ਲਖਨਊ: ਟਰੇਨ 'ਚ ਸ਼ਰਾਬੀ TTE ਨੇ ਮਹਿਲਾ ਦੇ ਸਿਰ 'ਤੇ ਕੀਤਾ ਪਿਸ਼ਾਬ, ਰੇਲ ਮੰਤਰਾਲੇ ਨੇ ਕੀਤਾ ਬਰਖਾਸਤ

ਏਜੰਸੀ

ਖ਼ਬਰਾਂ, ਰਾਸ਼ਟਰੀ

ਉਸ ਨੂੰ ਨਿਆਂਇਕ ਹਿਰਾਸਤ ਵਿੱਚ ਜੇਲ੍ਹ ਭੇਜ ਦਿੱਤਾ ਗਿਆ।

photo

 

ਲਖਨਊ : ਏਅਰ ਇੰਡੀਆ ਦੀ ਫਲਾਈਟ 'ਚ ਇਕ ਮਹਿਲਾ ਯਾਤਰੀ 'ਤੇ ਪਿਸ਼ਾਬ ਕਰਨ ਦਾ ਮਾਮਲਾ ਅਜੇ ਪੂਰੀ ਤਰ੍ਹਾਂ ਸੁਲਝਿਆ ਨਹੀਂ ਹੈ, ਇਸੇ ਦੌਰਾਨ ਟਰੇਨ ਦੇ ਏਸੀ ਕੋਚ 'ਚ ਅਜਿਹੀ ਹੀ ਇਕ ਘਟਨਾ ਵਾਪਰੀ ਹੈ। ਅੰਮ੍ਰਿਤਸਰ ਤੋਂ ਕੋਲਕਾਤਾ ਜਾ ਰਹੀ ਅਕਾਲ ਤਖ਼ਤ ਐਕਸਪ੍ਰੈਸ ਵਿੱਚ ਐਤਵਾਰ ਰਾਤ ਨੂੰ ਟੀਟੀਈ ਨੇ ਔਰਤ ਦੇ ਸਿਰ ਵਿੱਚ ਪਿਸ਼ਾਬ ਕਰ ਦਿੱਤਾ। ਇਸ ਮਾਮਲੇ 'ਚ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਦੂਜੇ ਪਾਸੇ ਰੇਲਵੇ ਮੰਤਰਾਲੇ ਨੇ ਦੋਸ਼ੀ ਟੀ.ਟੀ.ਈ. ਨੂੰ ਬਰਖਾਸਤ ਕਰ ਦਿੱਤਾ ਹੈ।

ਅਧਿਕਾਰੀਆਂ ਨੇ ਦੱਸਿਆ ਕਿ ਅੰਮ੍ਰਿਤਸਰ ਦੀ ਰਹਿਣ ਵਾਲੀ ਔਰਤ ਅਕਾਲ ਤਖ਼ਤ ਐਕਸਪ੍ਰੈਸ ਦੇ ਏ-1 ਕੋਚ ਵਿੱਚ ਆਪਣੇ ਪਤੀ ਨਾਲ ਸਫ਼ਰ ਕਰ ਰਹੀ ਸੀ। ਬਿਹਾਰ ਦੇ ਬੇਗੂਸਰਾਏ ਦੇ ਰਹਿਣ ਵਾਲੇ ਟੀਟੀਈ ਮੁੰਨਾ ਕੁਮਾਰ ਨੇ ਐਤਵਾਰ ਰਾਤ ਕਰੀਬ 12 ਵਜੇ ਔਰਤ ਦੇ ਸਿਰ ਵਿੱਚ ਪਿਸ਼ਾਬ ਕਰ ਦਿੱਤਾ। ਟੀਟੀਈ ਦੀ ਇਸ ਅਚਾਨਕ ਕਾਰਵਾਈ ਨੇ ਔਰਤ ਦੀ ਨੀਂਦ ਖਰਾਬ ਕਰ ਦਿੱਤੀ। ਉਸ ਨੇ ਰੌਲਾ ਪਾਇਆ। ਚੀਕ-ਚਿਹਾੜਾ ਸੁਣ ਕੇ ਆਸ-ਪਾਸ ਦੇ ਯਾਤਰੀ ਜਾਗ ਪਏ। ਸਾਰਿਆਂ ਨੇ ਦੋਸ਼ੀ ਟੀ.ਟੀ.ਈ. ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਅਤੇ ਇਸ ਬਾਰੇ ਰੇਲਵੇ ਦੇ ਕੰਟਰੋਲ ਰੂਮ ਨੰਬਰ 139 'ਤੇ ਸੂਚਨਾ ਦਿੱਤੀ ਗਈ।

ਇਸ ਤੋਂ ਬਾਅਦ ਜਦੋਂ ਟਰੇਨ ਚਾਰਬਾਗ ਪਹੁੰਚੀ ਤਾਂ ਦੋਸ਼ੀ ਟੀਟੀਈ ਨੂੰ ਜੀਆਰਪੀ ਨੇ ਹਿਰਾਸਤ ਵਿੱਚ ਲੈ ਲਿਆ। ਜੀਆਰਪੀ ਲਖਨਊ ਦੇ ਇੰਚਾਰਜ ਇੰਸਪੈਕਟਰ ਨਵਰਤਨ ਗੌਤਮ ਅਨੁਸਾਰ ਮੁਲਜ਼ਮ ਟੀਟੀਈ ਨਸ਼ੇ ਵਿੱਚ ਸੀ। ਮੁਲਜ਼ਮ ਟੀਟੀਈ ਸਹਾਰਨਪੁਰ ਰੇਲਵੇ ਡਵੀਜ਼ਨ ਵਿੱਚ ਤਾਇਨਾਤ ਹੈ। ਦੂਜੇ ਪਾਸੇ ਮਹਿਲਾ ਦੇ ਪਤੀ ਦੇ ਬਿਆਨਾਂ 'ਤੇ ਟੀਟੀਈ ਨਾਲ ਛੇੜਛਾੜ ਕਰਨ, ਔਰਤ ਦੀ ਮਰਿਆਦਾ ਤੋੜਨ ਅਤੇ ਝਗੜਾ ਪੈਦਾ ਕਰਨ ਦੀ ਧਾਰਾ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

ਜੀਆਰਪੀ ਨੇ ਸੋਮਵਾਰ ਨੂੰ ਮੁਲਜ਼ਮ ਟੀਟੀਈ ਨੂੰ ਅਦਾਲਤ ਵਿੱਚ ਪੇਸ਼ ਕੀਤਾ। ਜਿੱਥੇ ਉਸ ਨੂੰ ਨਿਆਂਇਕ ਹਿਰਾਸਤ ਵਿੱਚ ਜੇਲ੍ਹ ਭੇਜ ਦਿੱਤਾ ਗਿਆ।