ਹਵਾ ਦੀ ਉਲਟ ਦਿਸ਼ਾ ਕਾਰਨ ਪੋਖ਼ਰਣ ਪ੍ਰੀਖਣ 'ਚ ਹੋਈ ਸੀ 6 ਘੰਟੇ ਦੀ ਦੇਰੀ : ਡੀਆਰਡੀਓ ਵਿਗਿਆਨੀ
ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀਆਰਡੀਓ) ਦੇ ਇਕ ਸੀਨੀਅਰ ਵਿਗਿਆਨੀ ਨੇ ਕਿਹਾ ਕਿ ਹਵਾ ਦੀ ਉਲਟ ਦਿਸ਼ਾ ਦੇ ਕਾਰਨ 11 ਮਈ 1998 ...
ਨਵੀਂ ਦਿੱਲੀ : ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀਆਰਡੀਓ) ਦੇ ਇਕ ਸੀਨੀਅਰ ਵਿਗਿਆਨੀ ਨੇ ਕਿਹਾ ਕਿ ਹਵਾ ਦੀ ਉਲਟ ਦਿਸ਼ਾ ਦੇ ਕਾਰਨ 11 ਮਈ 1998 ਨੂੰ ਕੀਤੇ ਗਏ ਪੋਖਰਣ ਪਰਮਾਣੂ ਪ੍ਰੀਖਣ ਵਿਚ ਛੇ ਘੰਟੇ ਤੋਂ ਜ਼ਿਆਦਾ ਦੀ ਦੇਰੀ ਹੋਈ ਸੀ। ਪ੍ਰੀਖਣ ਵਿਚ ਕੁੱਝ ਘੰਟਿਆਂ ਦੀ ਦੇਰੀ ਕਰਨ ਦਾ ਫ਼ੈਸਲਾ ਹਵਾ ਦੇ ਵਿਕਿਰਨ ਨੂੰ ਰਿਹਾਇਸ਼ੀ ਇਲਾਕਿਆਂ ਜਾਂ ਪਾਕਿਸਤਾਨ ਵੱਲ ਲਿਜਾਣ ਦੇ ਸ਼ੱਕ ਨੂੰ ਧਿਆਨ ਵਿਚ ਰਖਦੇ ਹੋਏ ਲਿਆ ਗਿਆ ਸੀ।
ਪ੍ਰੀਖਣ ਟੀਮ ਦਾ ਹਿੱਸਾ ਰਹੇ ਮਨਜੀਤ ਸਿੰਘ ਲੇ ਕਲ ਇੱਥੇ ਡੀਆਰਡੀਓ ਦੇ ਇਕ ਪ੍ਰੋਗਰਾਮ ਵਿਚ ਕਿਹਾ ਕਿ ਅਸਲ ਯੋਜਨਾ ਸਾਰੇ ਤਿੰਨ ਉਪਕਰਨਾਂ ਦਾ ਸਵੇਰੇ 9 ਵਜੇ ਪ੍ਰੀਖਣ ਕਰਨਾ ਦੀ ਸੀ ਪਰ ਹਵਾ ਦੀ ਉਲਟ ਦਿਸ਼ਾ ਦੇ ਕਾਰਨ ਪੂਰੇ ਪ੍ਰੋਗਰਾਮ ਵਿਚ ਦੇਰੀ ਹੋਈ। ਉਨ੍ਹਾਂ ਦਸਿਆ ਕਿ ਕੌਮਾਂਤਰੀ ਸਮਝੌਤਿਆਂ ਦੇ ਪ੍ਰੋਟੋਕਾਲ ਮੁਤਾਬਕ ਹਵਾ ਦੀ ਦਿਸ਼ਾ ਹੋਰ ਦੇਸ਼ਾਂ ਜਾਂ ਰਿਹਾਇਸ਼ੀ ਇਲਾਕਿਆਂ ਵੱਲ ਨਹੀਂ ਹੋਣੀ ਚਾਹੀਦੀ। ਅਜਿਹੇ ਵਿਚ ਹਵਾ ਦੀ ਦਿਸ਼ਾ ਬਦਲ ਜਾਵੇ, ਇਸ ਦੇ ਲਈ ਅਸੀਂ ਕਰੀਬ ਛੇ ਘੰਟੇ ਤਕ ਇੰਤਜ਼ਾਰ ਕੀਤਾ।
ਵਿਗਿਆਨੀ ਨੇ ਕਿਹਾ ਕਿ ਪ੍ਰੀਖਣ ਟੀਮ ਕੰਟਰੋਲ ਰੂਮ ਵਿਚ ਇੰਤਜ਼ਾਰ ਕਰਨਾ ਨਹੀਂ ਚਾਹੁੰਦੀ ਸੀ ਕਿਉਂਕਿ ਉਸ ਨੂੰ ਡਰ ਸੀ ਕਿ ਵਿਸਫ਼ੋਟ ਨਾਲ ਹੋਣ ਵਾਲੇ ਝਟਕਿਆਂ ਦੇ ਕਾਰਨ ਉਹ ਢਹਿ ਜਾਵੇਗਾ। ਪੋਖ਼ਰਣ ਪ੍ਰੀਖਣ ਤੋਂ ਬਾਅਦ ਭਾਰਤ ਨੇ ਪਰਮਾਣੂ ਸ਼ਕਤੀ ਬਣਨ ਦਾ ਐਲਾਨ ਕਰ ਦਿਤਾ ਸੀ।
ਮਨਜੀਤ ਸਿੰਘ ਨੇ ਦਸੰਬਰ 1984 ਵਿਚ ਡੀਆਰਡੀਓ ਦੇ ਟਰਮੀਨਲ ਬੈਲਿਸਟਿਕ ਰਿਸਰਚ ਲੈਬਾਰਟਰੀ ਵਿਚ ਸੀਨੀਅਰ ਵਿਗਿਆਨੀ ਦਾ ਅਹੁਦਾ ਸੰਭਾਲਿਆ ਸੀ। 1998 ਵਿਚ ਤਤਕਾਲੀਨ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੇ ਉਨ੍ਹਾਂ ਨੂੰ ਪੁਰਸਕਾਰ ਦਿਤਾ ਸੀ। ਮਨਜੀਤ ਸਿੰਘ ਨੇ 29 ਜੁਲਾਈ 2011 ਵਿਚ ਟੀਬੀਆਰਐਲ ਦੇ ਨਿਦੇਸ਼ਕ ਦਾ ਅਹੁਦਾ ਸੰਭਾਲਿਆ ਸੀ।