ਹਿਮਾਚਲ ਦਿਵਸ 'ਤੇ ਜੈ ਰਾਮ ਠਾਕੁਰ ਨੇ ਕੀਤੇ ਵੱਡੇ ਐਲਾਨ, ਔਰਤਾਂ ਦਾ ਬੱਸ ਕਿਰਾਇਆ 50 ਫੀਸਦੀ ਕੀਤਾ ਮੁਆਫ਼
ਬਿਜਲੀ-ਪਾਣੀ ਵੀ ਮੁਫਤ ਦੇਵੇਗੀ ਸਰਕਾਰ
ਹਿਮਾਚਲ - ਹਿਮਾਚਲ ਦਿਵਸ 'ਤੇ ਚੰਬਾ 'ਚ ਆਯੋਜਿਤ ਪ੍ਰੋਗਰਾਮ 'ਚ ਮੁੱਖ ਮੰਤਰੀ ਜੈ ਰਾਮ ਠਾਕੁਰ ਨੇ ਵੱਡੇ ਐਲਾਨ ਕੀਤੇ ਹਨ। ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਹਿਮਾਚਲ ਵਿਚ ਔਰਤਾਂ ਤੋਂ 50 ਫੀਸਦੀ ਬੱਸ ਕਿਰਾਇਆ ਹੀ ਲਿਆ ਜਾਵੇਗਾ। ਸੂਬੇ ਵਿਚ 125 ਯੂਨਿਟ ਤੱਕ ਮੁਫ਼ਤ ਘਰੇਲੂ ਬਿਜਲੀ ਦਿੱਤੀ ਜਾਵੇਗੀ। ਇਸ ਤੋਂ ਪਹਿਲਾਂ 60 ਯੂਨਿਟ ਤੱਕ ਮੁਫ਼ਤ ਘਰੇਲੂ ਬਿਜਲੀ ਦਿੱਤੀ ਜਾ ਰਹੀ ਸੀ। ਪੇਂਡੂ ਖੇਤਰਾਂ ਵਿਚ ਪਾਣੀ ਦੇ ਬਿੱਲ ਮੁਆਫ਼ ਕੀਤੇ ਜਾਣਗੇ। ਮੁੱਖ ਮੰਤਰੀ ਨੇ ਕਿਹਾ ਕਿ ਜਲ ਸ਼ਕਤੀ ਵਿਭਾਗ ਨੂੰ ਪੇਂਡੂ ਖੇਤਰਾਂ ਵਿਚ ਪਾਣੀ ਦੇ ਬਿੱਲਾਂ ਤੋਂ 30 ਕਰੋੜ ਰੁਪਏ ਦੀ ਆਮਦਨ ਹੁੰਦੀ ਹੈ।
ਇਸ ਤੋਂ ਪਹਿਲਾਂ ਮੁੱਖ ਮੰਤਰੀ ਜੈ ਰਾਮ ਠਾਕੁਰ ਨੇ ਪੁਲਿਸ ਅਤੇ ਹੋਮ ਡਿਫੈਂਸ ਦੇ ਜਵਾਨਾਂ ਵੱਲੋਂ ਪੇਸ਼ ਕੀਤੇ ਮਾਰਚ ਪਾਸਟ ਦੀ ਸਲਾਮੀ ਲਈ। ਐਨਸੀਸੀ, ਐਨਐਸਐਸ ਪੁਲਿਸ ਬੈਂਡ ਸਮੇਤ 12 ਟੁਕੜੀਆਂ ਨੇ ਪਰੇਡ ਵਿਚ ਹਿੱਸਾ ਲਿਆ। ਇਸ ਦੌਰਾਨ ਮੁੱਖ ਮੰਤਰੀ ਨੇ ਮਾਰਚ ਪਾਸਟ ਵਿਚ ਭਾਗ ਲੈਣ ਵਾਲੀ ਟੁਕੜੀ ਦੇ ਟੀਮ ਆਗੂਆਂ ਨੂੰ ਸਨਮਾਨਿਤ ਕੀਤਾ। ਸਮਾਗਮ ਵਿਚ ਮੁੱਖ ਮੰਤਰੀ ਜੈ ਰਾਮ ਠਾਕੁਰ ਦੇ ਨਾਲ ਸਪੀਕਰ ਵਿਪਨ ਪਰਮਾਰ ਅਤੇ ਜੰਗਲਾਤ ਮੰਤਰੀ ਰਾਕੇਸ਼ ਪਠਾਨੀਆ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।