'ਕਾਂਗਰਸ ਨੂੰ ਧਮਕੀਆਂ ਦੇ ਰਹੇ ਹਨ ਪ੍ਰਧਾਨ ਮੰਤਰੀ ਮੋਦੀ'

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਾਂਗਰਸ ਆਗੂਆਂ ਨੇ ਰਾਸ਼ਟਰਪਤੀ ਨੂੰ ਲਿਖੀ ਸ਼ਿਕਾਇਤੀ ਚਿੱਠੀ

Dr. Manmohan Singh

ਨਵੀਂ ਦਿੱਲੀ, ਕਰਨਾਟਕ ਵਿਧਾਨ ਸਭਾ ਚੋਣ ਪ੍ਰਚਾਰ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਭਾਸ਼ਨ ਦੇ ਇਕ ਹਿੱਸੇ ਵਿਰੁਧ ਕਾਂਗਰਸ ਪਾਰਟੀ ਨੇ ਰਾਸ਼ਟਰਪਤੀ ਨੂੰ ਚਿੱਠੀ ਲਿਖ ਕੇ ਕਿਹਾ ਹੈ ਕਿ ਉਹ ਮੋਦੀ ਨੂੰ ਭਵਿੱਖ ਵਿਚ ਧਮਕਾਉਣ ਵਾਲੀ ਅਤੇ ਅਣਚਾਹੀ ਟਿਪਣੀ ਨਾ ਕਰਨ ਦੀ ਸਲਾਹ ਦੇਣ ਕਿਉਂਕਿ ਇਸ ਤਰ੍ਹਾਂ ਦੀ ਭਾਸ਼ਾ ਪ੍ਰਧਾਨ ਮੰਤਰੀ ਅਹੁਦੇ ਮੁਤਾਬਕ ਨਹੀਂ ਹੈ। ਕਾਂਗਰਸ ਵਲੋਂ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ 13 ਮਈ ਨੂੰ ਭੇਜੇ ਗਏ ਪੱਤਰ ਵਿਚ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ, ਲੋਕ ਸਭਾ ਵਿਚ ਪਾਰਟੀ ਦੇ ਨੇਤਾ ਮਲਿਕਾਅਰਜੁਨ ਖੜਗੇ, ਰਾਜ ਸਭਾ ਵਿਚ ਨੇਤਾ ਵਿਰੋਧੀ ਧਿਰ ਗ਼ੁਲਾਮ ਨਬੀ ਆਜ਼ਾਦ ਅਤੇ ਉਪ ਨੇਤਾ ਆਨੰਦ ਸ਼ਰਮਾ, ਮੋਤੀਲਾਲ ਵੋਹਰਾ, ਅਸ਼ੋਕ ਗਹਿਲੋਤ, ਅਹਿਮਦ ਪਟੇਲ, ਪੀ  ਚਿਦੰਬਰਮ ਅਤੇ ਹੋਰ ਆਗੂਆਂ ਦੇ ਹਸਤਾਖਰ ਹਨ।

 ਮੁੱਖ ਵਿਰੋਧੀ ਪਾਰਟੀ ਨੇ ਪ੍ਰਧਾਨ ਮੰਤਰੀ ਦੁਆਰਾ ਛੇ ਮਈ ਨੂੰ ਹੁਬਲੀ ਦੀ ਚੋਣ ਸਭਾ ਵਿਚ ਦਿਤੇ ਗਏ ਭਾਸ਼ਨ ਦਾ ਹਵਾਲਾ ਦਿੰਦਿਆਂ ਦਸਿਆ, 'ਨਰਿੰਦਰ ਮੋਦੀ ਨੇ ਕਿਹਾ-ਕਾਂਗਰਸ ਦੇ ਨੇਤਾ ਸੁਣ ਲੈਣ, ਜੇ ਹੱਦਾਂ ਨੂੰ ਪਾਰ ਕਰਨਗੇ ਤਾਂ ਇਹ ਮੋਦੀ ਹੈ, ਲੈਣੇ ਦੇ ਦੇਣੇ ਪੈ ਜਾਣਗੇ।' ਕਾਂਗਰਸ ਨੇ ਪੱਤਰ ਵਿਚ ਦੋਸ਼ ਲਾਇਆ, 'ਪ੍ਰਧਾਨ ਮੰਤਰੀ ਨੇ ਕਾਂਗਰਸ ਦੇ ਆਗੂਆਂ ਨੂੰ ਧਮਕੀ ਦਿਤੀ ਜੋ ਨਿੰਦਣਯੋਗ ਹੈ। 1.30 ਅਰਬ ਦੀ ਆਬਾਦੀ ਵਾਲੇ ਦੇਸ਼ ਦੇ ਪ੍ਰਧਾਨ ਮੰਤਰੀ ਦੀ ਭਾਸ਼ਾ ਇਹ ਨਹੀਂ ਹੋ ਸਕਦੀ। ਜਿਹੜੇ ਸ਼ਬਦ ਵਰਤੇ ਗਏ ਹਨ, ਉਹ ਧਮਕੀ ਭਰੇ ਹਨ ਅਤੇ ਇਨ੍ਹਾਂ ਦਾ ਮਕਸਦ ਅਪਮਾਨ ਕਰਨਾ ਤੇ ਭੜਕਾਉਣਾ ਹੈ।' ਪਾਰਟੀ ਨੇ ਕਿਹਾ, 'ਕਾਂਗਰਸ ਦੇਸ਼ ਦੀ ਸੱਭ ਤੋਂ ਪੁਰਾਣੀ ਪਾਰਟੀ ਹੈ ਅਤੇ ਕਈ ਚੁਨੌਤੀਆਂ ਤੇ ਧਮਕੀਆਂ ਦਾ ਸਾਹਮਣਾ ਕਰ ਚੁਕੀ ਹੈ। ਅਸੀਂ ਸਪੱਸ਼ਟ ਕਰਨਾ ਚਾਹੁੰਦੇ ਹਾਂ ਕਿ ਇਸ ਤਰ੍ਹਾਂ ਦੀਆਂ ਧਮਕੀਆਂ ਤੋਂ ਨਾ ਤਾਂ ਪਾਰਟੀ ਅਤੇ ਨਾ ਹੀ ਸਾਡੇ ਆਗੂ ਡਰਨ ਵਾਲੇ ਹਨ।' (ਏਜੰਸੀ)