ਬਿਰਲਾ ਵਿਰੁਧ ਬੇਭਰੋਸਗੀ ਮਤੇ ਨੂੰ PM ਮੋਦੀ ਨੇ ‘ਸਿਆਸੀ ਬਦਅਮਲੀ’ ਕਰਾਰ ਦਿਤਾ
ਕਿਹਾ, 'ਵੰਸ਼ਵਾਦੀ ਮਾਨਸਿਕਤਾ' ’ਚ ਡੁੱਬੇ ਹੋਏ ਕੁੱਝ ਵਿਅਕਤੀ ਲੋਕਤੰਤਰੀ ਸੰਸਥਾਵਾਂ ਨੂੰ ਅਪਣੇ ਤੰਗ ਖੇਤਰਾਂ ’ਚ ਸੀਮਤ ਕਰਨਾ ਚਾਹੁੰਦੇ ਹਨ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਕਾਂਗਰਸ ਉਤੇ ਤਿੱਖਾ ਹਮਲਾ ਕਰਦੇ ਹੋਏ ਕਿਹਾ ਕਿ ਲੋਕ ਸਭਾ ਸਪੀਕਰ ਓਮ ਬਿਰਲਾ ਵਿਰੁਧ ਲਿਆਂਦਾ ਗਿਆ ਮਤਾ ਸਵੈ-ਹਿੱਤਾਂ ਦਾ ਨਤੀਜਾ ਸੀ ਅਤੇ 'ਵੰਸ਼ਵਾਦੀ ਮਾਨਸਿਕਤਾ' ’ਚ ਡੁੱਬੇ ਹੋਏ ਕੁੱਝ ਵਿਅਕਤੀ ਲੋਕਤੰਤਰੀ ਸੰਸਥਾਵਾਂ ਨੂੰ ਅਪਣੇ ਤੰਗ ਖੇਤਰਾਂ ’ਚ ਸੀਮਤ ਕਰਨਾ ਚਾਹੁੰਦੇ ਹਨ।
ਲੋਕ ਸਭਾ ਸਪੀਕਰ ਓਮ ਬਿਰਲਾ ਵਿਰੁਧ ਕਾਂਗਰਸ ਦੀ ਅਗਵਾਈ ਵਾਲੇ ਵਿਰੋਧੀ ਧਿਰ ਵਲੋਂ ਲਿਆਂਦਾ ਗਿਆ ਮਤਾ ਬੁਧਵਾਰ ਨੂੰ ਜ਼ੁਬਾਨੀ ਵੋਟ ਰਾਹੀਂ ਡਿੱਗ ਗਿਆ ਸੀ। ਇਸ ਮਾਮਲੇ ਉਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਿਰਲਾ ਨੂੰ ਚਿੱਠੀ ਲਿਖ ਕੇ ਵਿਰੋਧੀ ਧਿਰ ਉਤੇ ਤਿੱਖਾ ਹਮਲਾ ਕੀਤਾ।
ਮੋਦੀ ਨੇ ਕਿਹਾ ਕਿ ਇਹ ਮਤਾ ‘ਸਿਆਸੀ ਬਦਅਮਲੀ’ ਸੀ ਅਤੇ ਕੁੱਝ ਲੋਕ ‘ਵੰਸ਼ਵਾਦੀ ਸੋਚ’ ਨਾਲ ਲੋਕਤੰਤਰਕ ਸੰਸਥਾਵਾਂ ਨੂੰ ਅਪਣੇ ਘੇਰੇ ਵਿਚ ਰਖਣਾ ਚਾਹੁੰਦੇ ਹਨ। ਚਿੱਠੀ ਵਿਚ ਉਨ੍ਹਾਂ ਨੇ ਲਿਖਿਆ, ‘‘ਲੋਕ ਸਭਾ ਵਿਚ ਤੁਹਾਡੇ ਵਿਰੁਧ ਲਿਆਂਦਾ ਗਿਆ ਬੇਭਰੋਸਗੀ ਮਤਾ ਹਾਰ ਗਿਆ ਹੈ। ਮੈਂ ਇਸ ਸਿਆਸੀ ਬਦਅਮਲੀ ਨੂੰ ਨਕਾਰਨ ਵਾਲੇ ਸੱਭ ਮੈਂਬਰਾਂ ਨੂੰ ਵਧਾਈ ਦਿੰਦਾ ਹਾਂ।’’
ਸਪੀਕਰ ਬਿਰਲਾ ਨੇ ਪ੍ਰਧਾਨ ਮੰਤਰੀ ਦੇ ਚਿੱਠੀ ਲਈ ਧੰਨਵਾਦ ਜ਼ਾਹਰ ਕਰਦਿਆਂ ਕਿਹਾ, ‘‘ਤੁਹਾਡਾ ਸੰਦੇਸ਼ ਲੋਕ ਸਭਾ ਹੀ ਨਹੀਂ, ਸਾਰੇ ਚੁਣੇ ਹੋਏ ਪ੍ਰਤਿਨਿਧੀਆਂ ਲਈ ਪ੍ਰੇਰਣਾ ਹੈ। ਤੁਸੀਂ ਹਮੇਸ਼ਾ ਲੋਕਤੰਤਰਕ ਪਰੰਪਰਾਵਾਂ ਅਤੇ ਸੰਸਦੀ ਨਿਯਮਾਂ ਉਤੇ ਅਟੱਲ ਵਿਸ਼ਵਾਸ ਰੱਖਿਆ ਹੈ।’’
ਮੋਦੀ ਨੇ ਜ਼ੋਰ ਦਿਤਾ ਕਿ ਲੋਕਤੰਤਰ ਦੀ ਅਸਲੀ ਤਾਕਤ ਸੰਵਿਧਾਨਕ ਸੰਸਥਾਵਾਂ ਵਿਚ ਹੈ ਅਤੇ ਸਪੀਕਰ ਦੀ ਜ਼ਿੰਮੇਵਾਰੀ ਸਿਰਫ਼ ਕਾਰਵਾਈ ਚਲਾਉਣ ਤਕ ਸੀਮਿਤ ਨਹੀਂ, ਸਗੋਂ ਲੋਕਤੰਤਰਕ ਪਰੰਪਰਾਵਾਂ ਦੀ ਰੱਖਿਆ ਵੀ ਹੈ। ਉਨ੍ਹਾਂ ਨੇ ਕਿਹਾ ਕਿ ‘ਕੋਈ ਵੀ ਮੈਂਬਰ ਨਿਯਮਾਂ ਤੋਂ ਉੱਪਰ ਨਹੀਂ ਹੈ।’