ਛੱਤੀਸਗੜ੍ਹ : ਪਿਕਨਿਕ ਮਨਾਉਣ ਆਏ ਲੋਕਾਂ ਨਾਲ ਵਾਪਰਿਆ ਹਾਦਸਾ, ਡੈਮ ਵਿਚ ਡੁੱਬੇ, ਮੌਤ
ਪੁਲਿਸ ਨੇ ਕਬਜ਼ੇ ਵਿਚ ਲਈਆਂ ਲਾਸ਼ਾਂ
ਰਾਏਪੁਰ: ਛੱਤੀਸਗੜ੍ਹ ਦੇ ਗਰਿਆਬੰਦ ਜ਼ਿਲ੍ਹੇ ਵਿੱਚ ਵੀਰਵਾਰ ਨੂੰ ਇੱਕ ਡੈਮ ਵਿੱਚ ਡੁੱਬਣ ਨਾਲ ਤਿੰਨ ਲੋਕਾਂ ਦੀ ਮੌਤ ਹੋ ਗਈ। ਮਰਨ ਵਾਲਿਆਂ ਵਿੱਚ ਇੱਕ ਔਰਤ ਅਤੇ ਦੋ ਪੁਰਸ਼ ਸ਼ਾਮਲ ਹਨ। ਇਹ ਸਾਰੇ ਆਪਣੇ ਇੰਸਟੀਚਿਊਟ ਵਿੱਚ ਕੰਮ ਕਰਨ ਵਾਲੇ ਹੋਰ ਲੋਕਾਂ ਨਾਲ ਇੱਥੇ ਪਿਕਨਿਕ ਮਨਾਉਣ ਆਏ ਸਨ। ਪੁਲਿਸ ਨੇ ਇਹ ਜਾਣਕਾਰੀ ਦਿੱਤੀ।
ਜਾਣਕਾਰੀ ਦਿੰਦੇ ਹੋਏ ਗਰਿਆਬੰਦ ਦੇ ਐਡੀਸ਼ਨਲ ਪੁਲਿਸ ਸੁਪਰਡੈਂਟ ਚੰਦਰੇਸ਼ ਸਿੰਘ ਠਾਕੁਰ ਨੇ ਦੱਸਿਆ ਕਿ ਇਹ ਘਟਨਾ ਕੁਕੜਾ ਡੈਮ ਦੀ ਹੈ, ਜਿੱਥੇ ਇਕ ਗੈਰ ਸਰਕਾਰੀ ਸੰਗਠਨ ਦੇ 10 ਕਰਮਚਾਰੀ ਸੈਰ ਕਰਨ ਗਏ ਹੋਏ ਸਨ। ਉਨ੍ਹਾਂ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਕਰ ਲਈ ਗਈ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕਾ ਦੀ ਪਛਾਣ ਰਿਤੂ ਕੁਮਾਰੀ ਵਜੋਂ ਹੋਈ ਹੈ। ਇਸ ਦੇ ਨਾਲ ਹੀ ਦੋ ਵਿਅਕਤੀਆਂ ਵਿੱਚੋਂ ਇੱਕ ਦਾ ਨਾਮ ਰਾਕੇਸ਼ ਤੇਟਾ ਅਤੇ ਦੂਜੇ ਦਾ ਨਾਮ ਲਕਸ਼ਿਆ ਵਰਮਾ ਦੱਸਿਆ ਗਿਆ ਹੈ।
ਮ੍ਰਿਤਕ ਰਿਤੂ ਕੁਮਾਰੀ ਮੂਲ ਰੂਪ ਵਿੱਚ ਝਾਰਖੰਡ ਦੀ ਰਹਿਣ ਵਾਲੀ ਸੀ, ਜੋ ਇਨ੍ਹੀਂ ਦਿਨੀਂ ਛੱਤੀਸਗੜ੍ਹ ਦੇ ਧਮਤਰੀ ਜ਼ਿਲ੍ਹੇ ਵਿੱਚ ਰਹਿ ਰਹੀ ਸੀ। ਠਾਕੁਰ ਨੇ ਦੱਸਿਆ ਕਿ ਰਾਕੇਸ਼ ਤੇਟਾ ਕਾਂਕੇਰ ਜ਼ਿਲੇ ਦਾ ਨਿਵਾਸੀ ਸੀ, ਜਦਕਿ ਲਕਸ਼ਯ ਵਰਮਾ ਰਾਏਪੁਰ ਸ਼ਹਿਰ ਦਾ ਨਿਵਾਸੀ ਸੀ।
ਠਾਕੁਰ ਨੇ ਦੱਸਿਆ ਕਿ ਸੂਚਨਾ ਮਿਲਦੇ ਹੀ ਪੁਲਿਸ ਅਤੇ ਜ਼ਿਲਾ ਪ੍ਰਸ਼ਾਸਨ ਦੇ ਅਧਿਕਾਰੀ ਮੌਕੇ 'ਤੇ ਪਹੁੰਚੇ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਔਰਤ ਨੂੰ ਪਾਣੀ 'ਚੋਂ ਬਾਹਰ ਕੱਢ ਕੇ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਿਸ ਅਨੁਸਾਰ ਸ਼ਾਮ ਨੂੰ ਦੋ ਵਿਅਕਤੀਆਂ ਦੀਆਂ ਲਾਸ਼ਾਂ ਨੂੰ ਬਾਹਰ ਕੱਢਿਆ ਗਿਆ ਅਤੇ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।