ਕੇਜਰੀਵਾਲ ਤੋਂ CBI ਦੀ ਪੁੱਛਗਿੱਛ 'ਤੇ AAP ਆਗੂਆਂ ਨੇ ਜਤਾਇਆ ਗੁੱਸਾ, ਕਿਹਾ-ਉਹ ਕ੍ਰਾਂਤੀਕਾਰੀ ਨੇਤਾ ਹਨ, CBI-ED ਉਨ੍ਹਾਂ ਨੂੰ ਨਹੀਂ ਡਰਾ ਸਕਦੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਮੁੱਖ ਮੰਤਰੀ ਭਗਵੰਤ ਮਾਨ ਸਮੇਤ ਸਾਰੇ ਕੈਬਨਿਟ ਮੰਤਰੀਆਂ ਅਤੇ ਵਿਧਾਇਕਾਂ ਨੇ ਕੇਜਰੀਵਾਲ ਦੇ ਸਮਰਥਨ 'ਚ ਟਵੀਟ ਕੀਤੇ

PHOTO

 

ਚੰਡੀਗੜ੍ਹ : 'ਆਪ' ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਸੀਬੀਆਈ ਵੱਲੋਂ ਪੁੱਛਗਿੱਛ ਲਈ ਬੁਲਾਏ ਜਾਣ 'ਤੇ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਸਖ਼ਤ ਪ੍ਰਤੀਕਿਰਿਆ ਦਿੱਤੀ ਹੈ। ਮੁੱਖ ਮੰਤਰੀ ਭਗਵੰਤ ਮਾਨ ਸਮੇਤ ਸਾਰੇ ਕੈਬਨਿਟ ਮੰਤਰੀਆਂ ਅਤੇ ਵਿਧਾਇਕਾਂ ਨੇ ਇਸ ਨੂੰ ਕੇਂਦਰ ਸਰਕਾਰ ਦਾ ਤਾਨਾਸ਼ਾਹੀ ਫੈਸਲਾ ਕਰਾਰ ਦਿੰਦਿਆਂ ਕਿਹਾ ਕਿ ਅਰਵਿੰਦ ਕੇਜਰੀਵਾਲ ਇਨਕਲਾਬੀ ਆਗੂ ਹਨ। ਮੋਦੀ ਸਰਕਾਰ ਦੀ ਈਡੀ ਅਤੇ ਸੀਬੀਆਈ ਉਨ੍ਹਾਂ ਨੂੰ ਦਬਾ ਨਹੀਂ ਸਕਦੀ।

ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕੀਤਾ, "ਅਰਵਿੰਦ ਕੇਜਰੀਵਾਲ ਜੀ ਦੀ ਆਵਾਜ਼ ਨੂੰ ਦਬਾਉਣਾ ਬਹੁਤ ਔਖਾ ਹੈ। ਸੱਚ ਬੋਲਣ ਵਾਲੇ ਲੋਕਾਂ ਦੇ ਦਿਲਾਂ ਵਿੱਚ ਥਾਂ ਬਣਾ ਲੈਂਦੇ ਹਨ। ਉਨ੍ਹਾਂ ਨੂੰ ਲੋਕਾਂ ਦੇ ਦਿਲਾਂ ਵਿੱਚੋਂ ਕੋਈ ਨਹੀਂ ਮਿਟਾ ਸਕਦਾ। ਅਸੀਂ ਚੱਟਾਨ ਵਾਂਗ ਉਨ੍ਹਾਂ ਦੇ ਨਾਲ ਹਾਂ।" ਇੰਕਲਾਬ ਜ਼ਿੰਦਾਬਾਦ!

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ, "ਅਰਵਿੰਦ ਕੇਜਰੀਵਾਲ ਨੇ ਅਡਾਨੀ ਅਤੇ ਭਾਜਪਾ ਦੇ ਗੱਠਜੋੜ ਨੂੰ ਸਾਬਤ ਕਰ ਦਿੱਤਾ ਹੈ, ਇਸ ਲਈ ਸੀਬੀਆਈ ਉਨ੍ਹਾਂ ਦੇ ਮਗਰ ਲੱਗੀ ਹੈ। ਸਾਡੇ ਨੇਤਾ ਬਹਾਦਰ ਹਨ। ਕੇਜਰੀਵਾਲ ਜੀ ਨੂੰ ਇਨ੍ਹਾਂ ਚਾਲਾਂ ਨਾਲ ਚੁੱਪ ਨਹੀਂ ਕਰਵਾਇਆ ਜਾ ਸਕਦਾ।"

ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਬਾਬਾ ਸਾਹਿਬ ਦੀ ਸੋਚ 'ਤੇ ਚੱਲਣ ਵਾਲੇ ਇਮਾਨਦਾਰ ਰਾਜਨੀਤੀ ਦੇ ਨਾਇਕ ਅਰਵਿੰਦ ਕੇਜਰੀਵਾਲ ਨੂੰ ਕੇਂਦਰ ਸਰਕਾਰ ਸੀਬੀਆਈ ਸੰਮਨਾਂ ਰਾਹੀਂ ਡਰਾ ਧਮਕਾ ਕੇ ਸਿਹਤ ਅਤੇ ਸਿੱਖਿਆ ਦੇ ਖੇਤਰ ਵਿੱਚ ਚੁੱਕੇ ਜਾ ਰਹੇ ਕ੍ਰਾਂਤੀਕਾਰੀ ਕਦਮਾਂ ਨੂੰ ਰੋਕ ਨਹੀਂ ਸਕਦੀ।"

ਸਿਹਤ ਮੰਤਰੀ ਡਾ: ਬਲਬੀਰ ਸਿੰਘ ਨੇ ਕਿਹਾ, "ਮੈਨੂੰ ਸਪੱਸ਼ਟ ਤੌਰ 'ਤੇ ਉਹ ਸਮਾਂ ਯਾਦ ਹੈ ਜਦੋਂ ਅਰਵਿੰਦ ਕੇਜਰੀਵਾਲ ਨੇ ਆ ਕੇ ਸਥਾਪਿਤ ਰਾਜਨੀਤੀ ਨੂੰ ਹਿਲਾ ਕੇ ਰੱਖ ਦਿੱਤਾ ਸੀ। ਜਦ ਭਾਰਤ ਦੀ ਰਾਜਨੀਤਿਕ ਪ੍ਰਣਾਲੀ ਨੂੰ ਲੈ ਕੇ ਪੂਰੀ ਤਰ੍ਹਾਂ ਭਰਮ ਅਤੇ ਅਵਿਸ਼ਵਾਸ ਸੀ। ਉਹ ਸਾਰੇ ਭਾਰਤੀਆਂ ਲਈ ਉਮੀਦ ਲੈ ਕੇ ਆਏ ਸਨ। ਤੁਸੀਂ ਜਿੰਨਾ ਜ਼ਿਆਦਾ ਉਹਨਾਂ ਨੂੰ ਦਬਾਓਣ ਦੀ ਕੋਸ਼ਿਸ਼ ਕਰੋਗੇ, ਓਨਾ ਹੀ ਉਹ ਉੱਚੇ ਉੱਠਣਗੇ।

ਮੰਤਰੀ ਅਨਮੋਲ ਗਗਨ ਮਾਨ ਨੇ ਕਿਹਾ, "ਅਰਵਿੰਦ ਕੇਜਰੀਵਾਲ ਨੂੰ ਰੋਕਣ ਦੀਆਂ ਭਾਜਪਾ ਸਰਕਾਰ ਦੀਆਂ ਕੋਸ਼ਿਸ਼ਾਂ ਸਫਲ ਨਹੀਂ ਹੋਣਗੀਆਂ। ਮਾਮੂਲੀ ਮਾਮਲੇ ਵਿੱਚ ਸੀ.ਬੀ.ਆਈ ਦੇ ਸੰਮਨ ਉਨ੍ਹਾਂ ਦੇ ਅਟੱਲ ਜਜ਼ਬੇ ਨੂੰ ਨਹੀਂ ਡੋਲਾ ਸਕਦਾ। ਅਰਵਿੰਦ ਕੇਜਰੀਵਾਲ ਨੇ ਆਪਣਾ ਜੀਵਨ ਭਾਰਤ ਦੇ ਲੋਕਾਂ ਦੀ ਸੇਵਾ ਲਈ ਸਮਰਪਿਤ ਕੀਤਾ ਹੈ। ਉਹ ਇੱਕ ਸੱਚੇ ਨੇਤਾ ਹਨ। ਜਿਨ੍ਹਾਂ ਨੂੰ ਚੁੱਪ ਜਾਂ ਰੋਕਿਆ ਨਹੀਂ ਜਾ ਸਕਦਾ। ਕੇਂਦਰ ਸਰਕਾਰ ਵੱਲੋਂ ਅਰਵਿੰਦ ਕੇਜਰੀਵਾਲ 'ਤੇ ਕੀਤੇ ਜਾ ਰਹੇ ਲਗਾਤਾਰ ਹਮਲੇ ਉਨ੍ਹਾਂ ਦੇ ਡਰ ਦਾ ਸਪੱਸ਼ਟ ਸੰਕੇਤ ਹਨ। ਲੋਕਾਂ ਦੇ ਚੈਂਪੀਅਨ ਅਤੇ ਨਰਿੰਦਰ ਮੋਦੀ ਨੂੰ ਮੁੱਖ ਚੁਣੌਤੀ ਦੇਣ ਵਾਲੇ ਕੇਜਰੀਵਾਲ ਕਰੋੜਾਂ ਭਾਰਤੀਆਂ ਦੇ ਦਿਲਾਂ ਵਿੱਚ ਹਨ। ਹੁਣ ਉਹ ਸਮਾਂ ਆ ਗਿਆ ਹੈ ਕਿ ਜਦ ਉਹਨਾਂ ਦੀ ਆਵਾਜ਼ ਨੂੰ ਦਬਾਉਣ ਦੀਆਂ ਨਾਪਾਕ ਕੋਸ਼ਿਸ਼ਾਂ ਨੂੰ ਰੋਕਿਆ ਜਾਵੇ!

ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ, "ਅਰਵਿੰਦ ਕੇਜਰੀਵਾਲ ਸਿਰਫ਼ ਇੱਕ ਨਾਮ ਨਹੀਂ, ਉਹ ਇੱਕ ਅਜਿਹਾ ਇਨਕਲਾਬ ਹੈ ਜਿਸਨੂੰ ਭਾਰਤ ਵੇਖ ਰਿਹਾ ਹੈ! ਇਤਿਹਾਸ ਗਵਾਹ ਹੈ ਕਿ ਜਦੋਂ ਵੀ ਇਨਕਲਾਬਾਂ ਨੂੰ ਦਬਾਇਆ ਜਾਂਦਾ ਹੈ, ਉਹ ਵਧਦੇ-ਫੁੱਲਦੇ ਅਤੇ ਹੋਰ ਵੀ ਵੱਡੇ ਹੁੰਦੇ ਹਨ।"

ਮੰਤਰੀ ਅਮਨ ਅਰੋੜਾ ਨੇ ਕਿਹਾ, "ਅਰਵਿੰਦ ਕੇਜਰੀਵਾਲ ਇੱਕ ਆਮ ਆਦਮੀ ਹੋਣ ਦੇ ਬਾਵਜੂਦ ਸਦੀਆਂ ਪੁਰਾਣੀਆਂ ਤਾਕਤਵਰ ਪਾਰਟੀਆਂ ਅਤੇ ਸਰਕਾਰਾਂ ਨੂੰ ਚੁਣੌਤੀ ਦੇਣ, ਲੜਨ ਅਤੇ ਡੇਗਣ ਦੀ ਹਿੰਮਤ ਰੱਖਦਾ ਹੈ। ਅੱਜ 'ਲੱਖਾਂ ਦੇ ਹੀਰੋ' ਨੂੰ ਸਿਰਫ਼ ਡਰਾਉਣ ਜਾਂ ਤੋੜਨ ਲਈ ਸੀਬੀਆਈ ਦਾ ਨੋਟਿਸ ਦਿੱਤਾ ਜਾ ਰਿਹਾ ਹੈ। ਸਾਜਿਸ਼ਘਾੜੇ ਆਪਣੇ ਮਨਸੂਬਿਆਂ ਵਿੱਚ ਕਦੇ ਕਾਮਯਾਬ ਨਹੀਂ ਹੋਣਗੇ, ਅਸੀਂ ਮਜ਼ਬੂਤੀ ਨਾਲ ਉਨ੍ਹਾਂ ਦੇ ਨਾਲ ਖੜ੍ਹੇ ਹਾਂ।"

ਮੰਤਰੀ ਕੁਲਦੀਪ ਧਾਲੀਵਾਲ ਨੇ ਕਿਹਾ, "ਕੇਂਦਰ ਸਰਕਾਰ ਦੀ ਸੀਬੀਆਈ ਅਰਵਿੰਦ ਕੇਜਰੀਵਾਲ ਦਾ ਕੁਝ ਨਹੀਂ ਵਿਗਾੜ ਸਕੇਗੀ। ਦੇਸ਼ ਦੇ ਕਰੋੜਾਂ ਬੱਚਿਆਂ, ਗਰੀਬਾਂ, ਮੱਧ ਵਰਗ ਅਤੇ ਬਜ਼ੁਰਗਾਂ ਦਾ ਆਸ਼ੀਰਵਾਦ ਉਨ੍ਹਾਂ ਦੇ ਨਾਲ ਹੈ।"

ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਕਿਹਾ ਕਿ ਅਸੀਂ  ਦੇਸ਼ ਵਿੱਚ ਆਮ ਲੋਕਾਂ ਦੀ ਅਤੇ ਭ੍ਰਿਸ਼ਟਾਚਾਰ ਮੁਕਤ ਸਰਕਾਰ ਬਣਾਉਣ ਵਾਲੇ ਕੱਟੜ ਅਤੇ ਇਮਾਨਦਾਰ ਨੇਤਾ ਦੇ ਸਿਪਾਹੀ ਹਾਂ । ਅਸੀਂ ਉਨ੍ਹਾਂ ਦੇ ਨਾਲ ਚੱਟਾਨ ਵਾਂਗ ਖੜ੍ਹੇ ਹਾਂ। ਸੱਚ ਦੀ ਆਵਾਜ਼ ਕਿਸੇ ਵੀ ਸਾਜਿਸ਼ ਨਾਲ ਨਹੀਂ ਦੱਬੇਗੀ।" 

ਮੰਤਰੀ ਬ੍ਰਹਮ ਸ਼ੰਕਰ ਜ਼ਿੰਪਾ ਨੇ ਕਿਹਾ, "ਅਰਵਿੰਦ ਕੇਜਰੀਵਾਲ ਜੀ ਦੇ ਵਧਦੇ ਗ੍ਰਾਫ ਨੇ ਭਾਜਪਾ ਵਿੱਚ ਡਰ ਫੈਲਾ ਦਿੱਤਾ ਹੈ।"

ਮੰਤਰੀ ਡਾ. ਇੰਦਰਬੀਰ ਸਿੰਘ ਨਿੱਝਰ ਨੇ ਕਿਹਾ, "ਅਰਵਿੰਦ ਕੇਜਰੀਵਾਲ ਦੀ ਆਵਾਜ਼ ਨੂੰ ਦਬਾਉਣ ਦੀਆਂ ਭਾਜਪਾ ਸਰਕਾਰ ਦੀਆਂ ਸਾਰੀਆਂ ਕੋਸ਼ਿਸ਼ਾਂ ਨਾਕਾਮ ਹੋ ਜਾਣਗੀਆਂ। ਸੀਬੀਆਈ ਦੇ ਸੰਮਨ ਉਨ੍ਹਾਂ ਨੂੰ ਸੱਚ ਦੇ ਮਾਰਗ 'ਤੇ ਚੱਲਣ ਤੋਂ ਨਹੀਂ ਰੋਕ ਸਕਣਗੇ। ਉਹ ਸਾਡੇ ਸਾਰਿਆਂ ਲਈ ਪ੍ਰੇਰਨਾ ਸਰੋਤ ਹਨ। ਅਸੀਂ ਉਨ੍ਹਾਂ ਵੱਲੋਂ ਸ਼ੁਰੂ ਕੀਤੀ ਸੱਚ ਦੀ ਲੜਾਈ 'ਚ ਨਾਲ ਖੜ੍ਹੇ ਹਾਂ। "

ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਅਤੇ ਚੇਤਨ ਸਿੰਘ ਜੌੜਾ ਮਾਜਰਾ ਨੇ ਵੀ ਅਰਵਿੰਦ ਕੇਜਰੀਵਾਲ ਦੇ ਸਮਰਥਨ ਵਿੱਚ ਟਵੀਟ ਕੀਤਾ। ਇਸ ਤੋਂ ਇਲਾਵਾ 'ਆਪ' ਵਿਧਾਇਕ ਜਗਦੀਪ ਕੰਬੋਜ ਗੋਲਡੀ, ਸ਼ੀਤਲ ਅੰਗੁਰਾਲ, ਲਾਭ ਸਿੰਘ ਉੱਗੋਕੇ, ਨਰਿੰਦਰ ਕੌਰ ਭਰਾਜ, ਰੁਪਿੰਦਰ ਸਿੰਘ ਹੈਪੀ, ਹਰਦੀਪ ਮੁੰਡੀਆਂ, ਰਮਨ ਅਰੋੜਾ, ਜੀਵਨ ਜੋਤ ਕੌਰ, ਸ਼ੈਰੀ ਕਲਸੀ, ਦਵਿੰਦਰ ਢੋਂਸ, ਡਾ: ਅਜੇ ਗੁਪਤਾ, ਦਿਨੇਸ਼ ਚੱਢਾ, ਸਰਵਣ ਸਿੰਘ ਧੁੰਨ ਅਤੇ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਨੇ ਵੀ 'ਆਪ' ਕਨਵੀਨਰ ਅਰਵਿੰਦ ਕੇਜਰੀਵਾਲ ਨਾਲ ਇਕਮੁੱਠਤਾ ਦਾ ਪ੍ਰਗਟਾਵਾ ਕਰਦਿਆਂ ਟਵੀਟ ਕੀਤਾ ਅਤੇ ਸੀਬੀਆਈ ਦੇ ਇਸ ਕਦਮ 'ਤੇ ਨਾਰਾਜ਼ਗੀ ਜ਼ਾਹਰ ਕੀਤੀ।