ਮਸੂਦ ਅਜ਼ਹਰ ਵਿਰੁਧ ਫ਼ਰਾਂਸ ਦੀ ਵੱਡੀ ਕਾਰਵਾਈ, ਦੇਸ਼ ’ਚ ਮੌਜੂਦ ਸਾਰੀ ਜ਼ਾਇਦਾਦ ਹੋਵੇਗੀ ਜ਼ਬਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਫ਼ਰਾਂਸ ਸਰਕਾਰ ਅਪਣੇ ਦੇਸ਼ ਵਿਚ ਮੌਜੂਦ ਜੈਸ਼-ਏ-ਮੁਹੰਮਦ ਦੀ ਜ਼ਾਇਦਾਦ ਕਰੇਗੀ ਜ਼ਬਤ

Masood Azhar

ਨਵੀਂ ਦਿੱਲੀ : ਪੁਲਵਾਮਾ ਅਤਿਵਾਦੀ ਹਮਲੇ ਨੂੰ ਅੰਜਾਮ ਦੇਣ ਵਾਲੇ ਅਤਿਵਾਦੀ ਸੰਗਠਨ ਜੈਸ਼-ਏ-ਮੁਹੰਮਦ ਉਤੇ ਸ਼ਿਕੰਜਾ ਕੱਸਦਾ ਜਾ ਰਿਹਾ ਹੈ। ਫ਼ਰਾਂਸ ਸਰਕਾਰ ਅਪਣੇ ਦੇਸ਼ ਵਿਚ ਮੌਜੂਦ ਜੈਸ਼-ਏ-ਮੁਹੰਮਦ ਦੀ ਜ਼ਾਇਦਾਦ ਨੂੰ ਜ਼ਬਤ ਕਰੇਗੀ। ਸਰਕਾਰ ਵਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਅਤਿਵਾਦੀ ਮਸੂਦ ਅਜ਼ਹਰ ਦੇ ਸੰਗਠਨ ਜੈਸ਼ ਦੀ ਫਰੈਂਚ ਸੰਪਤੀਆਂ ਨੂੰ ਫਰੀਜ਼ ਕੀਤਾ ਜਾਵੇਗਾ। ਇਸ ਤੋਂ ਫ਼ਰਾਂਸ ਨੇ ਸਪੱਸ਼ਟ ਕਰ ਦਿਤਾ ਹੈ ਕਿ ਉਹ ਅਪਣੇ ਦੇਸ਼ ਵਿਚ ਜੈਸ਼ ਨੂੰ ਪਾਈ-ਪਾਈ ਲਈ ਮੁਹਤਾਜ ਕਰ ਦੇਵੇਗਾ।

ਇਕ ਦਿਨ ਪਹਿਲਾਂ ਚੀਨ ਦੇ ਵੀਟੋ ਨੇ ਮਸੂਦ ਨੂੰ ਗਲੋਬਲ ਅਤਿਵਾਦੀ ਐਲਾਨ ਕੀਤੇ ਜਾਣ ਤੋਂ ਬਚਾ ਲਿਆ, ਪਰ ਦੇਸ਼ਾਂ ਨੇ ਉਸੇ ਸਮੇਂ ਸਾਫ਼ ਕਰ ਦਿਤਾ ਸੀ ਕਿ ਮਸੂਦ ਦੇ ਵਿਰੁਧ ਰਸਤੇ ਹੋਰ ਵੀ ਹਨ। ਫਰਾਂਸੀਸੀ ਗ੍ਰਹਿ ਮੰਤਰਾਲੇ, ਵਿੱਤ ਮੰਤਰਾਲੇ ਅਤੇ ਵਿਦੇਸ਼ ਮੰਤਰਾਲੇ ਵਲੋਂ ਜਾਰੀ ਇਕ ਸੰਯੁਕਤ ਬਿਆਨ ਵਿਚ ਕਿਹਾ ਗਿਆ ਹੈ ਕਿ ਫ਼ਰਾਂਸ ਮਸੂਦ ਅਜ਼ਹਰ ਨੂੰ ਯੂਰਪੀ ਸੰਘ ਦੀ ਸੂਚੀ ਵਿਚ ਸ਼ਾਮਿਲ ਕਰਨ ਉਤੇ ਚਰਚਾ ਕਰੇਗਾ, ਜਿਸ ਵਿਚ ਉਨ੍ਹਾਂ ਲੋਕਾਂ ਨੂੰ ਸ਼ਾਮਿਲ ਕੀਤਾ ਜਾਂਦਾ ਹੈ ਜੋ ਅਤਿਵਾਦੀ ਗਤੀਵਿਧੀਆਂ ਵਿਚ ਸ਼ਾਮਿਲ ਹੁੰਦੇ ਹਨ।

ਫ਼ਰਾਂਸ ਨੇ ਮੌਦਰਿਕ ਅਤੇ ਵਿੱਤੀ ਕੋਡ ਦੇ ਤਹਿਤ ਕੌਮੀ ਪੱਧਰ ਉਤੇ ਮਸੂਦ ਅਜ਼ਹਰ ਦੀ ਜਾਇਦਾਦ ਜ਼ਬਤ ਕਰਨ ਦੀ ਪ੍ਰਵਾਨਗੀ ਦਿਤੀ ਹੈ। ਇਸ ਤੋਂ ਪਹਿਲਾਂ ਫ਼ਰਾਂਸ ਨੇ ਸੰਯੁਕਤ ਰਾਸ਼ਟਰ ਦੇ ਸੁਰੱਖਿਆ ਪਰਿਸ਼ਦ ਵਿਚ ਮਸੂਦ ਅਜ਼ਹਰ ਨੂੰ ਗਲੋਬਲ ਅਤਿਵਾਦੀ ਐਲਾਨ ਕਰਨ ਦਾ ਪ੍ਰਸਤਾਵ ਰੱਖਿਆ ਸੀ। ਇਸ ਪ੍ਰਸਤਾਵ ਦੇ ਸਮਰਥਨ ਵਿਚ ਅਮਰੀਕਾ ਅਤੇ ਬ੍ਰਿਟੇਨ ਵੀ ਸੀ ਪਰ ਚੌਥੀ ਵਾਰ ਚੀਨ ਦੇ ਵੀਟੋ ਦੇ ਕਾਰਨ ਇਹ ਪ੍ਰਸਤਾਵ ਪਾਸ ਨਹੀਂ ਹੋ ਸਕਿਆ।

ਭਾਰਤ ਸਮੇਤ ਸਾਰੇ ਦੇਸ਼ਾਂ ਨੇ ਇਸ ਉਤੇ ਅਫ਼ਸੋਸ ਜ਼ਾਹਰ ਕੀਤਾ। ਅਮਰੀਕਾ ਨੇ ਕਿਹਾ ਸੀ ਕਿ ਜੇਕਰ ਚੀਨ ਮਸੂਦ ਅਜ਼ਹਰ ਦੇ ਵਿਰੁਧ ਅਪਣਾ ਰੁਖ਼ ਸਾਫ਼ ਨਹੀਂ ਕਰੇਗਾ ਤਾਂ ਅਸੀ ਦੂਜੇ ਤਰੀਕੇ ਨਾਲ ਉਸ ਉਤੇ ਕਾਰਵਾਈ ਕਰਾਂਗੇ। ਇਸ ਤੋਂ ਬਾਅਦ ਅਮਰੀਕਾ ਅਤੇ ਫ਼ਰਾਂਸ ਨੇ ਮਸੂਦ ਅਜ਼ਹਰ ਦੇ ਵਿਰੁਧ ਅਪਣੇ ਪੱਧਰ ਉਤੇ ਕਾਰਵਾਈ ਸ਼ੁਰੂ ਕਰ ਦਿਤੀ ਹੈ।

ਫ਼ਰਾਂਸ, ਅਮਰੀਕਾ ਸਮੇਤ ਕਈ ਦੇਸ਼ਾਂ ਨੇ ਪਾਕਿਸਤਾਨ ਉਤੇ ਭਾਰਤ ਵਿਚ ਹਮਲੇ ਕਰਨ ਵਾਲੇ ਅਤਿਵਾਦੀ ਸਮੂਹਾਂ ਦੇ ਵਿਰੁਧ ਕਾਰਵਾਈ ਕਰਨ ਦਾ ਦਬਾਅ ਹੈ, ਜਿਸ ਵਿਚ ਜੈਸ਼-ਏ-ਮੁਹੰਮਦ ਵੀ ਸ਼ਾਮਿਲ ਹੈ। ਜੈਸ਼ ਨੇ ਕਸ਼ਮੀਰ ਵਿਚ ਹੋਏ 14 ਫਰਵਰੀ ਦੇ ਹਮਲੇ ਦੀ ਜ਼ਿੰਮੇਵਾਰੀ ਲਈ ਸੀ, 40 ਸੀਆਰਪੀਐਫ਼ ਦੇ ਜਵਾਨ ਸ਼ਹੀਦ ਹੋ ਗਏ ਸਨ।