ਕੋਰੋਨਾ ਦੇ ਵਧਦੇ ਮਾਮਲਿਆਂ ’ਤੇ ਰਾਹੁਲ ਗਾਂਧੀ ਦਾ ਬਿਆਨ, ‘ਮੈਂ ਪਹਿਲਾਂ ਹੀ ਸਾਵਧਾਨ ਕੀਤਾ ਸੀ’
ਰਾਹੁਲ ਗਾਂਧੀ ਨੇ ਕੋਵਿਡ ਸਬੰਧੀ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ
ਨਵੀਂ ਦਿੱਲੀ: ਦੇਸ਼ ਵਿਚ ਲਗਾਤਾਰ ਕੋਰੋਨਾ ਵਾਇਰਸ ਦੇ ਮਾਮਲੇ ਵਧ ਰਹੇ ਹਨ। ਇਸ ’ਤੇ ਚਿੰਤਾ ਜ਼ਾਹਿਰ ਕਰਦਿਆਂ ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਇਕ ਟਵੀਟ ਕੀਤਾ ਹੈ। ਰਾਹੁਲ ਗਾਂਧੀ ਨੇ ਲੋਕਾਂ ਨੂੰ ਸਾਵਧਾਨੀ ਵਰਤਣ ਦੀ ਅਪੀਲ ਕੀਤੀ।
ਰਾਹੁਲ ਗਾਂਧੀ ਨੇ ਕਿਹਾ ਮੈਂ ਤਾਂ ਪਹਿਲਾਂ ਹੀ ਚੇਤਾਵਨੀ ਦਿੱਤੀ ਸੀ ਕਿ ਕੋਰੋਨਾ ਸੰਕਰਮਣ ਦੇਸ਼ ਦੇ ਲੋਕਾਂ ਲਈ ਅਜੇ ਵੀ ਵੱਡਾ ਖਤਰਾ ਹੈ। ਤੁਸੀਂ ਸਾਰੇ ਸਾਵਧਾਨੀ ਵਰਤੋ ਅਤੇ ਮਾਸਕ ਦੀ ਵਰਤੋਂ ਕਰਨਾ ਨਾ ਭੁੱਲੋ। ਉਹਨਾਂ ਨੇ ਸਾਰਿਆਂ ਨੂੰ ਕੋਵਿਡ ਸਬੰਧੀ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਵੀ ਕੀਤੀ। ਰਾਹੁਲ ਗਾਂਧੀ ਨੇ ਟਵੀਟ ਦੇ ਨਾਲ ਇਕ ਗ੍ਰਾਫ਼ ਵੀ ਸਾਂਝਾ ਕੀਤਾ। ਇਸ ਗ੍ਰਾਫ ਵਿਚ ਹਫ਼ਤਿਆਂ ਅਨੁਸਾਰ ਕੋਰੋਨਾ ਦੇ ਮਾਮਲਿਆਂ ਨੂੰ ਦਰਸਾਇਆ ਗਿਆ ਹੈ।
ਗ੍ਰਾਫ ਅਨੁਸਾਰ ਪਿਛਲਾ ਹਫ਼ਤਾ ਵਾਇਰਸ ਦੇ ਸਭ ਤੋਂ ਜ਼ਿਆਦਾ ਮਾਮਲੇ ਦਰਸਾ ਰਿਹਾ ਹੈ। ਇਸ ਅਨੁਸਾਰ ਸਾਲ ਦੇ 12ਵੇਂ ਹਫ਼ਤੇ ਵਿਚ ਸਭ ਤੋਂ ਜ਼ਿਆਦਾ ਕੋਰੋਨਾ ਮਾਮਲੇ 1,55,9090 ਦਰਜ ਕੀਤੇ ਗਏ ਹਨ। ਦੱਸ ਦਈਏ ਕਿ ਰਾਹੁਲ ਗਾਂਧੀ ਪਹਿਲਾਂ ਵੀ ਦੇਸ਼ ਵਿਚ ਕੋਰੋਨਾ ਦੀ ਸਥਿਤੀ ਨੂੰ ਲੈ ਕੇ ਕੇਂਦਰ ਸਰਕਾਰ ਦੇ ਰਵੱਈਆ ’ਤੇ ਸਵਾਲ ਚੁੱਕਦੇ ਰਹਿੰਦੇ ਹਨ।
ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਸੋਮਵਾਰ ਨੂੰ ਭਾਰਤ ਵਿਚ ਕੋਰੋਨਾ ਵਾਇਰਸ ਦੇ 26,291 ਨਵੇਂ ਮਾਮਲੇ ਸਾਹਮਣੇ ਆਏ, ਜੋ ਪਿਛਲੇ 85 ਦਿਨਾਂ ਵਿਚ ਸਭ ਤੋਂ ਜ਼ਿਆਦਾ ਹੈ। ਇਹਨਾਂ ਨਵੇਂ ਮਾਮਲਿਆਂ ਨਾਲ ਦੇਸ਼ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਵਧ ਕੇ 11,385,339 ਹੋ ਗਏ ਹਨ। ਇਸ ਦੌਰਾਨ ਵਾਇਰਸ ਨਾਲ 118 ਨਵੀਆਂ ਮੌਤਾਂ ਹੋਈਆਂ। ਕੋਰੋਨਾ ਵਾਇਰਸ ਨਾਲ ਹੁਣ ਤੱਕ ਹੋਈਆਂ ਮੌਤਾਂ ਦਾ ਅੰਕੜਾ 1,58,785 ਤੱਕ ਪਹੁੰਚ ਚੁੱਕਾ ਹੈ।