ਪਾਕਿਸਤਾਨ ਨੇ ਕੀਤਾ ਜੰਗਬੰਦੀ ਦਾ ਉਲੰਘਣ, ਬੀਐਸਐਫ ਦਾ ਇਕ ਜਵਾਨ ਸ਼ਹੀਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਜੰਮੂ-ਕਸ਼ਮੀਰ ਦੇ ਸਾਂਬਾ ਸੈਕਟਰ ਵਿਚ ਕੌਮਾਂਤਰੀ ਸਰਹੱਦ 'ਤੇ ਪਾਕਿਸਤਾਨੀ ਫ਼ੌਜ ਨੇ ਜੰਗਬੰਦੀ ਦੀ ਉਲੰਘਣਾ ਕੀਤੀ ਹੈ। ਬੀਐਸਐਫ ਅਧਿਕਾਰੀ ਨੇ...

bsf constable lost his life in ceasefire violation by pakistan

ਨਵੀਂ ਦਿੱਲੀ : ਜੰਮੂ-ਕਸ਼ਮੀਰ ਦੇ ਸਾਂਬਾ ਸੈਕਟਰ ਵਿਚ ਕੌਮਾਂਤਰੀ ਸਰਹੱਦ 'ਤੇ ਪਾਕਿਸਤਾਨੀ ਫ਼ੌਜ ਨੇ ਜੰਗਬੰਦੀ ਦੀ ਉਲੰਘਣਾ ਕੀਤੀ ਹੈ। ਬੀਐਸਐਫ ਅਧਿਕਾਰੀ ਨੇ ਦਸਿਆ ਕਿ ਪਾਕਿਸਤਾਨ ਵਲੋਂ ਕੀਤੀ ਗਈ ਫਾਈਰਿੰਗ ਵਿਚ ਇਕ ਜਵਾਨ ਸ਼ਹੀਦ ਹੋ ਗਿਆ ਹੈ। ਬੀਐਸਐਫ ਦੇ ਇਕ ਸੀਨੀਅਰ ਅਧਿਕਾਰੀ ਨੇ ਇਹ ਜਾਣਕਾਰੀ ਦਿਤੀ। ਸਰਹੱਦ ਪਾਰ ਤੋਂ ਜੰਗਬੰਦੀ ਦੀ ਉਲੰਘਣ ਦੀ ਇਹ ਘਟਨਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੂਬੇ ਦੀ ਯਾਤਰਾ ਤੋਂ ਮਹਿਜ਼ ਚਾਰ ਦਿਨ ਪਹਿਲਾਂ ਹੋਈ ਹੈ। ਇਸ ਗੋਲੀਬਾਰੀ ਦੇ ਨਾਲ ਹੀ ਕੌਮਾਂਤਰੀ ਸਰਹੱਦ 'ਤੇ ਮਹੀਨਿਆਂ ਦੀ ਸ਼ਾਂਤੀ ਵੀ ਖ਼ਤਮ ਹੋ ਗਈ।

ਇੱਥੇ ਇਸ ਸਾਲ ਦੇ ਸ਼ੁਰੂ ਵਿਚ ਪਾਕਿਸਤਾਨੀ ਫ਼ੌਜੀਆਂ ਨੇ ਭਾਰੀ ਗੋਲੀਬਾਰੀ ਕੀਤੀ ਸੀ। ਅਧਿਕਾਰੀ ਨੇ ਨਾਮ ਨਾ ਉਜਾਗਰ ਕਰਨ ਦੀ ਸ਼ਰਤ 'ਤੇ ਦਸਿਆ ਕਿ ਪਾਕਿਸਤਾਨੀ ਫ਼ੌਜੀਆਂ ਨੇ ਮੰਗੁਚਕ ਇਲਾਕੇ ਵਿਚ ਸਥਿਤ ਮੋਹਰੀ ਚੌਕੀਆਂ 'ਤੇ ਕਲ ਰਾਤ ਕਰੀਬ 11:30 ਵਜੇ ਬਿਨਾਂ ਉਕਸਾਵੇ ਦੇ ਅੰਨ੍ਹੇਵਾਹ ਗੋਲੀਬਾਰੀ ਕੀਤੀ। ਉਨ੍ਹਾਂ ਦਸਿਆ ਕਿ ਕੌਮਾਂਤਰੀ ਸਰਹੱਦ ਦੀ ਰਖਵਾਲੀ ਕਰ ਰਹੇ ਜਵਾਨਾਂ ਨੇ ਪ੍ਰਭਾਵੀ ਤਰੀਕੇ ਨਾਲ ਉਨ੍ਹਾਂ ਨੂੰ ਜਵਾਬ ਦਿਤਾ।

ਉਨ੍ਹਾਂ ਕਿਹਾ ਕਿ ਦੋਵੇਂ ਪਾਸੇ ਤੋਂ ਇਕ ਘੰਟੇ ਦੇ ਤਕ ਭਾਰੀ ਗੋਲੀਬਾਰੀ ਹੁੰਦੀ ਰਹੀ, ਜਿਸ ਵਿਚ ਕਾਂਸਟੇਬਲ ਦਵਿੰਦਰ ਸਿੰਘ ਨੂੰ ਗੋਲੀ ਲੱਗ ਗਈ। ਉਨ੍ਹਾਂ ਦੀ ਚੌਕੀ ਵਿਚ ਇਕ ਸੁਰਾਖ਼ ਸੀ, ਜਿਸ ਕਰ ਕੇ ਉਨ੍ਹਾਂ ਨੂੰ ਗੋਲੀ ਲੱਗੀ। ਅਧਿਕਾਰੀ ਨੇ ਦਸਿਆ ਕਿ ਉਨ੍ਹਾਂ ਨੂੰ ਤੁਰਤ ਹਸਪਤਾਲ ਲਿਜਾਇਆ ਗਿਆ, ਪਰ ਉਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਿਆ। ਉਨ੍ਹਾਂ ਦਸਿਆ ਕਿ ਆਖ਼ਰੀ ਰਿਪੋਰਟ ਪ੍ਰਾਪਤ ਹੋਣ ਤਕ ਦੋਵੇਂ ਪਾਸੇ ਤੋਂ ਰੁਕ-ਰੁਕ ਕੇ ਗੋਲੀਬਾਰੀ ਹੁੰਦੀ ਰਹੀ। 

ਜ਼ਿਕਰਯੋਗ ਹੈ ਕਿ ਕਰੀਬ 24 ਘੰਟੇ ਪਹਿਲਾਂ ਹੀ ਬੀਐਸਐਫ ਨੇ ਕਠੂਆ ਜ਼ਿਲ੍ਹੇ ਦੇ ਨੇੜੇ ਹੀਰਾਨਗਰ ਸੈਕਟਰ ਵਿਚ ਕੌਮਾਂਤਰੀ ਸਰਹੱਦ 'ਤੇ ਪੰਜ ਵਿਅਕਤੀਆਂ ਦੀਆਂ ਸ਼ੱਕੀ ਗਤੀਵਿਧੀਆਂ ਦੇਖੀਆਂ ਸਨ। ਇਨ੍ਹਾਂ ਲੋਕਾਂ ਸਬੰਧੀ ਮੰਨਿਆ ਜਾਂਦਾ ਹੈ ਕਿ ਉਹ ਅਤਿਵਾਦੀ ਹਨ ਅਤੇ ਭਾਰਤ ਵਿਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਹੇ ਸਨ। ਇਸ ਤੋਂ ਬਾਅਦ ਵਿਆਪਕ ਖੋਜ ਮੁਹਿੰਮ ਚਲਾਈ ਗਈ ਅਤੇ ਜੰਮੂ ਵਿਚ ਹਾਈ ਅਲਰਟ ਐਲਾਨ ਕੀਤਾ ਗਿਆ।

ਅਧਿਕਾਰੀ ਨੇ ਦਸਿਆ ਕਿ ਫ਼ੌਜ ਨੇ ਤਲਾਸ਼ੀ ਮੁਹਿੰਮ ਦੌਰਾਨ ਹੈਲੀਕਾਪਟਰ ਨੂੰ ਵੀ ਲਗਾਇਆ ਹੈ। ਇਹ ਮੁਹਿੰਮ ਅੱਜ ਦੂਜੇ ਦਿਨ ਵਿਚ ਦਾਖ਼ਲ ਹੋ ਗਈ ਹੈ। ਕੌਮਾਂਤਰੀ ਸਰਹੱਦ 'ਤੇ ਪਾਕਿਸਤਾਨੀ ਗੋਲੀਬਾਰੀ ਦੀਆਂ 700 ਤੋਂ ਜ਼ਿਆਦਾ ਘਟਨਾਵਾਂ ਵਿਚ ਸਿੰਘ ਦੀ ਮੌਤ ਦੇ ਨਾਲ ਹੀ ਮਰਨ ਵਾਲਿਆਂ ਦੀ ਗਿਣਤੀ 33 ਹੋ ਗਈ ਹੈ ਜੋ ਇਸ ਸਾਲ ਸਭ ਤੋਂ ਜ਼ਿਆਦਾ ਹੈ। ਮ੍ਰਿਤਕਾਂ ਵਿਚ 17 ਸੁਰੱਖਿਆ ਕਰਮੀ ਸ਼ਾਮਲ ਹਨ। ਪ੍ਰਧਾਨ ਮੰਤਰੀ ਨੇ 19 ਮਈ ਨੂੰ ਜੰਮੂ-ਕਸ਼ਮੀਰ ਆਉਣਾ ਹੈ।