ਸੋਨੀਆ ਗਾਂਧੀ ਨੇ ਕਾਂਗਰਸ ਦੇ ਡਿਜੀਟਲ ਮੈਂਬਰ ਵਜੋਂ ਦਰਜ ਕਰਵਾਇਆ ਨਾਮ, ਸੰਗਠਨ ਚੋਣਾਂ 'ਚ ਲੈਣਗੇ ਹਿੱਸਾ 

ਏਜੰਸੀ

ਖ਼ਬਰਾਂ, ਰਾਸ਼ਟਰੀ

ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਅਤੇ ਕਈ ਸੀਨੀਅਰ ਕਾਂਗਰਸੀ ਆਗੂ ਵੀ ਬਣ ਚੁੱਕੇ ਹਨ ਪਾਰਟੀ ਦੇ ਡਿਜੀਟਲ ਮੈਂਬਰ 

Sonia Gandhi

ਨਵੀਂ ਦਿੱਲੀ : ਕਾਂਗਰਸ ਦੀ ਵਿਸ਼ੇਸ਼ ਮੈਂਬਰਸ਼ਿਪ ਮੁਹਿੰਮ ਦੇ ਆਖਰੀ ਦਿਨ ਸ਼ੁੱਕਰਵਾਰ ਨੂੰ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨੇ ਪਾਰਟੀ ਦੇ ਡਿਜੀਟਲ ਮੈਂਬਰ ਵਜੋਂ ਆਪਣਾ ਨਾਂ ਦਰਜ ਕਰਵਾਇਆ। ਸੋਨੀਆ ਗਾਂਧੀ ਤੋਂ ਪਹਿਲਾਂ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਅਤੇ ਕਈ ਸੀਨੀਅਰ ਕਾਂਗਰਸੀ ਆਗੂ ਵੀ ਪਾਰਟੀ ਦੇ ਡਿਜੀਟਲ ਮੈਂਬਰ ਬਣ ਚੁੱਕੇ ਹਨ। ਸੋਨੀਆ ਗਾਂਧੀ ਆਗਾਮੀ ਸੰਗਠਨ ਚੋਣਾਂ 'ਚ ਹਿੱਸਾ ਲੈਣਗੇ।

ਸੂਤਰਾਂ ਮੁਤਾਬਕ ਕਾਂਗਰਸ ਦੇ ਡਾਟਾ ਵਿਸ਼ਲੇਸ਼ਣ ਵਿਭਾਗ ਦੇ ਮੁਖੀ ਪ੍ਰਵੀਨ ਚੱਕਰਵਰਤੀ ਨੇ ਕਾਂਗਰਸ ਦੇ ਡਿਜੀਟਲ ਮੈਂਬਰ ਵਜੋਂ ਸੋਨੀਆ ਗਾਂਧੀ ਦਾ ਨਾਂ ਸ਼ਾਮਲ ਕੀਤਾ ਹੈ। ਬਾਅਦ ਵਿਚ ਕਾਂਗਰਸ ਦੇ ਜਨਰਲ ਸਕੱਤਰ ਕੇ. ਸੀ ਵੇਣੂਗੋਪਾਲ ਨੇ ਸੋਨੀਆ ਗਾਂਧੀ ਨੂੰ ਡਿਜੀਟਲ ਪਛਾਣ ਪੱਤਰ ਸੌਂਪਿਆ। ਹਾਲ ਹੀ ਵਿੱਚ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਅਤੇ ਕਈ ਹੋਰ ਸੀਨੀਅਰ ਕਾਂਗਰਸੀ ਆਗੂ ਪਾਰਟੀ ਦੇ ਡਿਜੀਟਲ ਮੈਂਬਰ ਬਣ ਗਏ ਹਨ।

ਮਹੱਤਵਪੂਰਨ ਗੱਲ ਇਹ ਹੈ ਕਿ ਕਾਂਗਰਸ ਨੇ ਪਿਛਲੇ ਮਹੀਨੇ ਆਪਣੀ ਵਿਸ਼ੇਸ਼ ਮੈਂਬਰਸ਼ਿਪ ਮੁਹਿੰਮ ਨੂੰ 15 ਦਿਨ ਵਧਾ ਦਿੱਤਾ ਸੀ ਅਤੇ ਇਹ 15 ਅਪ੍ਰੈਲ ਤੱਕ ਜਾਰੀ ਰਿਹਾ ਸੀ। 20 ਸੂਬਿਆਂ ਵਿੱਚ ਚੱਲ ਰਹੀ ਇਸ ਡਿਜੀਟਲ ਮੈਂਬਰਸ਼ਿਪ ਮੁਹਿੰਮ ਰਾਹੀਂ 2.5 ਕਰੋੜ ਤੋਂ ਵੱਧ ਮੈਂਬਰ ਕਾਂਗਰਸ ਵਿੱਚ ਸ਼ਾਮਲ ਹੋਏ ਹਨ।  ਡਿਜੀਟਲ ਮੈਂਬਰਸ਼ਿਪ ਡਰਾਈਵ ਪ੍ਰੋਗਰਾਮ ਉਹਨਾਂ ਪੰਜ ਸੂਬਿਆਂ ਵਿੱਚ ਨਹੀਂ ਚਲਾਇਆ ਗਿਆ ਜਿੱਥੇ ਹਾਲ ਹੀ ਵਿੱਚ ਵਿਧਾਨ ਸਭਾ ਚੋਣਾਂ ਹੋਈਆਂ ਸਨ (ਉੱਤਰ ਪ੍ਰਦੇਸ਼, ਉੱਤਰਾਖੰਡ, ਪੰਜਾਬ, ਮਨੀਪੁਰ ਅਤੇ ਗੋਆ)।

ਪੰਜ ਦੱਖਣੀ ਰਾਜ ਕਰਨਾਟਕ, ਤੇਲੰਗਾਨਾ, ਤਾਮਿਲਨਾਡੂ, ਕੇਰਲਾ ਅਤੇ ਆਂਧਰਾ ਪ੍ਰਦੇਸ਼ ਸਾਰੇ ਡਿਜੀਟਲ ਮੈਂਬਰਾਂ ਦਾ 55 ਪ੍ਰਤੀਸ਼ਤ ਹਿੱਸਾ ਬਣਾਉਂਦੇ ਹਨ। ਇਕੱਲੇ ਮਹਾਰਾਸ਼ਟਰ 'ਚ ਸਾਰੇ ਮੈਂਬਰਾਂ ਦਾ 12 ਫ਼ੀਸਦੀ ਹਿੱਸਾ ਹੈ। ਪਹਿਲਾਂ ਤੈਅ ਪ੍ਰੋਗਰਾਮ ਮੁਤਾਬਕ ਪਾਰਟੀ ਦੀ ਮੈਂਬਰਸ਼ਿਪ ਮੁਹਿੰਮ 31 ਮਾਰਚ ਨੂੰ ਖ਼ਤਮ ਹੋਣੀ ਸੀ। ਇਹ ਮੁਹਿੰਮ ਪਿਛਲੇ ਸਾਲ 1 ਨਵੰਬਰ ਨੂੰ ਸ਼ੁਰੂ ਹੋਈ ਸੀ।