ਮੇਘਾਲਿਆ ਦੇ ਰਾਜਪਾਲ ਨੇ ਕੀਤਾ ਕਿਸਾਨਾਂ ਦਾ ਸਮਰਥਨ, ਕਿਹਾ ਕਿਸਾਨਾਂ ਨੂੰ ਖਾਲੀ ਹੱਥ ਨਾ ਭੇਜਿਆ ਜਾਵੇ
ਮੈਂ ਸਿੱਖਾਂ ਨੂੰ ਜਾਣਦਾ ਹਾਂ ਇਹ ਕਿਸੇ ਵੀ ਗੱਲ ਨੂੰ 300 ਸਾਲ ਤੱਕ ਵੀ ਯਾਦ ਰੱਖਦੇ ਹਨ - ਸੱਤਿਆਪਾਲ ਮਲਿਕ
ਨਵੀਂ ਦਿੱਲੀ: ਨਵੇਂ ਖੇਤੀ ਕਾਨੂੰਨਾਂ ਖ਼ਿਲਾਫ ਸੰਘਰਸ਼ ਕਰ ਰਹੇ ਕਿਸਾਨਾਂ ਦਾ ਪੱਖ ਲੈਂਦਿਆਂ ਮੇਘਾਲਿਆ ਦੇ ਰਾਜਪਾਲ ਸੱਤਿਆਪਾਲ ਮਲਿਕ ਨੇ ਕਿਹਾ ਕਿ ਜਿਸ ਦੇਸ਼ ਦਾ ਕਿਸਾਨ ਤੇ ਜਵਾਨ ਅਸੰਤੁਸ਼ਟ ਹੋਵੇ, ਉਹ ਦੇਸ਼ ਕਦੀ ਅੱਗੇ ਨਹੀਂ ਵਧ ਸਕਦਾ। ਉਹਨਾਂ ਕਿਹਾ ਜੇਕਰ ਕੇਂਦਰ ਸਰਕਾਰ ਘੱਟੋ ਘੱਟ ਸਮਰਥਨ ਮੁੱਲ ਨੂੰ ਕਾਨੂੰਨੀ ਮਾਨਤਾ ਦੇ ਦਿੰਦੀ ਹੈ ਤਾਂ ਕਿਸਾਨ ਮੰਨ ਜਾਣਗੇ। ਰਾਜਪਾਲ ਨੇ ਕਿਹਾ ਕਿ ਮੈਂ ਚਾਹੁੰਦਾ ਹਾਂ ਇਹ ਮਸਲਾ ਹੱਲ ਹੋ ਜਾਵੇ ਅਤੇ ਜਿੱਥੇ ਤੱਕ ਜਾਣ ਦੀ ਲੋੜ ਪਈ ਉੱਥੇ ਤੱਕ ਜਾਵਾਂਗਾ।
ਉਹਨਾਂ ਕਿਹਾ ਕਿ, ‘ਅੱਜ ਦੀ ਤਰੀਕ ਵਿਚ ਕਿਸਾਨਾਂ ਦੇ ਪੱਖ ਵਿਚ ਕੋਈ ਵੀ ਕਾਨੂੰਨ ਲਾਗੂ ਨਹੀਂ ਹੈ। ਇਸ ਸਥਿਤੀ ਨੂੰ ਠੀਕ ਕਰਨਾ ਚਾਹੀਦਾ ਹੈ। ਜਿਸ ਦੇਸ਼ ਦਾ ਕਿਸਾਨ ਤੇ ਜਵਾਨ ਅਸੰਤੁਸ਼ਟ ਰਹੇਗਾ, ਉਸ ਦੇਸ਼ ਨੂੰ ਕੋਈ ਨਹੀਂ ਬਚਾ ਸਕਦਾ। ਇਸ ਲਈ ਅਪਣੀ ਫੌਜ ਅਤੇ ਕਿਸਾਨਾਂ ਨੂੰ ਸੰਤੁਸ਼ਟ ਕਰੋ’। ਸੱਤਿਆਪਾਲ ਮਲਿਕ ਨੇ ਕਿਹਾ ਕਿ ਰਾਕੇਸ਼ ਟਿਕੈਤ ਦੀ ਗ੍ਰਿਫ਼ਤਾਰੀ ਦਾ ਰੌਲਾ ਪੈਣ ‘ਤੇ ਰਾਤ ਸਮੇਂ ਮੈਂ ਫੋਨ ਕਰਕੇ ਉਹਨਾਂ ਦੀ ਗ੍ਰਿਫ਼ਤਾਰੀ ਰੁਕਵਾਈ ਸੀ।
ਅਪਰੇਸ਼ਨ ਬਲੂ ਸਟਾਰ ਦਾ ਜ਼ਿਕਰ ਕਰਦਿਆਂ ਰਾਜਪਾਲ ਨੇ ਕਿਹਾ ਕਿ ਮੈਂ ਸਿੱਖਾਂ ਨੂੰ ਜਾਣਦਾ ਹਾਂ। ਉਹਨਾਂ ਕਿਹਾ, ‘ਜਦੋਂ ਇੰਦਰਾ ਗਾਂਧੀ ਨੇ ਅਪਰੇਸ਼ਨ ਬਲੂ ਸਟਾਰ ਕਰਵਾਇਆ ਸੀ, ਤਾਂ ਉਹਨਾਂ ਨੇ ਅਪਣੇ ਫਾਰਮ ਹਾਊਸ ‘ਤੇ ਇਕ ਮਹੀਨੇ ਤੱਕ ਪੂਜਾ ਕਰਵਾਈ ਸੀ’। ਉਹਨਾਂ ਕਿਹਾ, ‘ਅਰੁਣ ਨਹਿਰੂ ਨੇ ਮੈਨੂੰ ਦੱਸਿਆ ਕਿ ਇੰਦਰਾ ਗਾਂਧੀ ਜਾਣਦੀ ਸੀ ਕਿ ਅਕਾਲ ਤਖ਼ਤ ਤੋੜਿਆ ਹੈ ਤਾਂ ਸਿੱਖ ਮੈਨੂੰ ਨਹੀਂ ਛੱਡਣਗੇ’।
ਮੇਘਾਲਿਆ ਦੇ ਰਾਜਪਾਲ ਨੇ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਨੂੰ ਅਪੀਲ ਕੀਤੀ ਕਿ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਦਿੱਲੀ ਤੋਂ ਖਾਲੀ ਹੱਥ ਨਾ ਮੋੜਨਾ ਕਿਉਂਕਿ ਇਹ ਸਰਦਾਰ 300 ਸਾਲ ਤੱਕ ਕਿਸੇ ਵੀ ਗੱਲ਼ ਨੂੰ ਯਾਦ ਰੱਖਦੇ ਹਨ। ਉਹਨਾਂ ਇਹ ਵੀ ਅਪੀਲ ਕੀਤੀ ਕਿ ਕਿਸਾਨਾਂ ‘ਤੇ ਫੋਰਸ ਦੀ ਵਰਤੋਂ ਨਾ ਕੀਤੀ ਜਾਵੇ।
ਜ਼ਿਕਰਯੋਗ ਹੈ ਕਿ ਸੱਤਿਆਪਾਲ ਮਲਿਕ ਦਾ ਇਕ ਸਾਲ ਵਿਚ ਤਿੰਨ ਵਾਰ ਤਬਾਦਲਾ ਹੋ ਚੁੱਕਾ ਹੈ। 30 ਸਤੰਬਰ 2017 ਨੂੰ ਸੱਤਿਆਪਾਲ ਮਲਿਕ ਨੂੰ ਬਿਹਾਰ ਦਾ ਰਾਜਪਾਲ ਬਣਾਇਆ ਗਿਆ ਸੀ ਪਰ ਇਕ ਸਾਲ ਦਾ ਕਾਰਜਕਾਲ ਪੂਰਾ ਹੋਣ ਤੋਂ ਪਹਿਲਾਂ ਹੀ ਉਹਨਾਂ ਨੂੰ 23 ਅਗਸਤ 2018 ਨੂੰ ਜੰਮੂ ਕਸ਼ਮੀਰ ਦਾ ਉਪ-ਰਾਜਪਾਲ ਬਣਾਇਆ ਗਿਆ। ਬਾਅਦ ਵਿਚ ਉਹਨਾਂ ਨੂੰ 30 ਅਕਤੂਬਰ 2019 ਨੂੰ ਗੋਆ ਦਾ ਰਾਜਪਾਲ ਬਣਾਇਆ ਗਿਆ। ਇਸ ਤੋਂ ਬਾਅਦ ਤਬਾਦਲਾ ਕਰਕੇ ਉਹਨਾਂ ਨੂੰ ਮੇਘਾਲਿਆ ਭੇਜ ਦਿੱਤਾ ਗਿਆ।