ਰਾਹੁਲ ਗਾਂਧੀ ਨੇ PM ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਭਾਰਤ ਰਤਨ ਦੇਣ ਦੀ ਕੀਤੀ ਮੰਗ
ਕਿਹਾ : ‘ਕਾਂਸ਼ੀਰਾਮ ਨੂੰ ਭਾਰਤ ਰਤਨ ਦੇਣ ਨਾਲ ਉਨ੍ਹਾਂ ਲੱਖਾਂ ਦਾ ਸਨਮਾਨ ਹੋਵੇਗਾ ਜੋ ਉਨ੍ਹਾਂ ਨੂੰ ਆਸ ਦੇ ਪ੍ਰਤੀਕ ਵਜੋਂ ਦੇਖਦੇ ਹਨ’
ਨਵੀਂ ਦਿੱਲੀ : ਕਾਂਗਰਸ ਆਗੂ ਰਾਹੁਲ ਗਾਂਧੀ ਨੇ ਐਤਵਾਰ ਨੂੰ ਪੱਤਰ ਲਿਖ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਬਹੁਜਨ ਸਮਾਜ ਪਾਰਟੀ (ਬਸਪਾ) ਦੇ ਸੰਸਥਾਪਕ ਕਾਂਸ਼ੀਰਾਮ ਨੂੰ ਮਰਨ ਉਪਰੰਤ ਭਾਰਤ ਰਤਨ ਨਾਲ ਸਨਮਾਨਿਤ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਉਨ੍ਹਾਂ ਲੱਖਾਂ ਲੋਕਾਂ ਦੀਆਂ ਭਾਵਨਾਵਾਂ ਦਾ ਸਨਮਾਨ ਹੋਵੇਗਾ, ਜੋ ਕਾਂਸ਼ੀਰਾਮ ਨੂੰ ਸਸ਼ਕਤੀਕਰਨ ਅਤੇ ਆਸ ਦੇ ਪ੍ਰਤੀਕ ਵਜੋਂ ਵੇਖਦੇ ਹਨ।
ਰਾਹੁਲ ਨੇ ਮੋਦੀ ਨੂੰ ਲਿਖੇ ਪੱਤਰ ਵਿੱਚ ਕਿਹਾ ਕਿ ਕਾਂਸ਼ੀਰਾਮ ਨੇ ਭਾਰਤੀ ਰਾਜਨੀਤੀ ਦਾ ਸਰੂਪ ਬਦਲ ਦਿੱਤਾ ਅਤੇ ਆਪਣੇ ਅੰਦੋਲਨਾਂ ਰਾਹੀਂ ਬਹੁਜਨਾਂ ਅਤੇ ਗਰੀਬਾਂ ਵਿੱਚ ਰਾਜਨੀਤਕ ਜਾਗਰੂਕਤਾ ਪੈਦਾ ਕੀਤੀ। ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਪੱਤਰ ਵਿੱਚ ਕਿਹਾ ਕਿ ਅੱਜ ਐਤਵਾਰ ਨੂੰ ਜਦੋਂ ਅਸੀਂ ਕਾਂਸ਼ੀਰਾਮ ਦੀ ਜਯੰਤੀ ਮਨਾ ਰਹੇ ਹਾਂ ਅਤੇ ਉਨ੍ਹਾਂ ਦੀ ਵਿਰਾਸਤ ਅਤੇ ਯੋਗਦਾਨ 'ਤੇ ਵਿਚਾਰ ਕਰ ਰਹੇ ਹਾਂ, ਤਾਂ ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਉਨ੍ਹਾਂ ਨੂੰ ਮਰਨ ਉਪਰੰਤ ਭਾਰਤ ਰਤਨ ਨਾਲ ਸਨਮਾਨਿਤ ਕੀਤਾ ਜਾਵੇ।
ਉਨ੍ਹਾਂ ਕਿਹਾ ਕਿ ਕਾਂਸ਼ੀਰਾਮ ਨੇ ਭਾਰਤੀ ਰਾਜਨੀਤੀ ਦਾ ਸਰੂਪ ਬਦਲ ਦਿੱਤਾ। ਆਪਣੇ ਅੰਦੋਲਨਾਂ ਰਾਹੀਂ ਉਨ੍ਹਾਂ ਨੇ ਬਹੁਜਨਾਂ ਅਤੇ ਗਰੀਬਾਂ ਵਿੱਚ ਰਾਜਨੀਤਕ ਜਾਗਰੂਕਤਾ ਵਧਾਈ । ਉਨ੍ਹਾਂ ਨੇ ਉਨ੍ਹਾਂ ਨੂੰ ਯਾਦ ਕਰਵਾਇਆ ਕਿ ਉਨ੍ਹਾਂ ਦਾ ਵੋਟ, ਉਨ੍ਹਾਂ ਦੀ ਆਵਾਜ਼ ਅਤੇ ਉਨ੍ਹਾਂ ਦਾ ਨੁਮਾਇੰਦਗੀ ਮਹੱਤਵਪੂਰਨ ਹੈ ਅਤੇ ਇਹ ਦੇਸ਼ ਸਾਰਿਆਂ ਦਾ ਬਰਾਬਰ ਹੈ। ਰਾਹੁਲ ਨੇ ਕਿਹਾ ਕਿ ਕਾਂਸ਼ੀਰਾਮ ਦੇ ਯਤਨਾਂ ਕਾਰਨ, ਕਈ ਅਜਿਹੇ ਲੋਕ ਜਿਨ੍ਹਾਂ ਨੇ ਕਦੇ ਜਨਤਕ ਜੀਵਨ ਵਿੱਚ ਆਉਣ ਬਾਰੇ ਵੀ ਨਹੀਂ ਸੋਚਿਆ ਸੀ, ਉਨ੍ਹਾਂ ਨੇ ਰਾਜਨੀਤੀ ਨੂੰ ਨਿਆਂ ਅਤੇ ਬਰਾਬਰੀ ਪ੍ਰਾਪਤ ਕਰਨ ਦੇ ਸਾਧਨ ਵਜੋਂ ਵੇਖਣਾ ਸ਼ੁਰੂ ਕਰ ਦਿੱਤਾ।
ਕਾਂਗਰਸ ਦੇ ਸਾਬਕਾ ਪ੍ਰਧਾਨ ਨੇ ਕਿਹਾ ਕਿ ਸਾਡਾ ਸੰਵਿਧਾਨ ਹਰੇਕ ਭਾਰਤੀ ਲਈ ਬਰਾਬਰੀ, ਮਾਣ ਅਤੇ ਭਾਗੀਦਾਰੀ ਦਾ ਵਾਅਦਾ ਕਰਦਾ ਹੈ । ਕਾਂਸ਼ੀਰਾਮ ਜੀ ਨੇ ਆਪਣੀ ਜ਼ਿੰਦਗੀ ਸਮਾਜ ਦੇ ਸਭ ਤੋਂ ਹੇਠਲੇ ਤਬਕੇ ਦੇ ਲੋਕਾਂ ਲਈ ਇਨ੍ਹਾਂ ਵਾਅਦਿਆਂ ਨੂੰ ਸਾਕਾਰ ਕਰਨ ਲਈ ਸਮਰਪਿਤ ਕਰ ਦਿੱਤੀ। ਅਜਿਹਾ ਕਰਕੇ ਉਨ੍ਹਾਂ ਨੇ ਭਾਰਤੀ ਲੋਕਤੰਤਰ ਦੀ ਨੀਂਹ ਨੂੰ ਮਜ਼ਬੂਤ ਕੀਤਾ ਅਤੇ ਸਾਡੀ ਰਾਜਨੀਤਕ ਵਿਵਸਥਾ ਨੂੰ ਵਧੇਰੇ ਨੁਮਾਇੰਦਗੀ ਵਾਲੀ ਅਤੇ ਨਿਆਂਪੂਰਨ ਬਣਾਇਆ। ਉਨ੍ਹਾਂ ਕਿਹਾ ਕਿ ਕਈ ਸਾਲਾਂ ਤੋਂ ਦਲਿਤ ਬੁੱਧੀਜੀਵੀ, ਆਗੂ ਅਤੇ ਕਾਰਕੁਨ ਕਾਂਸ਼ੀਰਾਮ ਨੂੰ ਭਾਰਤ ਰਤਨ ਨਾਲ ਸਨਮਾਨਿਤ ਕਰਨ ਦੀ ਮੰਗ ਕਰਦੇ ਆ ਰਹੇ ਹਨ। ਉਨ੍ਹਾਂ ਦੀ ਇਹ ਮੰਗ ਨਿਰੰਤਰ ਅਤੇ ਡੂੰਘੀ ਭਾਵਨਾ ਨਾਲ ਭਰੀ ਰਹੀ ਹੈ। ਹਾਲ ਹੀ ਵਿੱਚ ਮੈਂ ਲਖਨਊ ਵਿੱਚ ਇੱਕ ਪ੍ਰੋਗਰਾਮ ਵਿੱਚ ਹਿੱਸਾ ਲਿਆ, ਜਿੱਥੇ ਹਾਜ਼ਰ ਆਗੂਆਂ ਅਤੇ ਵਰਕਰਾਂ ਨੇ ਇਸ ਮੰਗ ਨੂੰ ਦ੍ਰਿੜਤਾ ਨਾਲ ਦੁਹਰਾਇਆ, ਜੋ ਇੱਕ ਵਿਆਪਕ ਭਾਵਨਾ ਨੂੰ ਦਰਸਾਉਂਦਾ ਹੈ।
ਰਾਹੁਲ ਨੇ ਕਿਹਾ ਕਿ ਕਾਂਸ਼ੀਰਾਮ ਨੂੰ ਮਰਨ ਉਪਰੰਤ ਭਾਰਤ ਰਤਨ ਨਾਲ ਸਨਮਾਨਿਤ ਕਰਨਾ ਦੇਸ਼ ਪ੍ਰਤੀ ਉਨ੍ਹਾਂ ਦੇ ਅਪਾਰ ਯੋਗਦਾਨ ਨੂੰ ਮਾਨਤਾ ਦੇਵੇਗਾ। ਕਾਂਗਰਸੀ ਆਗੂ ਨੇ ਪ੍ਰਧਾਨ ਮੰਤਰੀ ਨੂੰ ਲਿਖੇ ਪੱਤਰ ਵਿੱਚ ਕਿਹਾ ਕਿ ਇਹ ਉਨ੍ਹਾਂ ਲੱਖਾਂ ਲੋਕਾਂ ਦੀਆਂ ਭਾਵਨਾਵਾਂ ਦਾ ਸਨਮਾਨ ਕਰੇਗਾ, ਜੋ ਉਨ੍ਹਾਂ ਨੂੰ ਸਸ਼ਕਤੀਕਰਨ ਅਤੇ ਆਸ ਦੇ ਪ੍ਰਤੀਕ ਵਜੋਂ ਵੇਖਦੇ ਹਨ। ਮੈਨੂੰ ਉਮੀਦ ਹੈ ਕਿ ਸਰਕਾਰ ਇਸ ਅਰਦਾਸ 'ਤੇ ਗੰਭੀਰਤਾ ਨਾਲ ਵਿਚਾਰ ਕਰੇਗੀ।