਲਾਸ ਦੌਰਾਨ ਅਪਣੀ ਕਾਰ ’ਚ ਇਕ ਅਵਾਰਾ ਪਸ਼ੂ ਲੈ ਕੇ ਆਈ ਸੀ ਅਤੇ ਜਦੋਂ ਕੁੱਝ ਮੈਂਬਰਾਂ ਨੇ ਇਤਰਾਜ਼ ਪ੍ਰਗਟਾਇਆ ਤਾਂ ਉਨ੍ਹਾਂ ਨੇ ਕਥਿਤ ਤੌਰ ਉਤੇ ਕਿਹਾ ਕਿ ‘ਅੰਦਰ ਬੈਠੇ ਕੱਟਦੇ ਹਨ, ਕੁੱਤੇ ਨਹੀਂ।’
ਸੂਤਰਾਂ ਨੇ ਦਸਿਆ ਕਿ ਭਾਜਪਾ ਦੇ ਸੰਸਦ ਮੈਂਬਰ ਬ੍ਰਿਜ ਲਾਲ ਅਤੇ ਇੰਦੂ ਬਾਲਾ ਗੋਸਵਾਮੀ ਨੇ ਚੌਧਰੀ ਵਿਰੁਧ ਵਿਸ਼ੇਸ਼ ਅਧਿਕਾਰ ਦੀ ਉਲੰਘਣਾ ਦਾ ਨੋਟਿਸ ਸੌਂਪਿਆ ਸੀ, ਜਿਸ ਨੂੰ ਰਾਜ ਸਭਾ ਦੇ ਚੇਅਰਮੈਨ ਨੇ ਵਿਸ਼ੇਸ਼ ਅਧਿਕਾਰ ਕਮੇਟੀ ਨੂੰ ਭੇਜ ਦਿਤਾ ਸੀ।