ਦਿਆਲ ਸਿੰਘ ਕੋਲਿਆਂਵਾਲੀ ਦੇ ਦੇਹਾਂਤ ਨਾਲ ਅਕਾਲੀ ਦਲ ’ਚ ਸੋਗ ਦੀ ਲਹਿਰ
ਜਥੇਦਾਰ ਕੋਲਿਆਂਵਾਲੀ ਵੱਲੋਂ ਕੀਤੀ ਧਰਮ ਤੇ ਸਮਾਜ ਦੀ ਸੇਵਾ ਨੂੰ ਕਦੇ ਨਹੀਂ ਭੁਲਾਇਆ ਜਾ ਸਕਦਾ- ਸਿਰਸਾ
ਨਵੀਂ ਦਿੱਲੀ: ਅੱਜ ਸਵੇਰੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਜਥੇਦਾਰ ਦਿਆਲ ਸਿੰਘ ਕੋਲਿਆਂਵਾਲੀ ਦਾ ਦੇਹਾਂਤ ਹੋ ਗਿਆ ਹੈ।ਉਹਨਾਂ ਦੇ ਦੇਹਾਂਤ ਤੋਂ ਬਾਅਦ ਪਾਰਟੀ ਵਿਚ ਸੋਗ ਦੀ ਲਹਿਰ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਦਿਆਲ ਸਿੰਘ ਦੀ ਮੌਤ ’ਤੇ ਲਿਖਿਆ, ‘ਸ਼੍ਰੋਮਣੀ ਅਕਾਲੀ ਦਲ ਦੇ ਵਫ਼ਾਦਾਰ ਸਿਪਾਹੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਦਿਆਲ ਸਿੰਘ ਕੋਲਿਆਂਵਾਲੀ ਜੀ ਦੇ ਦੇਹਾਂਤ ਦਾ ਬਹੁਤ ਦੁੱਖ ਲੱਗਿਆ। ਪੰਥ, ਪੰਜਾਬ ਤੇ ਸ਼੍ਰੋਮਣੀ ਅਕਾਲੀ ਦਲ ਦੀ ਚੜ੍ਹਦੀਕਲਾ ਲਈ ਸਾਰੀ ਜ਼ਿੰਦਗੀ ਜੂਝਣ ਵਾਲੇ ਜਥੇਦਾਰ ਕੋਲਿਆਂਵਾਲੀ ਜੀ ਦੇ ਪਰਿਵਾਰ ਨਾਲ ਇਹ ਅਸਹਿ ਦੁੱਖ ਸਾਂਝਾ ਕਰਦੇ ਹੋਏ, ਮੈਂ ਉਹਨਾਂ ਦੀ ਆਤਮਿਕ ਸ਼ਾਂਤੀ ਲਈ ਅਕਾਲ ਪੁਰਖ ਦੇ ਚਰਨਾਂ ਵਿਚ ਅਰਦਾਸ ਕਰਦਾ ਹਾਂ’।
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਵੀ ਦਿਆਲ ਸਿੰਘ ਕੋਲਿਆਂਵਾਲੀ ਦੇ ਦੇਹਾਂਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਹਨਾਂ ਨੇ ਫੇਸਬੁੱਕ ’ਤੇ ਲਿਖਿਆ, ‘ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਜਥੇਦਾਰ ਦਿਆਲ ਸਿੰਘ ਕੋਲਿਆਂਵਾਲੀ ਦੇ ਦੇਹਾਂਤ ਨਾਲ ਮਨ ਨੂੰ ਬਹੁਤ ਠੇਸ ਵੱਜੀ ਹੈ। ਜਥੇਦਾਰ ਕੋਲਿਆਂਵਾਲੀ ਵੱਲੋਂ ਨਾ ਸਿਰਫ਼ ਸਿਆਸਤ ਬਲਕਿ ਐਸਜੀਪੀਸੀ ਰਾਹੀਂ ਕੀਤੀ ਧਰਮ ਤੇ ਸਮਾਜ ਦੀ ਸੇਵਾ ਨੂੰ ਕਦੇ ਨਹੀਂ ਭੁਲਾਇਆ ਜਾ ਸਕਦਾ। ਉਹਨਾਂ ਦੇ ਜਾਣ ਦਾ ਘਾਟਾ ਕਦੇ ਨਹੀਂ ਪੂਰਿਆ ਜਾ ਸਕਦਾ। ਅਕਾਲ ਪੁਰਖ ਅੱਗੇ ਇਹੀ ਅਰਦਾਸ ਹੈ ਕਿ ਉਹ ਵਿਛੜੀ ਰੂਹ ਨੂੰ ਆਪਣੇ ਕਦਮਾਂ 'ਚ ਨਿਵਾਸ ਬਖ਼ਸ਼ਣ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ’।
ਇਸ ਤੋਂ ਇਲਾਵਾ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਵੀ ਉਹਨਾਂ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ। ਹਰਸਿਮਰਤ ਬਾਦਲ ਨੇ ਲਿਖਿਆ, ‘ਸ਼੍ਰੋਮਣੀ ਅਕਾਲੀ ਦਲ ਦੇ ਬਹੁਤ ਹੀ ਜੁਝਾਰੂ ਵਰਕਰ, ਜਥੇਦਾਰ ਦਿਆਲ ਸਿੰਘ ਜੀ ਕੋਲਿਆਂਵਾਲੀ ਦੇ ਦੇਹਾਂਤ ਬਾਰੇ ਸੁਣ ਕੇ ਬੜਾ ਦੁੱਖ ਮਹਿਸੂਸ ਹੋਇਆ। ਉਹ ਪਾਰਟੀ ਦੇ ਸਿਰਕੱਢ ਆਗੂ, ਅਤੇ ਲੰਮੇ ਸਮੇਂ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਨ'।
ਬੀਬੀ ਬਾਦਲ ਨੇ ਲਿਖਿਆ ਸਾਡੇ ਪਰਿਵਾਰ ਨਾਲ ਵੀ ਉਹਨਾਂ ਦੀ ਬੜੀ ਲੰਮੀ ਸਾਂਝ ਸੀ ਅਤੇ ਇਸ ਦੁੱਖ ਦੀ ਘੜੀ ਵਿਚ ਕੋਲਿਆਂਵਾਲੀ ਪਰਿਵਾਰ ਨਾਲ ਦੁੱਖ ਵੰਡਾਉਂਦੀ ਹੋਈ, ਮੈਂ ਪਰਮਾਤਮਾ ਦੇ ਚਰਨਾਂ ਵਿਚ ਅਰਦਾਸ ਕਰਦੀ ਹਾਂ ਕਿ ਉਹ ਉਸ ਵਿਛੜੀ ਨੇਕ ਰੂਹ ਨੂੰ ਆਪਣੇ ਚਰਨਾਂ ਵਿਚ ਸਦੀਵੀ ਨਿਵਾਸ ਬਖਸ਼ਿਸ਼ ਕਰਨ’।
ਬਿਕਰਮ ਸਿੰਘ ਮਜੀਠੀਆ ਨੇ ਵੀ ਕੀਤਾ ਟਵੀਟ
ਬਿਕਰਮ ਸਿੰਘ ਮਜੀਠੀਆ ਨੇ ਲਿਖਿਆ, 'ਸ਼੍ਰੋਮਣੀ ਅਕਾਲੀ ਦਲ ਦੇ ਪ੍ਰਮੁੱਖ ਆਗੂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਦਿਆਲ ਸਿੰਘ ਕੋਲਿਆਂਵਾਲੀ ਜੀ ਦੇ ਦੇਹਾਂਤ ਬਾਰੇ ਸੁਣ ਕੇ ਮਨ ਨੂੰ ਬਹੁਤ ਦੁੱਖ ਲੱਗਿਆ। ਪਾਰਟੀ ਪ੍ਰਤੀ ਉਹਨਾਂ ਦੀ ਸਮਰਪਣ ਭਾਵਨਾ, ਸੁਚੱਜੀ ਸੋਚ ਅਤੇ ਲਿਆਕਤ ਭਰਪੂਰ ਨਿੱਘੀ ਸ਼ਖ਼ਸੀਅਤ ਸਦਾ ਸਾਡੇ ਦਿਲਾਂ 'ਚ ਰਹੇਗੀ। ਅਕਾਲ ਪੁਰਖ ਉਹਨਾਂ ਦੀ ਰੂਹ ਨੂੰ ਆਪਣੇ ਚਰਨਾਂ 'ਚ ਨਿਵਾਸ ਬਖ਼ਸ਼ਿਸ਼ ਕਰਨ'।
ਦੱਸ ਦਈਏ ਕਿ ਸੀਨੀਅਰ ਅਕਾਲੀ ਆਗੂ ਲੰਬੇ ਸਮੇਂ ਤੋਂ ਕੈਂਸਰ ਤੋਂ ਪੀੜਤ ਸਨ ਸਨ। ਉਹਨਾਂ ਨੇ ਅੱਜ ਸਵੇਰੇ ਕਰੀਬ 7 ਵਜੇ ਗੁਰੂਗ੍ਰਾਮ ਦੇ ਮੇਦਾਂਤਾ ਹਸਪਤਾਲ ਵਿਚ ਆਖਰੀ ਸਾਹ ਲਏ।