ਕਿਸਾਨੀ ਸੰਘਰਸ਼ ਤੋਂ ਬਾਅਦ ਭਾਰਤ ਸਰਕਾਰ ਦਾ ਪੰਜਾਬ ਪ੍ਰਤੀ ਰਵੱਈਆ ਮਤਰੇਈ ਮਾਂ ਵਾਲਾ- ਪ੍ਰਤਾਪ ਬਾਜਵਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਕਿਸਾਨੀ ਮੁੱਦਿਆਂ 'ਤੇ ਰਾਜ ਸਭਾ ਵਿਚ ਗਰਜੇ ਪ੍ਰਤਾਪ ਸਿੰਘ ਬਾਜਵਾ

Pratap Singh Bajwa

ਨਵੀਂ ਦਿੱਲੀ: ਬਜਟ ਇਜਲਾਸ ਦੇ ਦੂਜੇ ਪੜਾਅ ਦੀ ਕਾਰਵਾਈ ਅੱਜ ਸੋਮਵਾਰ ਨੂੰ ਵੀ ਜਾਰੀ ਰਹੀ। ਇਸ ਦੌਰਾਨ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਕਿਸਾਨੀ ਸਬੰਧੀ ਕਈ ਮੁੱਦਿਆਂ ’ਤੇ ਅਪਣੇ ਵਿਚਾਰ ਸਦਨ ਵਿਚ ਰੱਖੇ। ਰਾਜ ਸਭਾ ਵਿਚ ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬੀ ’ਚ ਭਾਸ਼ਣ ਦਿੱਤਾ।

ਬਾਜਵਾ ਨੇ ਕਿਹਾ ਕਿ ਕੋਵਿਡ 19 ਮਹਾਂਮਾਰੀ ਕਾਰਨ ਸਾਰੇ ਸੂਬਿਆਂ ਦੀ ਵਿੱਤੀ ਹਾਲਤ ਬਹੁਤ ਕਮਜ਼ੋਰ ਹੋਈ ਹੈ। ਇਸ ਦੇ ਚਲਦਿਆਂ ਸੂਬਾ ਸਰਕਾਰ ਕੋਲ ਬਹੁਤ ਘੱਟ ਪੈਸਾ ਰਹਿ ਗਿਆ ਹੈ। ਉਹਨਾਂ ਕਿਹਾ ਕਿ ਜਦੋਂ ਤੋਂ ਖੇਤੀ ਕਾਨੂੰਨਾਂ ਖਿਲਾਫ਼ ਕਿਸਾਨਾਂ ਦਾ ਅੰਦੋਲਨ ਸ਼ੁਰੂ ਹੋਇਆ ਹੈ, ਉਦੋਂ ਤੋਂ ਹੀ ਭਾਰਤ ਸਰਕਾਰ ਵੱਲੋਂ ਪੰਜਾਬ ਪ੍ਰਤੀ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾ ਰਿਹਾ ਹੈ।

ਰਾਜ ਸਭਾ ਮੈਂਬਰ ਨੇ ਕਿਹਾ ਕਿ ਪਹਿਲਾਂ ਪੰਜਾਬ ਨੂੰ ਰੂਰਲ ਡਿਵੈਲਪਮੈਂਟ ਫੰਡ (ਆਰਡੀਐਫ) ਤਿੰਨ ਪ੍ਰਤੀਸ਼ਤ ਮਿਲਦਾ ਸੀ, ਜਿਸ ਨੂੰ ਘਟਾ ਕੇ ਇਕ ਪ੍ਰਤੀਸ਼ਤ ਕਰ ਦਿੱਤਾ ਗਿਆ ਹੈ। ਇਸ ਨਾਲ ਪੰਜਾਬ ਸੂਬੇ ਨੂੰ ਇਕ ਹਜ਼ਾਰ ਕਰੋੜ ਦਾ ਸਲਾਨਾ ਘਾਟਾ ਹੋ ਰਿਹਾ ਹੈ।

ਜੀਐਸਟੀ ਬਕਾਏ ਬਾਰੇ ਗੱਲ ਕਰਦਿਆਂ ਬਾਜਵਾ ਨੇ ਕਿਹਾ ਕਿ ਪਹਿਲਾਂ ਕਿਹਾ ਗਿਆ ਸੀ ਕਿ ਕੇਂਦਰ ਸਰਕਾਰ ਸੂਬਿਆਂ ਨੂੰ ਹਰ ਮਹੀਨੇ ਜੀਐਸਟੀ ਦਾ ਹਿੱਸਾ ਦੇਵੇਗੀ ਪਰ ਪੰਜਾਬ ਨੂੰ ਪਿਛਲੇ 6 ਮਹੀਨੇ ਦਾ 8200 ਕਰੋੜ ਰੁਪਇਆ ਅਜੇ ਤੱਕ ਨਹੀਂ ਮਿਲਿਆ। ਇਸ ਤੋਂ ਇਲਾਵਾ ਬਾਜਵਾ ਨੇ ਕਿਹਾ ਕਿ ਕਣਕ ਦੀ ਕਟਾਈ ਤੋਂ ਇਕ ਮਹੀਨਾ ਪਹਿਲਾਂ ਫੂਡ ਕਾਰਪੋਰੇਸ਼ਨ ਆਫ ਇੰਡੀਆ ਨੇ ਨਵੇਂ ਨਿਯਮ ਬਣਾ ਦਿੱਤੇ। ਇਸ ਤੋਂ ਬਾਅਦ ਰਾਜ ਸਭਾ ਸਪੀਕਰ ਨੇ ਉਹਨਾਂ ਦੀ ਸਪੀਚ ਨੂੰ ਵਿਚ ਹੀ ਰੋਕ ਦਿੱਤਾ।