ਵਿਸ਼ਵ ਹਿੰਦੂ ਪ੍ਰੀਸ਼ਦ ਦੇ ਨਵੇਂ ਪ੍ਰਧਾਨ ਬੋਲੇ, ਸੰਗਠਨ ਵੱਡਾ ਹੁੰਦੈ, ਵਿਅਕਤੀ ਨਹੀਂ
ਵਿਸ਼ਵ ਹਿੰਦੂ ਪ੍ਰੀਸ਼ਦ (ਵੀਐਚਪੀ) ਵਿਚ ਸੰਗਠਨਾਤਮਕ ਚੋਣ ਨਤੀਜੇ 'ਤੇ ਸੀਨੀਅਰ ਪ੍ਰਚਾਰਕ ਡਾ. ਪ੍ਰਵੀਨ ਤੋਗੜੀਆ ਦੀਆਂ ...
ਨਵੀਂ ਦਿੱਲੀ : ਵਿਸ਼ਵ ਹਿੰਦੂ ਪ੍ਰੀਸ਼ਦ (ਵੀਐਚਪੀ) ਵਿਚ ਸੰਗਠਨਾਤਮਕ ਚੋਣ ਨਤੀਜੇ 'ਤੇ ਸੀਨੀਅਰ ਪ੍ਰਚਾਰਕ ਡਾ. ਪ੍ਰਵੀਨ ਤੋਗੜੀਆ ਦੀਆਂ ਅਲੋਚਨਾਵਾਂ ਨੂੰ ਜ਼ਿਆਦਾ ਮਹੱਤਵ ਨਾ ਦਿੰਦੇ ਹੋਏ ਵੀਐਚਪੀ ਨੇ ਕਿਹਾ ਕਿ ਸੰਗਠਨ ਵੱਡਾ ਹੁੰਦਾ ਹੈ, ਵਿਅਕਤੀ ਵੱਡਾ ਨਹੀਂ ਹੁੰਦਾ। ਵਿਸ਼ਵ ਹਿੰਦੂ ਪ੍ਰੀਸ਼ਦ ਦੇ ਨਵੇਂ ਕੌਮਾਂਤਰੀ ਕਾਰਜਕਾਰੀ ਪ੍ਰਧਾਨ ਅਲੋਕ ਕੁਮਾਰ ਨੇ ਕਿਹਾ ਕਿ ਜੇਕਰ ਕੋਈ ਵਿਅਕਤੀ ਖ਼ੁਦ ਨੂੰ ਸੰਗਠਨ ਤੋਂ ਵੱਡਾ ਸਮਝ ਲੈਂਦਾ ਹੈ ਤਾਂ ਉਥੋਂ ਉਸ ਦੀ ਗ਼ਲਤੀ ਸ਼ੁਰੂ ਹੋ ਜਾਂਦੀ ਹੈ।
ਉਨ੍ਹਾਂ ਕਿਹਾ ਕਿ ਸਾਰੇ ਲੋਕ ਵੱਖ-ਵੱਖ ਸਥਾਨਾਂ 'ਤੇ ਸੰਗਠਨ ਦੀ ਮਜ਼ਬੂਤੀ ਅਤੇ ਬਿਹਤਰੀ ਲਈ ਯਤਨ ਕਰਦੇ ਹਨ। ਲੋਕਾਂ ਨੂੰ ਵਿਵਸਥਾ ਚਲਾਉਣ ਦੀ ਜ਼ਿੰਮੇਵਾਰੀ ਦਿਤੀ ਜਾਂਦੀ ਹੈ ਅਤੇ ਸਾਰੇ ਮਿਲ ਜੁਲ ਕੇ ਕੰਮ ਕਰਦੇ ਹਨ। ਵਿਸ਼ਵ ਹਿੰਦੂ ਪ੍ਰੀਸ਼ਦ ਦੇ ਇਤਿਹਾਸ ਵਿਚ ਪੰਜ ਦਹਾਕਿਆਂ ਵਿਚ ਪਹਿਲੀ ਵਾਰ ਹੋਈਆਂ ਚੋਣਾਂ ਵਿਚ ਸਾਬਕਾ ਰਾਜਪਾਲ ਵੀ ਐਸ ਕੋਕਜੇ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਨਵੇਂ ਕੌਮਾਂਤਰੀ ਪ੍ਰਧਾਨ ਚੁਣੇ ਗਏ ਹਨ।
ਕੌਮਾਂਤਰੀ ਪ੍ਰਧਾਨ ਅਹੁਦੇ ਲਈ ਹੋਈ ਚੋਣ ਵਿਚ ਕੋਕਜੇ ਨੇ ਰਾਘਵ ਰੈਡੀ ਨੂੰ ਹਰਾਇਆ। ਅਲੋਕ ਕੁਮਾਰ ਵੀਐਚਪੀ ਦੇ ਕੌਮਾਂਤਰੀ ਕਾਰਜਕਾਰੀ ਪ੍ਰਧਾਨ ਚੁਣੇ ਗਏ ਹਨ। ਇਸ ਅਹੁਦੇ 'ਤੇ ਪਹਿਲਾਂ ਡਾ. ਪ੍ਰਵੀਨ ਤੋਗੜੀਆ ਸਨ। ਤੋਗੜੀਆ ਨੇ ਚੋਣ ਨਹੀਂ ਲੜੀ ਸੀ। ਵੀਐਚਪੀ ਦੇ ਨਵੇਂ ਕੌਮਾਂਤਰੀ ਕਾਰਜਕਾਰੀ ਪ੍ਰਧਾਨ ਅਲੋਕ ਕੁਮਾਰ ਨੇ ਕਿਹਾ ਕਿ ਤੋਗੜੀਆ ਨੇ ਚੋਣ ਨਤੀਜਿਆਂ ਤੋਂ ਬਾਅਦ ਕੁੱਝ ਗੱਲਾਂ ਗੁੱਸੇ ਵਿਚ ਆਖੀਆਂ ਸਨ। ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਸਮਝਣ ਦੀ ਲੋੜ ਹੈ ਕਿ ਰਾਮ ਮੰਦਰ ਕੇਵਲ ਵੀਐਚਪੀ ਦਾ ਨਹੀਂ ਬਲਕਿ ਕਰੋੜਾਂ ਹਿੰਦੂਆਂ ਦੀ ਭਾਵਨਾਵਾਂ ਦਾ ਵਿਸ਼ਾ ਹੈ।
ਦਸ ਦਈਏ ਕਿ ਚੋਣ ਤੋਂ ਬਾਅਦ ਤੋਗੜੀਆ ਨੇ ਕਿਹਾ ਕਿ ਹੁਣ ਉਹ ਵੀਐਚਪੀ ਵਿਚ ਨਹੀਂ ਹਨ, ਹੁਣ ਉਹ ਲੋਕਾਂ ਲਈ ਕੰਮ ਕਰਨਗੇ ਅਤੇ ਰਾਮ ਮੰਦਰ ਦੇ ਮੁੱਦੇ 'ਤੇ 17 ਅਪ੍ਰੈਲ ਤੋਂ ਅਣਮਿਥੇ ਸਮੇਂ ਲਈ ਭੁੱਖ ਹੜਤਾਲ ਸ਼ੁਰੂ ਕਰਨਗੇ। ਇਸ ਦੌਰਾਨ ਉਨ੍ਹਾਂ ਨੇ ਭਾਜਪਾ 'ਤੇ ਕਈ ਤਰ੍ਹਾਂ ਦੇ ਦੋਸ਼ ਵੀ ਲਗਾਏ ਸਨ।