'ਦੀਨ ਬਚਾਉ, ਦੇਸ਼ ਬਚਾਉ' ਨੂੰ ਲੈ ਕੇ ਪਟਨਾ ਦੇ ਗਾਂਧੀ ਮੈਦਾਨ 'ਚ ਮੁਸਲਮਾਨਾਂ ਦੀ ਵੱਡੀ ਰੈਲੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਇਮਾਰਤ ਸ਼ਰੀਆ ਅਤੇ ਆਲ ਇੰਡੀਆ ਮੁਸਲਿਮ ਪਰਸਨਲ ਲਾਅ ਬੋਰਡ (ਏਆਈਐਮਪੀਐਲਬੀ) ਨੇ ਸਾਂਝੇ ਤੌਰ 'ਤੇ ਇਸਲਾਮ ਅਤੇ ਦੇਸ਼ ਨੂੰ ਖ਼ਤਰੇ ...

big rally of Muslims in Patna's Gandhi Maidan

ਪਟਨਾ : ਇਮਾਰਤ ਸ਼ਰੀਆ ਅਤੇ ਆਲ ਇੰਡੀਆ ਮੁਸਲਿਮ ਪਰਸਨਲ ਲਾਅ ਬੋਰਡ (ਏਆਈਐਮਪੀਐਲਬੀ) ਨੇ ਸਾਂਝੇ ਤੌਰ 'ਤੇ ਇਸਲਾਮ ਅਤੇ ਦੇਸ਼ ਨੂੰ ਖ਼ਤਰੇ ਵਿਚ ਦਸਦੇ ਹੋਏ ਬਿਹਾਰ ਦੀ ਰਾਜਧਾਨੀ ਪਟਨਾ ਦੇ ਗਾਂਧੀ ਮੈਦਾਨ ਵਿਚ 'ਦੀਨ ਬਚਾਉ, ਦੇਸ਼ ਬਚਾਉ' ਰੈਲੀ ਕੀਤੀ। ਇਸ ਰੈਲੀ ਵਿਚ ਲੱਖਾਂ ਦੀ ਗਿਣਤੀ ਵਿਚ ਮੁਸਲਮਾਨਾਂ ਦਾ ਇਕੱਠ ਦੇਖਣ ਨੂੰ ਮਿਲਿਆ।

ਤਿੰਨ ਤਲਾਕ ਤੋਂ ਲੈ ਕੇ ਕਾਨੂੰਨ ਵਿਵਸਥਾ ਦੀ ਸਥਿਤੀ, ਸੰਵਿਧਾਨ ਅਤੇ ਇਸਲਾਮ 'ਤੇ ਖ਼ਤਰੇ ਦੇ ਮੁੱਦਿਆਂ 'ਤੇ ਏਆਈਐਮਪੀਐਲਬੀ ਅਤੇ ਇਮਾਰਤ ਸ਼ਰੀਆ ਹਮਲਾਵਰ ਹਨ ਅਤੇ ਇਨ੍ਹਾਂ ਮੁੱਦਿਆਂ ਦੇ ਵਿਰੋਧ ਵਿਚ ਇਹ ਰੈਲੀ ਕੀਤੀ ਗਈ ਹੈ। ਇਸ ਮੌਕੇ ਪ੍ਰੋਗਰਾਮ ਦਾ ਉਦਘਾਟਨ ਅਮੀਰ-ਏ-ਸ਼ਰੀਅਤ ਮੌਲਾਨਾ ਮੁਹੰਮਦ ਵਲੀ ਰਹਿਮਾਨੀ ਵਲੋਂ ਕੀਤਾ ਗਿਆ। ਪ੍ਰੋਗਰਾਮ ਦਾ ਮਕਸਦ ਹਿੰਦੂ-ਮੁਸਲਿਮ ਏਕਤਾ ਅਤੇ ਭਾਈਚਾਰੇ ਦੇ ਵਿਰੁਧ ਖੜ੍ਹੀਆਂ ਤਾਕਤਾਂ ਵਿਰੁਧ ਲੋਕਾਂ ਨੂੰ ਸੁਚੇਤ ਕਰਨਾ ਹੈ।

ਇਮਾਰਤ ਸ਼ਰੀਆ ਦੇ ਨਾਜ਼ਿਮ ਅਨੀਸੁਰ ਰਹਿਮਾਨ ਕਾਸਮੀ ਨੇ ਕਿਹਾ ਕਿ ਇਹ ਇਕ ਗ਼ੈਰ ਰਾਜਨੀਤਕ ਪ੍ਰੋਗਰਾਮ ਹੈ ਅਤੇ ਬੇਨਤੀ ਕੀਤੀ ਕਿ ਇਸ ਨੂੰ ਰਾਜਨੀਤੀ ਨਾਲ ਜੋੜ ਕੇ ਨਾ ਦੇਖਿਆ ਜਾਵੇ। ਮੌਲਾਨਾ ਉਮਰੇਨ ਮਹਿਫ਼ੂਜ਼ ਰਹਿਮਾਨੀ ਨੇ ਕਿਹਾ ਕਿ ਅਰਰੀਆ, ਫੂਲਪੁਰ ਅਤੇ ਗੋਰਖ਼ਪੁਰ ਵਿਚ ਜਨਤਾ ਨੇ ਕੇਂਦਰ ਨੂੰ ਤਿੰਨ ਤਲਾਕ ਦੇ ਦਿਤਾ ਹੈ। ਉਨ੍ਹਾਂ ਆਖਿਆ ਕਿ ਕੌਮ ਕਮਜ਼ੋਰਾ ਦੀ ਹਿਫ਼ਾਜ਼ਤ ਲਈ ਅੱਗੇ ਆਏ। ਇਸ ਮੌਕੇ ਅਬੂ ਤਾਲਿਬ ਰਹਿਮਾਨੀ ਨੇ ਕਿਹਾ ਕਿ ਜਿਸ ਦਾ ਪਿਤਾ ਮਜ਼ਬੂਤ ਹੁੰਦਾ ਹੈ, ਉਸ ਦੇ ਵੰਸਜ਼ ਵੀ ਮਜ਼ਬੂਤ ਹੁੰਦੇ ਹਨ।

ਉਨ੍ਹਾਂ ਅੱਗੇ ਕਿਹਾ ਕਿ 5 ਲੱਖ ਮੁਸਲਿਮ ਔਰਤਾਂ ਨੇ ਦਸਤਖ਼ਤ ਕਰ ਕੇ ਕੇਂਦਰ ਨੂੰ ਸੌਂਪੇ, ਫਿਰ ਵੀ ਤਿੰਨ ਤਲਾਕ ਬਿਲ ਨੂੰ ਲਿਆ ਕੇ ਸਾਰੇ ਮਸਲੇ ਹੱਲ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਸੀਂ ਦੀਨ ਅਤੇ ਦੇਸ਼ ਦੋਵਾਂ ਨੂੰ ਬਚਾਉਣਾ ਹੈ। ਬੋਰਡ ਦੇ ਜਨਰਲ ਸਕੱਤਰ ਮੌਲਾਨਾ ਵਲੀ ਰਹਿਮਾਨੀ ਨੇ ਕਿਹਾ ਕਿ ਅਸੀਂ ਚਾਰ ਸਾਲ ਇੰਤਜ਼ਾਰ ਕੀਤਾ ਅਤੇ ਸੋਚਿਆ ਕਿ ਭਾਜਪਾ ਸੰਵਿਧਾਨ ਤਹਿਤ ਦੇਸ਼ ਚਲਾਉਣਾ ਸਿਖ ਲਵੇਗੀ। ਉਨ੍ਹਾਂ ਕਿਹਾ ਕਿ ਮੁਸਲਮਾਨਾਂ ਦੇ ਪਰਸਨਲ ਲਾਅ 'ਤੇ ਹਮਲਾ ਕੀਤਾ ਜਾ ਰਿਹਾ ਹੈ। 

ਉਨ੍ਹਾਂ ਕਿਹਾ ਕਿ ਸਾਨੂੰ ਅਪਣੇ ਲੋਕਾਂ ਅਤੇ ਦੇਸ਼ ਵਾਸੀਆਂ ਨੂੰ ਦਸਣਾ ਪੈ ਰਿਹਾ ਹੈ ਕਿ ਦੇਸ਼ ਦੇ ਨਾਲ-ਨਾਲ ਇਸਲਾਮ 'ਤੇ ਵੀ ਖ਼ਤਰਾ ਹੈ। ਪ੍ਰੋਗਰਾਮ ਦੌਰਾਨ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ, ਇਸ ਦੇ ਲਈ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ। ਸੰਮੇਲਨ ਨੂੰ ਸ਼ਾਂਤੀਪੂਰਨ ਤਰੀਕੇ ਨਾਲ ਸੰਪੰਨ ਕਰਵਾਉਣ ਲਈ ਵੱਡੀ ਗਿਣਤੀ ਵਿਚ ਸੁਰੱਖਿਆ ਕਰਮੀਆਂ ਦੀ ਤਾਇਨਾਤੀ ਗਈ। ਇਸ ਦੇ ਨਾਲ ਹੀ ਐਂਬੂਲੈਂਸ ਅਤੇ ਡਾਕਟਰਾਂ ਨੂੰ ਵੀ ਤਾਇਨਾਤ ਕੀਤਾ ਗਿਆ ਹੈ।