ਮੰਦਰ 'ਚ ਪੂਜਾ ਕਰਨ ਸਮੇਂ ਜ਼ਖ਼ਮੀ ਹੋਏ ਸ਼ਸ਼ੀ ਥਰੂਰ, 6 ਟਾਂਕੇ ਲੱਗੇ
ਸ਼ਸ਼ੀ ਥਰੂਰ ਨੂੰ ਫਲਾਂ ਅਤੇ ਮਠਿਆਈਆਂ ਨਾਲ ਤਰਾਜੂ 'ਚ ਤੋਲਣ ਸਮੇਂ ਵਾਪਰਿਆ ਹਾਦਸਾ
ਤਿਰੁਵਨੰਤਪੁਰਮ : ਕੇਰਲ ਦੀ ਤਿਰੁਵਨੰਤਪੁਰਮ ਲੋਕ ਸਭਾ ਸੀਟ ਤੋਂ ਕਾਂਗਰਸ ਉਮੀਦਵਾਰ ਸ਼ਸ਼ੀ ਥਰੂਰ ਸੋਮਵਾਰ ਨੂੰ ਇਕ ਹਾਦਸੇ 'ਚ ਜ਼ਖ਼ਮੀ ਹੋ ਗਏ। ਇਸ ਦੌਰਾਨ ਉਨ੍ਹਾਂ ਦੇ ਸਿਰ 'ਚ ਸੱਟ ਲੱਗੀ। ਉਨ੍ਹਾਂ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ। ਉਨ੍ਹਾਂ ਦੇ ਸਿਰ 'ਚ 6 ਟਾਂਕੇ ਲੱਗੇ ਹਨ। ਡਾਕਟਰਾਂ ਨੇ ਉਨ੍ਹਾਂ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਹੈ।
ਸ਼ਸ਼ੀ ਥਰੂਰ ਮੰਦਰ 'ਚ ਤੁਲਾਭਰਮ ਪੂਜਾ ਕਰ ਰਹੇ ਸਨ। ਤੁਲਾਭਰਮ ਅਜਿਹੀ ਪੂਜਾ ਹੈ ਜੋ ਕੇਰਲ ਦੇ ਕੁਝ ਚੋਣਵੇਂ ਮੰਦਰਾਂ 'ਚ ਹੀ ਹੁੰਦੀ ਹੈ। ਇਸ ਪੂਜਾ 'ਚ ਆਪਣੇ ਭਾਰ ਦੇ ਬਰਾਬਰ ਦਾਨ ਕੀਤਾ ਜਾਂਦਾ ਹੈ। ਦੇਵੀ-ਦੇਵਤਿਆਂ ਨੂੰ ਜੋ ਕੁਝ ਦੇਣਾ ਹੁੰਦਾ ਹੈ, ਉਸ ਚੀਜ਼ ਨੂੰ ਆਪਣੇ ਭਾਰ ਦੇ ਬਰਾਬਰ ਤੋਲਿਆ ਜਾਂਦਾ ਹੈ। ਮੰਦਰਾਂ 'ਚ ਭਾਰ ਕਰਨ ਲਈ ਵੱਡੀਆਂ ਮਸ਼ੀਨਾਂ ਲੱਗੀਆਂ ਹੁੰਦੀਆਂ ਹਨ।
ਸ਼ਸ਼ੀ ਥਰੂਰ ਤੁਲਾਭਰਮ ਤਹਿਤ ਖ਼ੁਦ ਨੂੰ ਫਲਾਂ ਅਤੇ ਮਠਿਆਈਆਂ ਨਾਲ ਬਰਾਬਰ ਤਰਾਜੂ 'ਤੇ ਤੋਲ ਰਹੇ ਸਨ। ਇਸੇ ਦੌਰਾਨ ਉਹ ਜ਼ਖ਼ਮੀ ਹੋ ਗਏ। ਜ਼ਿਕਰਯੋਗ ਹੈ ਕਿ ਥਰੂਰ ਫਿਰ ਇਸ ਵਾਰ ਤਿਰੁਵਨੰਤਪੁਰਮ ਤੋਂ ਕਾਂਗਰਸ ਦੇ ਲੋਕ ਸਭਾ ਉਮੀਦਵਾਰ ਹਨ। ਉਨ੍ਹਾਂ ਵਿਰੁੱਧ ਰਾਜਸ਼ੇਖਰਨ ਨੂੰ ਮੈਦਾਨ 'ਚ ਉਤਾਰਿਆ ਹੈ। ਜ਼ਿਕਰਯੋਗ ਹੈ ਕਿ ਰਾਜਸ਼ੇਖਰਨ ਨੇ ਮਿਜ਼ੋਰਮ ਦੇ ਰਾਜਪਾਲ ਅਹੁਦੇ ਤੋਂ ਅਸਤੀਫ਼ਾ ਦਿੱਤਾ ਹੈ। ਤਿਰੁਵਨੰਤਪੁਰਮ ਲੋਕ ਸਭਾ ਸੀਟ ਤੋਂ ਦੋ ਵਾਰ ਸੰਸਦ ਮੈਂਬਰ ਰਹਿਣ ਵਾਲੇ ਸ਼ਸ਼ੀ ਥਰੂਰ ਇਸ ਵਾਰ ਹੈਟ੍ਰਿਕ ਦੀ ਤਲਾਸ਼ 'ਚ ਹਨ। ਕੇਰਲ ਵਿਚ ਇਕ ਹੀ ਗੇੜ 'ਚ ਚੋਣਾਂ ਹੋਣੀਆਂ ਹਨ, ਜੋ 23 ਅਪ੍ਰੈਲ ਨੂੰ ਹੋਵੇਗੀ।