West Bengal News : ਪੱਛਮੀ ਬੰਗਾਲ ਦੇ ਮੁਰਸ਼ਿਦਾਬਾਦ ਹਿੰਸਾ ਦੀ ਜਾਂਚ ’ਚ ਬੰਗਲਾਦੇਸ਼ੀ ਬਦਮਾਸ਼ਾਂ ਦੀ ਸ਼ਮੂਲੀਅਤ ਦੇ ਸੰਕੇਤ : ਸਰਕਾਰੀ ਸੂਤਰ
West Bengal News : ਗ੍ਰਹਿ ਮੰਤਰਾਲੇ ਨੂੰ ਕਰਵਾਇਆ ਜਾਣੂੰ, ਵਕਫ਼ ਕਾਨੂੰਨ ਵਿਰੁੱਧ ਬੰਗਾਲ ’ਚ ਹਿੰਸਾ ਵਿੱਚ ਬੰਗਲਾਦੇਸ਼ੀ ਦੰਗਾਕਾਰੀ ਸ਼ਾਮਲ ਸਨ
West Bengal News in Punjabi : ਪੱਛਮੀ ਬੰਗਾਲ ਦੇ ਮੁਰਸ਼ਿਦਾਬਾਦ ਜ਼ਿਲ੍ਹੇ ’ਚ ਨਵੇਂ ਵਕਫ਼ ਕਾਨੂੰਨ ਨੂੰ ਲੈ ਕੇ ਹੋਈ ਹਿੰਸਾ ਦੀ ਮੁੱਢਲੀ ਜਾਂਚ ਬਾਰੇ ਗ੍ਰਹਿ ਮੰਤਰਾਲੇ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਸਰਕਾਰੀ ਸੂਤਰਾਂ ਅਨੁਸਾਰ ਹਿੰਸਾ ’ਚ ਕੁਝ ਬੰਗਲਾਦੇਸ਼ੀ ਬਦਮਾਸ਼ਾਂ ਦੇ ਸ਼ਾਮਲ ਹੋਣ ਦੇ ਸੰਕੇਤ ਹਨ। ਹਾਲਾਂਕਿ, ਹਿੰਸਾ ਤੋਂ ਬਾਅਦ, ਜੰਗੀਪੁਰ, ਧੂਲੀਆਂ, ਸੂਤੀ ਅਤੇ ਸ਼ਮਸ਼ੇਰਗੰਜ ਵਰਗੇ ਸੰਵੇਦਨਸ਼ੀਲ ਇਲਾਕਿਆਂ ’ਚ ਬੀਐਸਐਫ, ਸੀਆਰਪੀਐਫ, ਸਟੇਟ ਆਰਮਡ ਪੁਲਿਸ ਅਤੇ ਆਰਏਐਫ ਦੇ ਜਵਾਨ ਤਾਇਨਾਤ ਕੀਤੇ ਗਏ ਹਨ। ਅਧਿਕਾਰੀਆਂ ਨੇ ਕਿਹਾ ਕਿ ਪਿਛਲੇ 48 ਘੰਟਿਆਂ ’ਚ ਇਨ੍ਹਾਂ ਇਲਾਕਿਆਂ ’ਚ ਹਿੰਸਾ ਦੀ ਕੋਈ ਨਵੀਂ ਘਟਨਾ ਨਹੀਂ ਵਾਪਰੀ ਹੈ ਅਤੇ ਸਥਿਤੀ ਹੌਲੀ-ਹੌਲੀ ਆਮ ਵਾਂਗ ਹੋ ਰਹੀ ਹੈ।
ਦੱਸ ਦੇਈਏ ਕਿ ਤਣਾਅ ਦੀਆਂ ਰਿਪੋਰਟਾਂ ਦੇ ਵਿਚਕਾਰ, ਸੀਨੀਅਰ ਬੀਐਸਐਫ ਅਧਿਕਾਰੀ ਰਵੀ ਗਾਂਧੀ ਨੇ ਵੀ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਅਤੇ ਰਾਜ ਪੁਲਿਸ ਨਾਲ ਇਲਾਕੇ ’ਚ ਗਸ਼ਤ ਵਧਾਉਣ ਅਤੇ ਕਾਨੂੰਨ ਵਿਵਸਥਾ ਬਣਾਈ ਰੱਖਣ ਦੀ ਰਣਨੀਤੀ 'ਤੇ ਚਰਚਾ ਕੀਤੀ। ਇਸ ਹਿੰਸਾ ਦੇ ਸਬੰਧ ’ਚ ਹੁਣ ਤੱਕ ਕੁੱਲ 210 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਹਿੰਸਾ ਤੋਂ ਬਾਅਦ ਦੀ ਸਥਿਤੀ ਬਾਰੇ ਜਾਣਕਾਰੀ ਦਿੰਦੇ ਹੋਏ ਬੰਗਾਲ ਪੁਲਿਸ ਨੇ ਕਿਹਾ ਕਿ ਹੁਣ ਦੁਕਾਨਾਂ ਖੁੱਲ੍ਹ ਰਹੀਆਂ ਹਨ ਅਤੇ ਹਿੰਸਾ ਕਾਰਨ ਆਪਣੇ ਘਰ ਛੱਡ ਕੇ ਚਲੇ ਗਏ ਲੋਕ ਵਾਪਸ ਆਉਣੇ ਸ਼ੁਰੂ ਹੋ ਗਏ ਹਨ। ਦੱਸ ਦੇਈਏ ਕਿ ਪਿਛਲੇ ਹਫ਼ਤੇ ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ ਨਵੇਂ ਵਕਫ਼ ਕਾਨੂੰਨ ਵਿਰੁੱਧ ਸ਼ੁਰੂ ਹੋਏ ਵਿਰੋਧ ਪ੍ਰਦਰਸ਼ਨ ਹਿੰਸਕ ਹੋ ਗਏ ਸਨ, ਜਿਸ ’ਚ ਘੱਟੋ-ਘੱਟ ਤਿੰਨ ਲੋਕਾਂ ਦੀ ਮੌਤ ਹੋ ਗਈ ਸੀ ਅਤੇ ਕਈ ਜ਼ਖ਼ਮੀ ਹੋ ਗਏ ਸਨ।
ਇਸ ਮਾਮਲੇ ’ਚ ਜੰਗੀਪੁਰ ਟੀਐਮਸੀ ਦੇ ਸੰਸਦ ਮੈਂਬਰ ਖਲੀਲੁਰ ਰਹਿਮਾਨ ਨੇ ਕਿਹਾ ਕਿ ਸਥਿਤੀ ’ਚ ਸੁਧਾਰ ਹੋ ਰਿਹਾ ਹੈ ਅਤੇ ਸਰਕਾਰ ਪੀੜਤਾਂ ਨੂੰ ਹਰ ਸੰਭਵ ਮਦਦ ਪ੍ਰਦਾਨ ਕਰ ਰਹੀ ਹੈ। ਉਨ੍ਹਾਂ ਲੋਕਾਂ ਨੂੰ ਅਫ਼ਵਾਹਾਂ ਤੋਂ ਬਚਣ ਅਤੇ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ। ਜ਼ਿਲ੍ਹਾ ਪ੍ਰਸ਼ਾਸਨ ਹੁਣ ਉਨ੍ਹਾਂ ਲੋਕਾਂ ਦੀ ਸੂਚੀ ਤਿਆਰ ਕਰ ਰਿਹਾ ਹੈ ਜਿਨ੍ਹਾਂ ਨੂੰ ਹਿੰਸਾ ਵਿੱਚ ਹੋਏ ਜਾਇਦਾਦ ਦੇ ਨੁਕਸਾਨ ਲਈ ਮੁਆਵਜ਼ਾ ਦਿੱਤਾ ਜਾਵੇਗਾ।
(For more news apart from investigation West Bengal Murshidabad violence indicates involvement Bangladeshi miscreants: Government sources News in Punjabi, stay tuned to Rozana Spokesman)