ਕਰੋਨਾ ਵਾਇਰਸ ਕਾਰਨ ਕੁਝ ਸਮੇਂ ਲਈ ਸ੍ਰੀ ਕਰਤਾਰਪੁਰ ਲਾਂਘਾ ਕੀਤਾ ਬੰਦ

ਏਜੰਸੀ

ਖ਼ਬਰਾਂ, ਰਾਸ਼ਟਰੀ

ਭਾਰਤ ਦੇ ਕਈ ਰਾਜਾਂ ਵਿਚ ਹੁਣ ਕਰੋਨਾ ਵਾਇਰਸ ਦੇ ਕੇਸ ਸਾਹਮਣੇ ਆ ਰਹੇ ਹਨ

kartarpur

ਡੇਰਾ ਬਾਬਾ ਨਾਨਕ : ਭਾਰਤ ਦੇ ਕਈ ਰਾਜਾਂ ਵਿਚ ਹੁਣ ਕਰੋਨਾ ਵਾਇਰਸ ਦੇ ਕੇਸ ਸਾਹਮਣੇ ਆ ਰਹੇ ਹਨ । ਜਿਸ ਨੂੰ ਕਟਰੋਲ ਵਿਚ ਕਰਨ ਲਈ ਸਰਕਾਰਾਂ ਆਪਣੇ ਪੱਧਰ ਤੇ ਹਰ ਤਰ੍ਹਾਂ ਦੀ ਕੋਸ਼ਿਸ਼ ਕਰ ਰਹੀਆਂ ਹਨ । ਇਸੇ ਗੱਲ ਤੇ ਧਿਆਨ ਦਿੰਦਿਆਂ ਕੇਦਰੀ ਗ੍ਰਹਿ  ਮੰਤਰਾਲੇ ਨੇ ਹੁਣ ਇਕ ਹੋਰ ਵੱਡਾ ਫੈਸਲਾ ਲਿਆ ਹੈ । ਜਿਸ ਵਿਚ ਇਹ ਖ਼ਬਰ ਸਾਹਮਣੇ ਆਈ ਹੈ ਕਿ ਫ਼ਿਲਹਾਲ ਆਰਜ਼ੀ ਤੌਰ ਤੇ ਕਰਤਾਰਪੁਰ ਲਾਂਘੇ ਨੂੰ ਬੰਦ ਕਰ ਦਿੱਤਾ ਹੈ ।

ਦੱਸ ਦੱਈਏ ਕਿ 16 ਮਾਰਚ ਤੋਂ ਲੈ ਕੇ ਆਉਂਣ ਵਾਲੇ ਹੁਕਮਾਂ ਤੱਕ ਲਾਂਘੇ ਨੂੰ ਬੰਦ ਰੱਖਿਆ ਜਾਵੇਗਾ । ਬੀਤੇ ਦਿਨ ਪਾਕਿਸਤਾਨ ਸਰਕਾਰ ਦੇ ਵੱਲੋਂ ਵੀ ਆਪਣੇ ਨਾਗਰਿਕਾਂ ਨੂੰ ਕਰੋਨਾ ਵਾਇਰਸ ਤੋਂ ਬਚਾਉਂਣ ਲਈ ਕਰਤਾਰਪੁਰ ਸਾਹਿਬ ਜਾਣ ‘ਤੇ ਰੋਕ ਲਗਾ ਦਿੱਤੀ ਸੀ ।ਦੱਸ ਦੱਈਏ ਕਿ ਪਿਛਲੇ ਕੁਝ ਸਮੇਂ ਵਿਚ ਭਾਰਤ ਵਿਚ ਵੀ ਕਰੋਨਾ ਵਾਇਰਸ ਦੇ ਕਈ ਕੇਸ ਸਾਹਮਣੇ ਆ ਚੁੱਕੇ ਹਨ ਜਿਨ੍ਹਾਂ ਵਿਚੋਂ 2 ਲੋਕਾਂ ਦੀ ਮੌਤ ਵੀ ਹੋ ਚੁੱਕੀ ਹੈ ।

ਸੋ ਇਸ ਤੇ ਕਾਬੂ ਪਾਉਣ ਲਈ ਪੰਜਾਬ ਸਰਕਾਰ ਨੇ ਪਿਛਲੇ ਦਿਨੀ ਸੂਬੇ ਵਿਚ ਸਾਰੇ ਸਿਨੇਮਾ ਘਰ , ਸ਼ਾਪਿੰਗ ਮਾਲ ਅਤੇ ਜਿੰਮ ਆਦਿ ਨੂੰ ਬੰਦ ਕਰਨ ਦੇ ਹੁਕਮ ਜ਼ਾਰੀ ਕੀਤੇ ਸੀ । ਇਸ ਦਾ ਐਲਾਨ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੱਧੂ ਵੱਲੋਂ ਕੀਤਾ ਗਿਆ ਸੀ । ਸਿੱਧੂ ਨੇ ਦੱਸਿਆ ਕਿ ਕਰੋਨਾ ਵਾਇਰਸ ਨੂੰ ਕੰਟਰੋਲ ਕਰਨ ਦੇ ਮੰਤਵ ਨਾਲ ਇਹ ਫ਼ੈਸਲਾ ਲਿਆ ਗਿਆ ਹੈ ਅਤੇ 31 ਮਾਰਚ ਤੱਕ ਸਾਰੀਆਂ ਜਨਤਕ ਥਾਵਾਂ ਨੂੰ ਬੰਦ ਰੱਖਿਆਂ ਜਾਵੇਗਾ।

ਇਸ ਤੋਂ ਇਲਾਵਾ ਇਹ ਵੀ ਦੱਸ ਦੱਈਏ ਕਿ ਪੰਜਾਬ ਸਰਕਾਰ ਨੇ ਸਾਰੇ ਸਕੂਲ,ਕਾਲਜ਼, ਅਤੇ ਯੂਨੀਵਰਸਿਟੀਆਂ ਨੂੰ 31 ਮਾਰਚ ਤੱਕ ਬੰਦ ਰੱਖਣ ਦਾ ਹੁਕਮ ਜ਼ਾਰੀ ਕੀਤਾ ਹੈ। ਕਰੋਨਾ ਵਾਇਰਸ ਨੂੰ ਮਹਾਮਾਰੀ ਘੋਸ਼ਿਤ ਕਰਦਿਆਂ ਪੰਜਾਬ ਸਰਕਾਰ ਨੇ ਕੇਬਲ ਉਹ ਸਕੂਲ ਹੀ ਖੁੱਲੇ ਰੱਖਣ ਦੀ ਆਗਿਆ ਦਿੱਤੀ ਹੈ ਜਿਨ੍ਹਾਂ ਵਿਚ ਪ੍ਰੀਖਿਆ ਚੱਲ ਰਹੀਆਂ ਹਨ ਅਤੇ ਬਾਕੀਆਂ ਨੂੰ 31 ਮਾਰਚ ਤੱਕ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ।

ਇਥੇ ਤੁਹਾਨੂੰ ਇਹ ਦੱਸ ਦੱਈਏ ਕਿ ਪੰਜਾਬ ਵਿਚ ਵੀ ਕਰੋਨਾ ਵਾਇਰਸ ਦਾ ਇਕ ਪਾਜਟਿਵ ਕੇਸ ਸਾਹਮਣੇ ਆ ਚੁੱਕਾ ਹੈ।