ਸਿਰਸਾ ਦੇ ਵਿਧਾਇਕ ਗੋਪਾਲ ਕਾਂਡਾ ਨੇ ਵਿਧਾਨ ਸਭਾ ਵਿਚ ਕਿਸਾਨਾਂ ਲਈ ਕੀਤੀ ਅਪਸ਼ਬਦਾਂ ਦੀ ਵਰਤੋਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਿਸਾਨਾਂ ਪ੍ਰਤੀ ਘਿ੍ਰਣਤ ਸ਼ਬਦਾਂ ਦੇ ਪ੍ਰਯੋਗ ਤੇ ਕਿਸਾਨ ਨੇਤਾਵਾਂ ਨੇ ਕਾਂਡਾਂ ਤੇ ਸਾਰਵਜਨਿਕ ਰੂਪ ਵਿਚ ਮਾਫ਼ੀ ਮੰਗਣ ਦਾ ਅਲਟੀਮੇਟਮ ਦਿੱਤਾ ਹੈ

MLA Gopal Kanda

ਸਿਰਸਾ (ਸੁਰਿੰਦਰ ਪਾਲ ਸਿੰਘ): ਦੇਸ਼ ਵਿਚ ਖੱਬੇ ਪੱਖੀ ਨੇਤਵਾਂ ਨੂੰ ਛੱਡ ਸਾਰੀਆਂ ਸਿਆਸੀ ਪਾਰਟੀਆਂ ਦੇ ਨੇਤਾਵਾਂ ਅਤੇ ਮੰਤਰੀਆਂ ਨੇ ਵਿਧਾਨ ਸਭਾ ਦੇ ਅੰਦਰ ਅਤੇ ਬਾਹਰ ਕਿਸਾਨਾਂ ਦੀ ਬਾਂਹ ਫੜਨ ਦੀ ਥਾਂ ਉਨ੍ਹਾਂ ਦੇ ਸ਼ਾਤਮਈ ਅੰਦੋਲਨ ਦਾ ਮਖ਼ੌਲ ਹੀ ਉਡਾਇਆ ਹੈ। ਇਸੇ ਤਰ੍ਹਾਂ ਸਿਰਸਾ ਦੇ ਵਿਧਾਇਕ ਗੋਪਾਲ ਕਾਂਡਾ ਨੇ ਵਿਧਾਨ ਸਭਾ ਵਿਚ ਕਿਸਾਨਾਂ ਦਾ ਮਾਨ-ਸਨਮਾਨ ਕਰਨ ਦੀ ਥਾਂ ਉਨ੍ਹਾਂ ਲਈ ਅਪਮਾਨਜਨਕ ਸ਼ਬਦਾਂ ਦਾ ਪ੍ਰਯੋਗ ਕਰ ਕੇ ਇਹ ਸਿੱਧ ਕਰ ਦਿੱਤਾ ਕਿ ਦੇਸ਼ ਦੇ ਰਾਜ ਨੇਤਾਵਾਂ ਦੀ ਨਜ਼ਰ ਵਿਚ ਕਿਸਾਨ-ਮਜ਼ਦੂਰ ਕੇਵਲ ਵੋਟ ਹਨ ਇਸ ਤੋਂ ਵੱਧ ਕੁੁੱਝ ਨਹੀਂ।

ਵਿਧਾਇਕ ਕਾਂਡਾ ਦੇ ਕਿਸਾਨਾਂ ਪ੍ਰਤੀ ਘਿ੍ਰਣਤ ਸ਼ਬਦਾਂ ਦੇ ਪ੍ਰਯੋਗ ਤੇ ਕਿਸਾਨ ਨੇਤਾਵਾਂ ਨੇ ਕਾਂਡਾਂ ਤੇ ਸਾਰਵਜਨਿਕ ਰੂਪ ਵਿਚ ਮਾਫ਼ੀ ਮੰਗਣ ਦਾ ਅਲਟੀਮੇਟਮ ਦਿੱਤਾ ਹੈ, ਨਹੀਂ ਤਾਂ ਉਹ ਵਿਧਾਇਕ ਨੂੰ ਘਰੋਂ ਨਹੀਂ ਨਿਕਲਣ ਦੇਣਗੇ। ਪਰ ਦੂਜੇ ਪਾਸੇ ਰਾਜਨੀਤਕ ਚਲਾਕੀ ਦਾ ਪ੍ਰਯੋਗ ਕਰਦੇ ਹਏ ਵਿਧਾਇਕ ਗੋਪਾਲ ਕਾਂਡਾ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕਿਸਾਨਾਂ ਨੂੰ ਨਹੀਂ ਸਗੋਂ ਅਪਣੇ ਨਿਜੀ ਸਵਾਰਥਾਂ ਦੀ ਪੂਰਤੀ ਕਰਨ ਵਾਲੇ ਲੋਕਾਂ ਪ੍ਰਤੀ ਅਜਿਹੇ ਸ਼ਬਦਾਂ ਦਾ ਪ੍ਰਯੋਗ ਕੀਤਾ ਹੈ। 

ਕਿਸਾਨ ਨੇਤਾ ਰਣਧੀਰ ਜੋਧਕਾਂ ਨੇ ਕਿਹਾ ਕਿ ਵਿਧਾਇਕ ਗੋਪਾਲ ਕਾਂਡਾ ਨੇ ਅਪਣਾ ਵਜੂਦ ਬਚਾਉਣ ਲਈ ਭਾਜਪਾ ਨੂੰ ਸ਼ਰੇਆਮ ਸਮਰਥਨ ਦਿਤਾ ਅਤੇ ਅੰਦੋਲਨ ਕਰ ਰਹੇ ਕਿਸਾਨਾਂ ਨੂੰ ਵਿਧਾਨ ਸਭਾ ਵਿਚ ‘ਬਲੈਕ ਸ਼ੀਪ’ ਭਾਵ ਕਾਲੀਆਂ ਭੇਡਾਂ ਕਹਿ ਕੇ ਅਪਮਾਨਤ ਕੀਤਾ ਹੈ। ਜੋਧਕਾਂ ਨੇ ਕਿਹਾ ਕਿ ਇਕ ਜਨ ਪ੍ਰਤੀਨਿਧੀ ਨੂੰ ਲੋਕਾਂ ਨੇ ਵਿਧਾਨ ਸਭਾ ਵਿਚ ਅਪਣੀ ਆਵਾਜ਼ ਚੁੱਕਣ ਲਈ ਵਿਧਾਇਕ ਚੁਣਿਆ ਹੈ ਪਰ ਰਾਜ ਸੱਤਾ ਵਿਚ ਆਉਣ ਦੇ ਬਾਅਦ ਇਹ ਲੋਕ ਜਨਤਾ ਦੇ ਸਾਝੇ ਹਿਤਾਂ ਨੂੰ ਕਿਵੇਂ ਪੈਰਾ ਹੇਠ ਮਸਲਦੇ ਹਨ ਇਸ ਦੀ ਉਦਾਹਰਣ ਗੋਪਾਲ ਕਾਂਡਾ ਹੈ। 

ਉਨ੍ਹਾਂ ਕਿਹਾ ਕਿ ਉਹ ਪਿੰਡ-ਪਿੰਡ ਅਤੇ ਘਰ-ਘਰ ਜਾ ਕੇ ਸਿਰਸਾ ਦੇ ਵਿਧਾਇਕ ਗੋਪਾਲ ਕਾਂਡਾ ਦੁਆਰਾ ਕਿਸਾਨਾਂ ਲਈ ਇਸਤੇਮਾਲ ਕੀਤੇ ਸ਼ਬਦਾਂ ਨੂੰ ਲੈ ਕੇ ਲੋਕਾਂ ਨੂੰ ਜਾਗਰੂਕ ਕਰਨਗੇ ਅਤੇ ਅਜਿਹੇ ਪਾਖੰਡੀ ਅਤੇ ਕਿਸਾਨ ਵਿਰੋਧੀ ਨੇਤਵਾਂ ਨੂੰ ਹੁਣ ਲੋਕ ਪਿੰਡਾਂ ਵਿਚ ਨਹੀਂ ਵੜਣ ਦੇਣਗੇ। ਇਸ ਮੌਕੇ ਉਨ੍ਹਾਂ ਦੇ ਨਾਲ ਗੁਰਵਿੰਦਰ ਸਿੰਘ, ਰਛਪਾਲ ਸਿੰਘ, ਕੁਲਬੀਰ ਸਿੰਘ, ਵਿਨੋਦ ਢਾਕਾ, ਭੁਪਿੰਦਰ ਬੈਨੀਵਾਲ, ਕੁਲਦੀਪ ਸਹਾਰਣ, ਰਾਕੇਸ਼ ਫੂਲਕਾਂ ਅਤੇ ਪਿ੍ਰੰਸ ਅਰੋੜਾ ਸਮੇਤ ਸਿਰਸਾ ਖੇਤਰ ਦੇ ਬਹੁਤ ਸਾਰੇ ਕਿਸਾਨ ਮਜ਼ਦੂਰ ਅਤੇ ਕਾਮਗਾਰ ਕਾਰਕੁਨ ਮੌਜੂਦ ਸਨ।