ਕਠੂਆ ਬਲਾਤਕਾਰ ਮਾਮਲਾ - ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਮਿਲੇ : ਪੀੜਤਾ ਦਾ ਪ੍ਰਵਾਰ
ਹੁਣ ਹਿੰਦੂਆਂ ਤੋਂ ਡਰ ਲਗਦੈ : ਪੀੜਤਾ ਦੀ ਮਾਂ
ਊਧਮਪੁਰ, ਜੰਮੂ-ਕਸ਼ਮੀਰ ਦੇ ਕਠੂਆ ਜ਼ਿਲ੍ਹੇ ਦੇ ਬਹੁਚਰਚਿਤ ਬਲਾਤਕਾਰ ਅਤੇ ਕਤਲਕਾਂਡ 'ਚ ਅੱਠ ਸਾਲਾਂ ਦੀ ਪੀੜਤਾ ਦੇ ਪ੍ਰਵਾਰ ਦੀ ਮੰਗ ਹੈ ਕਿ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਦਿਤੀ ਜਾਵੇ। ਪੀੜਤਾ ਦੀ ਮਾਂ ਨੇ ਕਿਹਾ ਕਿ ਉਹ ਬਹੁਤ ਖ਼ੂਬਸੂਰਤ ਅਤੇ ਜਵਾਨ ਸੀ ਅਤੇ ਉਹ ਚਾਹੁੰਦੀ ਸੀ ਕਿ ਉਸ ਦੀ ਬੇਟੀ ਵੱਡੀ ਹੋ ਕੇ ਡਾਕਟਰ ਬਣੇ।ਉਧਰ ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਮੇਨਕਾ ਗਾਂਧੀ ਨੇ ਅੱਜ ਕਿਹਾ ਕਿ ਉਨ੍ਹਾਂ ਦਾ ਵਿਭਾਗ ਬਾਲ ਜਿਨਸੀ ਅਪਰਾਧ ਵਿਰੋਧੀ ਕਾਨੂੰਨੀ ਪਾਕਸੋ 'ਚ ਸੋਧ ਲਈ ਮਤਾ ਤਿਆਰ ਕਰ ਰਿਹਾ ਹੈ ਤਾਕਿ 12 ਸਾਲਾਂ ਤੋਂ ਘੱਟ ਦੀ ਉਮਰ ਦੇ ਬੱਚੇ-ਬੱਚੀਆਂ ਨਾਲ ਕੁਕਰਮ ਦੇ ਮਾਮਲਿਆਂ 'ਚ ਮੌਤ ਦੀ ਸਜ਼ਾ ਦੀ ਸ਼ਰਤ ਦਿਤੀ ਜਾ ਸਕੇ। ਉਨ੍ਹਾਂ ਕਿਹਾ ਕਿ ਇਸ ਬਾਬਤ ਕੈਬਨਿਟ ਨੋਟ ਤਿਆਰ ਕਰ ਕੇ ਸਾਰੇ ਸਾਰੇ ਮੰਤਰਾਲਿਆਂ ਨੂੰ ਭੇਜੇਗਾ ਤਾਕਿ ਉਨ੍ਹਾਂ ਦੀ ਸਲਾਹ ਲਈ ਜਾ ਸਕੇ।ਦੁੱਖ 'ਚ ਡੁੱਬੀ ਉਸ ਦੀ ਮਾਂ ਨੇ ਕਿਹਾ, ''ਮੇਰੀ ਹੁਣ ਸਿਰਫ਼ ਇਕ ਹੀ ਇੱਛਾ ਹੈ ਕਿ ਦੋਸ਼ੀਆਂ ਨੂੰ ਇਸ ਘਿਨਾਉਣੇ ਜੁਰਮ ਲਈ ਫ਼ਾਂਸੀ ਦੀ ਸਜ਼ਾ ਦਿਤੀ ਜਾਵੇ ਤਾਕਿ ਕਿਸੇ ਹੋਰ ਪ੍ਰਵਾਰ ਨੂੰ ਇਸ ਦਰਦ 'ਚੋਂ ਲੰਘਣਾ ਨਾ ਪਵੇ।''
ਕਠੁਆ ਜ਼ਿਲ੍ਹੇ ਦੇ ਰਸਾਨਾ ਪਿੰਡ 'ਚ ਪੀੜਤਾ ਦੇ ਮਾਤਾ-ਮਾਤੀ ਨੇ ਉਸ ਨੂੰ ਉਦੋਂ ਗੋਦ ਲਿਆ ਸੀ ਜਦੋਂ ਉਹ ਇਕ ਸਾਲ ਦੀ ਸੀ। ਹੁਣ ਵੀ ਸਦਮੇ 'ਚ ਦਿਸ ਰਹੀ ਪੀੜਤਾ ਦੀ ਮਾਂ ਨੇ ਅਪਣੀ ਬੱਚੀ ਨੂੰ ਅਪਣੇ ਭਰਾ ਦੇ ਘਰ ਛੱਡਣ ਲਈ ਖ਼ੁਦ ਨੂੰ ਕੋਸਿਆ। ਜਦਕਿ ਬੱਚੀ ਦੇ ਪਿਤਾ ਨੇ ਕਿਹਾ ਕਿ ਉਨ੍ਹਾਂ ਨੂੰ ਸੀ.ਬੀ.ਆਈ. ਜਾਂਚ ਦੀ ਜ਼ਰੂਰਤ ਨਹੀਂ ਹੈ ਅਤੇ ਕਰਾਈਮ ਬ੍ਰਾਂਚ ਦੀ ਜਾਂਚ 'ਚ ਹੀ ਭਰੋਸਾ ਹੈ। ਮੁਸਲਮਾਨ ਬਕਰਵਾਲ ਤਬਕੇ ਨਾਲ ਸਬੰਧਤ ਅੱਠ ਸਾਲਾਂ ਦੀ ਬੱਚੀ ਨਾਲ ਬਲਾਤਕਾਰ ਅਤੇ ਫਿਰ ਉਸ ਦੇ ਕਤਲ ਦੇ ਮਾਮਲੇ ਨਾਲ ਜੰਮੂ 'ਚ ਵਿਵਾਦ ਪੈਦਾ ਹੋ ਗਿਆ। ਉਸ ਦੀ ਲਾਸ਼ 17 ਜਨਵਰੀ ਨੂੰ ਰਸਾਨਾ ਪਿੰਡ 'ਚ ਮਿਲੀ ਸੀ। ਇਸ ਤੋਂ ਇਕ ਹਫ਼ਤੇ ਪਹਿਲਾਂ ਉਹ ਘੋੜਿਆਂ ਨੂੰ ਚਰਾਉਣ ਗਈ ਲਾਪਤਾ ਹੋ ਗਈ ਸੀ। ਪਿੰਡ ਦੇ ਹੀ ਇਕ ਮੰਦਿਰ ਵਿਚ ਇਕ ਹਫ਼ਤੇ ਤਕ ਉਸ ਨਾਲ ਕਥਿਤ ਤੌਰ 'ਤੇ ਛੇ ਲੋਕਾਂ ਨੇ ਬਲਾਤਕਾਰ ਕੀਤਾ। ਪੀੜਤ ਲੜਕੀ ਦੇ ਕਤਲ ਕਰਨ ਤੋਂ ਪਹਿਲਾਂ ਨਸ਼ੀਲਾ ਪਦਾਰਥ ਦੇ ਕੇ ਉਸ ਨਾਲ ਕਈ ਵਾਰ ਬਲਾਤਕਾਰ ਕੀਤਾ ਗਿਆ ਸੀ।
ਪੀੜਤਾ ਦੀ ਮਾਂ ਦਾ ਕਹਿਣਾ ਹੈ ਕਿ ਪਹਿਲਾਂ ਉਨ੍ਹਾਂ ਦੇ ਰਿਸ਼ਤੇ ਹਿੰਦੂਆਂ ਨਾਲ ਚੰਗੇ ਸਨ ਅਤੇ ਉਹ ਭਾਈਚਾਰੇ ਨਾਲ ਰਹਿੰਦੇ ਸਨ ਪਰ ਇਸ ਘਟਨਾ ਮਗਰੋਂ ਰਿਸ਼ਤਿਆਂ 'ਚ ਕੌੜਾਪਣ ਆ ਗਿਆ ਹੈ ਅਤੇ ਉਨ੍ਹਾਂ ਨੂੰ ਹੁਣ ਹਿੰਦੂਆਂ ਤੋਂ ਡਰ ਲਗਦਾ ਹੈ। ਬੱਚੀ ਨੂੰ ਗੋਦ ਲੈਣ ਵਾਲੇ ਪਿਤਾ ਨੇ ਕਿਹਾ, ''ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਬੇਟੀ ਪੜ੍ਹਾਉਣ, ਬੇਟੀ ਬਚਾਉ। ਪਰ ਕੀ ਉਹ ਇਸੇ ਤਰ੍ਹਾਂ ਕੁੜੀਆਂ ਨੂੰ ਬਚਾ ਅਤੇ ਪੜ੍ਹਾ ਰਹੇ ਹਨ?'' ਉਨ੍ਹਾਂ ਕਿਹਾ ਕਿ ਮੰਤਰੀ ਬਲਾਤਕਾਰ ਦੇ ਮੁਲਜ਼ਮਾਂ ਦੀ ਹਮਾਇਤ ਕਰ ਰਹੇ ਹਨ ਅਤੇ ਕਹਿੰਦੇ ਹਨ ਕਿ ਮੁਲਜ਼ਮ ਨਿਰਦੋਸ਼ ਹਨ, ਪਰ ਉਹ ਗ਼ਲਤ ਹਨ।
ਮਾਮਲੇ ਵਿਚ ਅਪਰਾਧ ਸ਼ਾਖਾ ਦੇ ਇਕ ਵਿਸ਼ੇਸ਼ ਟੀਮ ਦਾ ਗਠਨ ਕੀਤਾ ਹੈ। ਅਜੇ ਤਕ ਦੋ ਪੁਲਿਸ ਅਧਿਕਾਰੀਆਂ ਸਮੇਤ ਅੱਠ ਲੋਕਾਂ ਦੀ ਗ੍ਰਿਫ਼ਤਾਰੀ ਕੀਤੀ ਗਈ ਹੈ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕੱਲ ਮਾਮਲੇ ਉਤੇ ਅਪਣੀ ਨਰਾਜਗੀ ਜ਼ਾਹਰ ਕਰਦੇ ਹੋਏ ਇਸ ਨੂੰ ਦੇਸ਼ ਲਈ ਸ਼ਰਮਨਾਕ ਕਰਾਰ ਦਿਤਾ ਅਤੇ ਮੁਲਜਮਾਂ ਨੂੰ ਮੁਆਫ਼ ਨਾ ਕਰਨ ਦੀ ਗੱਲ ਕਹੀ। ਉਨ੍ਹਾਂ ਕਿਹਾ ਸੀ ਕਿ ਮੈਂ ਦੇਸ਼ ਨੂੰ ਇਹ ਭਰੋਸਾ ਦੇਣਾ ਚਾਹੁੰਦਾ ਹਾਂ ਕਿ ਕੋਈ ਅਪਰਾਧੀ ਮੁਆਫ਼ ਨਹੀਂ ਕੀਤਾ ਜਾਵੇਗਾ। ਨਿਆਂ ਹੋਵੇਗਾ। ਸਾਡੀ ਬੇਟੀ ਨੂੰ ਇੰਨਸਾਫ ਮਿਲੇਗਾ। (ਪੀਟੀਆਈ)