ਕਠੂਆ ਰੇਪ : ਅਸਤੀਫ਼ਾ ਦੇਣ ਵਾਲੇ ਮੰਤਰੀ ਬੋਲੇ, ਪਾਰਟੀ ਨੇ ਸਾਨੂੰ ਤਣਾਅ ਘੱਟ ਕਰਨ ਲਈ ਭੇਜਿਆ ਸੀ
ਜੰਮੂ ਦੇ ਕਠੂਆ ਸਮੂਹਕ ਬਲਾਤਕਾਰ ਮਾਮਲੇ ਵਿਚ ਭਾਜਪਾ ਦੇ ਦੋ ਮੰਤਰੀਆਂ ਦੇ ਅਸਤੀਫ਼ੇ ਤੋਂ ਬਾਅਦ ਜੰਮੂ ਕਸ਼ਮੀਰ ਵਿਚ ਗਠਜੋੜ ਕਰ ਕੇ ਸਰਕਾਰ ...
ਸ੍ਰੀਨਗਰ : ਜੰਮੂ ਦੇ ਕਠੂਆ ਸਮੂਹਕ ਬਲਾਤਕਾਰ ਮਾਮਲੇ ਵਿਚ ਭਾਜਪਾ ਦੇ ਦੋ ਮੰਤਰੀਆਂ ਦੇ ਅਸਤੀਫ਼ੇ ਤੋਂ ਬਾਅਦ ਜੰਮੂ ਕਸ਼ਮੀਰ ਵਿਚ ਗਠਜੋੜ ਕਰ ਕੇ ਸਰਕਾਰ ਚਲਾ ਰਹੀ ਭਾਜਪਾ ਅਤੇ ਪੀਡੀਪੀ ਵਿਚਕਾਰ ਦਰਾੜ ਹੋਰ ਚੌੜੀ ਹੁੰਦੀ ਨਜ਼ਰ ਆ ਰਹੀ ਹੈ। ਹਾਲਾਂਕਿ ਦੋਸ਼ੀਆਂ ਦੇ ਸਮਰਥਨ ਵਿਚ ਰੈਲੀ ਨੂੰ ਸੰਬੋਧਨ ਕਰਨ ਦੇ ਦੋਸ਼ 'ਤੇ ਪਹਿਲੀ ਵਾਰ ਮੰਤਰੀ ਨੇ ਖੁੱਲ੍ਹ ਕੇ ਬਿਆਨ ਦਿਤਾ।
ਜੰਮੂ ਕਸ਼ਮੀਰ ਦੇ ਕਠੂਆ ਵਿਚ ਅੱਠ ਸਾਲ ਦੀ ਮਾਸੂਮ ਨਾਲ ਰੇਪ ਅਤੇ ਹੱਤਿਆ ਦੇ ਦੋਸ਼ੀ ਦੇ ਸਮਰਥਨ ਵਿਚ ਰੈਲੀ ਕੱਢਣ ਦੀ ਵਜ੍ਹਾ ਕਰਕੇ ਮੰਤਰੀ ਦੀ ਕੁਰਸੀ ਗਵਾਉਣ ਵਾਲੇ ਭਾਜਪਾ ਦੇ ਦੋਹੇ ਨੇਤਾਵਾਂ ਵਿਚੋਂ ਇਕ ਲਾਲ ਸਿੰਘ ਨੇ ਦਸਿਆ ਕਿ ਉਨ੍ਹਾਂ ਨੂੰ ਪਾਰਟੀ ਨੇਤਾਵਾਂ ਨੇ ਉਸ ਜਗ੍ਹਾ 'ਤੇ ਜਾ ਕੇ ਸਥਾਨਕ ਲੋਕਾਂ ਦੇ ਗੁੱਸੇ ਨੂੰ ਸ਼ਾਂਤ ਕਰਨ ਲਈ ਆਖਿਆ ਸੀ, ਜੋ ਇਸ ਮਾਮਲੇ ਨੂੰ ਲੈ ਕੇ ਸੀਬੀਆਈ ਜਾਂਚ ਦੀ ਮੰਗ ਕਰ ਰਹੇ ਸਨ।
ਜ਼ਿਕਰਯੋਗ ਹੈ ਕਿ ਜੰਗਲਾਤ ਮੰਤਰੀ ਲਾਲ ਸਿੰਘ ਅਤੇ ਉਦਯੋਗ ਮੰਤਰੀ ਚੰਦਰ ਪ੍ਰਕਾਸ਼ ਗੰਗਾ ਨੇ ਕਠੂਆ ਗੈਂਗਰੇਪ ਦੇ ਦੋਸ਼ੀਆਂ ਦੇ ਸਮਰਥਨ ਵਿਚ ਇਕ ਮਾਰਚ ਨੂੰ ਇੰਦੂ ਏਕਤਾ ਮੰਚ ਦੁਆਰਾ ਕੱਢੀ ਗਈ ਰੈਲੀ ਨੂੰ ਸੰਬੋਧਨ ਕੀਤਾ ਸੀ। ਜਿੱਥੇ ਚਹੰਦਰ ਪ੍ਰਕਾਸ਼ ਗੰਗਾ ਨੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਨੂੰ ਜੰਗਲ ਰਾਜ ਦਾ ਨਾਮ ਦਿਤਾ ਸੀ। ਉਥੇ ਹੀ ਲਾਲ ਸਿੰਘ ਨੇ ਕਿਹਾ ਕਿ ਇਸ ਇਕ ਲੜਕੀ ਦੀ ਮੌਤ 'ਤੇ ਇੰਨਾ ਸ਼ੋਰ ਸ਼ਰਾਬਾ ਕਿਉਂ ਹੈ? ਅਜਿਹੀ ਕਈ ਲੜਕੀਆਂ ਇੱਥੇ ਮਰ ਚੁੱਕੀਆਂ ਹਨ।
ਸ਼ੁੱਕਰਵਾਰ ਨੂੰ ਅਪਣਾ ਅਸਤੀਫ਼ਾ ਦੇਣ ਤੋਂ ਤੁਰਤ ਬਾਅਦ ਦਸਿਆ ਸੀ ਕਿ ਮਾਈਗ੍ਰੇਸ਼ਨ ਦੀ ਵਜ੍ਹਾ ਨਾਲ ਪੈਦਾ ਹੋਏ ਤਣਾਅ ਨੂੰ ਘੱਟ ਕਰਨ ਲਈ ਕਠੂਆ ਗਏ ਸਨ। ਉਨ੍ਹਾਂ ਕਿਹਾ ਕਿ ਅਸੀਂ ਪ੍ਰਦਰਸ਼ਨਕਾਰੀਆਂ ਨਾਲ ਗੱਲ ਕੀਤੀ। ਉਨ੍ਹਾਂ ਕਿਹਾ ਕਿ ਪੁਲਿਸ ਨੇ ਲੜਕੀ ਦੇ ਕੱਪੜੇ ਧੋਏ ਹਨ ਅਤੇ ਸਬੂਤ ਮਿਟਾਏ ਹਨ ਜੋ ਉਨ੍ਹਾਂ ਦੇ ਦਿਮਾਗ਼ ਵਿਚ ਸ਼ੱਕ ਪੈਦਾ ਕਰਦੇ ਹਨ। ਇਹੀ ਵਜ੍ਹਾ ਹੈ ਕਿ ਉਹ ਸੀਬੀਆਈ ਜਾਂਚ ਦੀ ਮੰਗ ਕਰ ਰਹੇ ਸਨ ਤਾਕਿ ਲੜਕੀ ਨੂੰ ਇਨਸਾਫ਼ ਮਿਲ ਸਕੇ।