ਗਾਂਧੀ ਪਰਿਵਾਰ ਛੱਡੇ ਕਾਂਗਰਸ ਦੀ ਲੀਡਰਸ਼ਿਪ, ਕਿਸੇ ਹੋਰ ਨੂੰ ਮੌਕਾ ਦੇ ਕੇ ਦੇਖੋ- ਕਪਿਲ ਸਿੱਬਲ
ਕਪਿਲ ਸਿੱਬਲ ਨੇ ਕਿਹਾ ਕਿ ਉਹ ‘ਸਭ ਦੀ ਕਾਂਗਰਸ’ ਬਣਾਉਣਾ ਚਾਹੁੰਦੇ ਹਨ ਪਰ ਕੁਝ ਲੋਕ ‘ਘਰ ਦੀ ਕਾਂਗਰਸ’ ਬਣਾਉਣਾ ਚਾਹੁੰਦੇ ਹਨ।
ਨਵੀਂ ਦਿੱਲੀ: ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ 'ਚ ਕਾਂਗਰਸ ਦੀ ਕਰਾਰੀ ਹਾਰ ਤੋਂ ਬਾਅਦ ਸਾਬਕਾ ਕੇਂਦਰੀ ਮੰਤਰੀ ਅਤੇ ਕਾਂਗਰਸ ਨੇਤਾ ਕਪਿਲ ਸਿੱਬਲ ਨੇ ਇਕ ਵਾਰ ਫਿਰ ਕਾਂਗਰਸ ਲੀਡਰਸ਼ਿਪ 'ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਇਸ ਇੰਟਰਵਿਊ ਦੌਰਾਨ ਕਪਿਲ ਸਿੱਬਲ ਨੇ ਗਾਂਧੀ ਪਰਿਵਾਰ ਨੂੰ ਅਹੁਦਾ ਛੱਡਣ ਅਤੇ ਕਿਸੇ ਹੋਰ ਨੇਤਾ ਨੂੰ ਅਗਵਾਈ ਦੇਣ ਲਈ ਕਿਹਾ ਹੈ। ਕਪਿਲ ਸਿੱਬਲ ਨੇ ਕਿਹਾ ਕਿ ਉਹ ‘ਸਭ ਦੀ ਕਾਂਗਰਸ’ ਬਣਾਉਣਾ ਚਾਹੁੰਦੇ ਹਨ ਪਰ ਕੁਝ ਲੋਕ ‘ਘਰ ਦੀ ਕਾਂਗਰਸ’ ਬਣਾਉਣਾ ਚਾਹੁੰਦੇ ਹਨ। ਉਹਨਾਂ ਕਿਹਾ ਕਿ 2022 ਦੀਆਂ ਵਿਧਾਨ ਸਭਾ ਚੋਣਾਂ 'ਚ ਜਿਹੜੇ ਲੋਕ ਕਾਂਗਰਸ ਲੀਡਰਸ਼ਿਪ ਦੇ ਬਹੁਤ ਨੇੜੇ ਸਨ, ਉਹ ਛੱਡ ਗਏ। ਮੈਂ ਅੰਕੜੇ ਦੇਖ ਰਿਹਾ ਸੀ। ਇਸ ਉੱਤੇ ਧਿਆਨ ਦੇਣਾ ਚਾਹੀਦਾ ਹੈ ਕਿ 177 ਸੰਸਦ ਮੈਂਬਰਾਂ ਅਤੇ ਵਿਧਾਇਕਾਂ ਤੋਂ ਇਲਾਵਾ 222 ਉਮੀਦਵਾਰਾਂ ਨੇ ਵੀ 2014 ਤੋਂ ਬਾਅਦ ਕਾਂਗਰਸ ਛੱਡ ਦਿੱਤੀ। ਇਸ ਤਰ੍ਹਾਂ ਦਾ ਪਰਵਾਸ ਕਿਸੇ ਹੋਰ ਪਾਰਟੀ ਵਿਚ ਨਹੀਂ ਦੇਖਿਆ ਗਿਆ।
Kapil Sibal
ਗਾਂਧੀ ਪਰਿਵਾਰ ਦੀ ਲੀਡਰਸ਼ਿਪ ਦੇ ਸਵਾਲ 'ਤੇ ਸਿੱਬਲ ਨੇ ਕਿਹਾ ਕਿ ਲੋਕ ਦੂਜਿਆਂ ਨੂੰ ਮੌਕਾ ਦੇ ਕੇ ਪਾਰਟੀ ਖੜ੍ਹੀ ਕਰਦੇ ਹਨ। ਤੁਸੀਂ ਇਕ ਸੰਗਠਨ ਬਣਾਉਂਦੇ ਹੋ ਅਤੇ ਸਮੇਂ-ਸਮੇਂ 'ਤੇ ਲੀਡਰਸ਼ਿਪ ਬਦਲੀ ਜਾਂਦੀ ਹੈ। ਉਹਨਾਂ ਨੂੰ ਆਪਣੀ ਮਰਜ਼ੀ ਨਾਲ ਅਜਿਹਾ ਕਰਨਾ ਚਾਹੀਦਾ ਹੈ। ਉਹਨਾਂ ਨੂੰ ਖੁਦ ਫੈਸਲਾ ਕਰਨਾ ਚਾਹੀਦਾ ਹੈ ਅਤੇ ਕਿਸੇ ਹੋਰ ਨੂੰ ਮੌਕਾ ਦੇਣਾ ਚਾਹੀਦਾ ਹੈ।
Gandhi Family
ਦਿੱਗਜ ਆਗੂ ਨੇ ਕਿਹਾ, 'ਸੂਬਿਆਂ ਵਿਚ ਕਾਂਗਰਸ ਦੀ ਵੋਟ ਪ੍ਰਤੀਸ਼ਤਤਾ ਨਾ-ਮਾਤਰ ਹੈ। ਉੱਤਰ ਪ੍ਰਦੇਸ਼ ਵਿਚ ਸਾਨੂੰ ਸਿਰਫ਼ 2.33 ਫ਼ੀਸਦੀ ਵੋਟਾਂ ਮਿਲੀਆਂ ਹਨ। ਹਾਲਾਂਕਿ ਮੈਂ ਇਸ ਤੋਂ ਹੈਰਾਨ ਨਹੀਂ ਸੀ। ਅਸੀਂ ਵੋਟਰਾਂ ਨਾਲ ਨਹੀਂ ਜੁੜ ਸਕੇ। ਅਸੀਂ ਅਗਵਾਈ ਕਰਨ ਅਤੇ ਲੋਕਾਂ ਤੱਕ ਪਹੁੰਚਣ ਦੇ ਯੋਗ ਨਹੀਂ ਹਾਂ। ਇਹ ਵੀ ਲੋਕਾਂ ਵਿਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। 2014 ਤੋਂ ਜਵਾਬਦੇਹੀ ਦੀ ਕਮੀ, ਸਵੀਕਾਰਤਾ ਵਿਚ ਗਿਰਾਵਟ ਅਤੇ ਲੋਕਾਂ ਤੱਕ ਪਹੁੰਚ ਵਧਾਉਣ ਲਈ ਘੱਟ ਕੋਸ਼ਿਸ਼ਾਂ ਹੋਈਆਂ ਹਨ।
Kapil Sibal
ਇਹ ਪੁੱਛੇ ਜਾਣ 'ਤੇ ਕਿ ਕੀ ਤੁਸੀਂ ਅਤੇ ਕਾਂਗਰਸ ਵਰਕਿੰਗ ਕਮੇਟੀ ਤੋਂ ਬਾਹਰ ਕਾਂਗਰਸ ਦੇ ਲੋਕ ਮੰਨਦੇ ਹਨ ਕਿ ਗਾਂਧੀ ਪਰਿਵਾਰ ਦੇ ਅਹੁਦਾ ਛੱਡਣ ਦਾ ਸਮਾਂ ਆ ਗਿਆ ਹੈ? ਸਿੱਬਲ ਨੇ ਕਿਹਾ ਕਿ ਮੈਂ ਦੂਜਿਆਂ ਦੀ ਗੱਲ ਨਹੀਂ ਕਰਦਾ ਪਰ ਮੇਰੀ ਨਿੱਜੀ ਰਾਏ ਹੈ ਕਿ ਘੱਟੋ-ਘੱਟ ਮੈਨੂੰ 'ਸਭ ਦੀ ਕਾਂਗਰਸ' ਚਾਹੀਦੀ ਹੈ। ਕੁਝ ਲੋਕ ‘ਘਰ ਦੀ ਕਾਂਗਰਸ’ ਚਾਹੁੰਦੇ ਹਨ। ਮੈਂ ਯਕੀਨਨ ਘਰ ਦੀ ਕਾਂਗਰਸ ਨਹੀਂ ਚਾਹੁੰਦਾ। ਮੈਂ ‘ਸਭ ਦੀ ਕਾਂਗਰਸ’ ਲਈ ਆਖਰੀ ਸਾਹ ਤੱਕ ਲੜਾਂਗਾ।
Rahul Gandhi
ਇਹ ਪੁੱਛੇ ਜਾਣ 'ਤੇ ਕਿ ਕੀ ਰਾਹੁਲ ਗਾਂਧੀ ਨੂੰ ਮੁੜ ਪਾਰਟੀ ਦੀ ਵਾਗਡੋਰ ਆਪਣੇ ਹੱਥਾਂ 'ਚ ਲੈਣੀ ਚਾਹੀਦੀ ਹੈ? ਸਿੱਬਲ ਨੇ ਕਿਹਾ ਕਿ ਮੈਨੂੰ ਇਹ ਗੱਲ ਸਮਝ ਨਹੀਂ ਆਉਂਦੀ। ਸਾਨੂੰ ਸਮਝਣਾ ਚਾਹੀਦਾ ਹੈ ਕਿ ਇਸ ਸਮੇਂ ਕਾਂਗਰਸ ਦੀ ਪ੍ਰਧਾਨ ਸੋਨੀਆ ਗਾਂਧੀ ਹੈ, ਰਾਹੁਲ ਗਾਂਧੀ ਨਹੀਂ। ਹਾਲਾਂਕਿ ਰਾਹੁਲ ਗਾਂਧੀ ਨੇ ਪੰਜਾਬ ਜਾ ਕੇ ਐਲਾਨ ਕੀਤਾ ਕਿ ਚਰਨਜੀਤ ਸਿੰਘ ਚੰਨੀ ਨਵੇਂ ਮੁੱਖ ਮੰਤਰੀ ਹੋਣਗੇ। ਸਿੱਬਲ ਨੇ ਕਿਹਾ ਕਿ ਉਹਨਾਂ ਨੇ ਇਹ ਐਲਾਨ ਕਿਸ ਅਧਿਕਾਰ ਨਾਲ ਕੀਤਾ ਹੈ? ਉਹ ਪਾਰਟੀ ਦੇ ਪ੍ਰਧਾਨ ਨਹੀਂ ਹਨ ਪਰ ਉਹ ਸਾਰੇ ਫੈਸਲੇ ਲੈਂਦੇ ਹਨ। ਉਹ ਪਹਿਲਾਂ ਹੀ ‘ਅਸਲ’ ਪ੍ਰਧਾਨ ਹਨ।