ਆਰਥਕ ਪੈਕੇਜ ਦੀ ਦੂਜੀ ਕਿਸਤ, 8 ਕਰੋੜ ਪ੍ਰਵਾਸੀ ਮਜ਼ਦੂਰਾਂ ਨੂੰ ਮਿਲੇਗਾ ਮੁਫ਼ਤ ਅਨਾਜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਿਸਾਨਾਂ, ਰੇਹੜੀ-ਫੜ੍ਹੀ ਵਾਲਿਆਂ ਨੂੰ ਸਸਤਾ ਕਰਜ਼ਾ

Photo

ਨਵੀਂ ਦਿੱਲੀ, 14 ਮਈ: ਕੇਂਦਰ ਸਰਕਾਰ ਨੇ ਪ੍ਰਵਾਸੀ ਮਜ਼ਦੂਰਾਂ ਨੂੰ ਮੁਫ਼ਤ ਅਨਾਜ, ਕਿਸਾਨਾਂ ਨੂੰ ਸਸਤਾ ਕਰਜ਼ਾ ਅਤੇ ਰੇਹੜੀ-ਫੜ੍ਹੀ ਪਟੜੀ ਵਾਲਿਆਂ ਨੂੰ ਕਾਰਜਸ਼ੀਲ ਪੂੰਜੀ ਕਰਜ਼ਾ ਉਪਲਭਧ ਕਰਾਉਣ ਵਾਸਤੇ 3.16 ਲੱਖ ਕਰੋੜ ਰੁਪਏ ਦੇ ਰਾਹਤ ਪੈਕੇਜ ਦਾ ਐਲਾਨ ਕੀਤਾ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਪੱਤਰਕਾਰ ਸੰਮੇਨਨ ਵਿਚ ਦਸਿਆ ਕਿ 8 ਕਰੋੜ ਪ੍ਰਵਾਸੀ ਮਜ਼ਦੂਰਾਂ ਨੂੰ ਦੋ ਮਹੀਨੇ ਲਈ ਮੁਫ਼ਤ ਅਨਾਜ ਦਿਤਾ ਜਾਵੇਗਾ ਅਤੇ ਬੇਰੁਜ਼ਗਾਰ ਹੋਏ 50 ਲੱਖ ਰੇਹੜੀ-ਫੜ੍ਹੀ ਵਾਲਿਆਂ ਨੂੰ 10000-10000 ਰੁਪਏ ਦਾ ਕਾਰਜਸ਼ੀਲ ਪੂੰਜੀ ਕਰਜ਼ਾ ਦਿਤਾ ਜਾਵੇਗਾ।

ਵਿੱਤ ਮੰਤਰੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਐਲਾਨੇ ਗਏ 20 ਲੱਖ ਕਰੋੜ ਰੁਪਏ ਦੇ ਪੈਕੇਜ ਦੀ ਦੂਜੀ ਕਿਸਤ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਮਜ਼ਦੂਰਾਂ, ਰੇਹੜੀ-ਫੜ੍ਹੀ ਵਾਲਿਆਂ ਅਤੇ ਛੋਟੇ ਕਿਸਾਨਾਂ ਨੂੰ ਵੱਖ ਵੱਖ ਰਾਹਤਾਂ ਦਿਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਕਰਜ਼ੇ ਵਿਚ ਵਿਆਜ 'ਤੇ 31 ਮਈ ਤਕ ਛੋਟ ਦਿਤੀ ਗਈ ਹੈ। ਛੋਟੇ ਕਿਸਾਨਾਂ ਨੂੰ ਰਿਆਇਤੀ ਦਰਾਂ 'ਤੇ 4 ਲੱਖ ਕਰੋੜ ਦਾ ਕਰਜ਼ਾ ਦਿਤਾ ਜਾਵੇਗਾ।

ਸੀਤਾਰਮਨ ਨੇ ਕਿਹਾ, 'ਨਾਬਾਰਡ, ਪੇਂਡੂ ਬੈਂਕਾਂ ਜ਼ਰੀਏ 29500 ਕਰੋੜ ਦੀ ਮਦਦ ਕਿਸਾਨਾਂ ਨੂੰ ਦਿਤੀ ਗਈ ਹੈ। ਮਾਰਚ ਅਪ੍ਰੈਲ ਵਿਚ 86 ਹਜ਼ਾਰ ਕਰੋੜ ਦਾ ਕਰਜ਼ਾ ਦਿਤਾ ਗਿਆ। ਪੇਂਡੂ ਬੁਨਿਆਦੀ ਢਾਂਚੇ ਲਈ 4200 ਕਰੋੜ ਰੁਪਏ ਦਿਤੇ ਗਏ।' ਪ੍ਰਵਾਸੀ ਮਜ਼ਦੂਰਾਂ ਨੂੰ ਦੋ ਮਹੀਨੇ ਮੁਫ਼ਤ ਅਨਾਜ ਦੇਣ ਦਾ ਵੀ ਐਲਾਨ ਕੀਤਾ ਗਿਆ ਹੈ।

ਵਿੱਤ ਰਾਜ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ, 'ਇਹ ਸਰਕਾਰ ਗ਼ਰੀਬਾਂ ਲਈ ਹੈ, ਅਸੀਂ ਗ਼ਰੀਬਾਂ ਦੀ ਮਦਦ ਕਰਨੀ ਹੈ। ਤਿੰਨ ਲੱਖ ਕਿਸਾਨਾਂ ਨੂੰ ਰਿਆਇਤੀ ਦਰਾਂ 'ਤੇ ਕਰਜ਼ਾ ਦਿਤਾ ਗਿਆ ਹੈ। 25 ਲੱਖ ਕਿਸਾਨਾਂ ਨੂੰ ਕਰੈਡਿਟ ਕਾਰਡ ਵੰਡੇ ਗਏ ਹਨ।' ਉਨ੍ਹਾਂ ਕਿਹਾ, 'ਸਾਰੇ ਮਜ਼ਦੂਰਾਂ ਨੂੰ ਘੱਟੋ ਘੱਟ ਮਜ਼ਦੂਰੀ ਦਾ ਫ਼ਾਇਦਾ ਦੇਣ ਦੀ ਕੋਸ਼ਿਸ਼ ਹੈ। 10 ਤੋਂ ਘੱਟ ਮੁਲਾਜ਼ਮਾਂ ਵਾਲੀ ਸੰਸਥਾ ਸਾਲਾਨਾ ਮੁਲਾਜ਼ਮਾਂ ਦੀ ਸਿਹਤ ਜਾਂਚ ਕਰਾਏ।

ਅਜਿਹੀਆਂ ਸੰਸਥਾਵਾਂ ਨੂੰ ਈਐਸਆਈਸੀ ਦੇ ਦਾਇਰੇ ਵਿਚ ਲਿਆਂਦਾ ਜਾਵੇਗਾ। ਖ਼ਤਰਨਾਕ ਖੇਤਰ ਵਿਚ ਕੰਮ ਕਰਨ ਵਾਲਿਆਂ ਲਈ ਈਐਸਆਈਸੀ ਸਿਹਤ ਸਹੂਲਤ ਜ਼ਰੂਰੀ ਹੈ।' ਉਨ੍ਹਾਂ ਦਸਿਆ, '8 ਕਰੋੜ ਪ੍ਰਵਾਸੀ ਮਜ਼ਦੂਰਾਂ ਦੇ ਰਾਸ਼ਨ ਲਈ 3500 ਕਰੋੜ ਦਾ ਪ੍ਰਬੰਧ ਕੀਤਾ ਗਿਆ ਹੈ। ਰਾਤ ਸਮੇਂ ਕੰਮ ਕਰਨ ਵਾਲੀਆਂ ਔਰਤਾਂ ਲਈ ਨਿਯਮ ਬਣਨਗੇ।'

ਉਨ੍ਹਾਂ ਕਿਹਾ ਕਿ ਨਵੀਂ ਯੋਜਨਾ ਤਹਿਤ ਮਜ਼ਦੂਰ ਅਤੇ ਸ਼ਹਿਰੀ ਗ਼ਰੀਬ ਬਹੁਤ ਘੱਟ ਕਿਰਾਏ 'ਤੇ ਰਹਿ ਸਕਣਗੇ। ਸੀਤਾਰਮਨ ਨੇ ਕਿਹਾ ਕਿ ਜਿਨ੍ਹਾਂ ਮੁਦਰਾ ਕਰਜ਼ੇ ਤਹਿਤ 50 ਹਜ਼ਾਰ ਤਕ ਜਾਂ 50 ਹਜ਼ਾਰ ਰੁਪਏ ਤੋਂ ਘੱਟ ਕਰਜ਼ਾ ਲਿਆ ਹੈ, ਉਹ ਜਦ ਤਿੰਨ ਮਹੀਨੇ ਮਗਰੋਂ ਅਪਣੀ ਕਿਸਤ ਤਾਰਨਗੇ ਤਾਂ ਸਮੇਂ ਸਿਰ ਕਿਸਤ ਦੇਣ ਵਾਲਿਆਂ ਨੂੰ 2 ਫ਼ੀ ਸਦੀ ਵਿਆਜ ਵਿਚ ਛੋਟ ਦਿਤੀ ਜਾਵੇਗੀ। ਮਿਡਲ ਇਨਕਮ ਗਰੁਪ ਜਿਨ੍ਹਾਂ ਦੀ ਆਮਦਨ ਛੇ ਲੱਖ ਤੋਂ 18 ਲੱਖ ਰੁਪਏ ਤਕ ਸਾਲਾਨਾ ਹੈ, ਉਨ੍ਹਾਂ ਲਈ ਸਸਤੇ ਮਕਾਨ ਵਾਸਤੇ ਕਰੈਡਿਟ ਲਿੰਕ ਸਬਸਿਡੀ ਸਕੀਮ ਦਾ ਫ਼ਾਇਦਾ ਮਾਰਚ 2021 ਤਕ ਵਧਾਇਆ ਜਾ ਰਿਹਾ ਹੈ। ਇਹ ਯੋਜਨਾ ਮਾਰਚ 2020 ਵਿਚ ਖ਼ਤਮ ਹੋ ਰਹੀ ਸੀ।  (ਏਜੰਸੀ)

ਮਜ਼ਦੂਰਾਂ ਦੀਆਂ ਚੀਕਾਂ ਸਰਕਾਰ ਤਕ ਪਹੁੰਚਾਈਆਂ ਜਾਣਗੀਆਂ : ਰਾਹੁਲ
ਨਵੀਂ ਦਿੱਲੀ, 14 ਮਈ: ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਵਾਸੀ ਮਜ਼ਦੂਰਾਂ ਨਾਲ ਜੁੜੀ ਵੀਡੀਉ ਸਾਂਝੀ ਕਰਦਿਆਂ ਕਿਹਾ ਕਿ ਇਹ ਮਜ਼ਦੂਰ ਦੇਸ਼ ਦੇ ਸਵੈਮਾਣ ਦਾ ਝੰਡਾ ਹਨ ਜਿਸ ਨੂੰ ਕਦੇ ਵੀ ਝੁਕਣ ਨਹੀਂ ਦਿਤਾ ਜਾਵੇਗਾ। ਉਨ੍ਹਾਂ ਦੀਆਂ ਚੀਕਾਂ ਸਰਕਾਰ ਤਕ ਪਹੁੰਚਾਈਆਂ ਜਾਣਗੀਆਂ ਅਤੇ ਉਨ੍ਹਾਂ ਨੂੰ ਮਦਦ ਦਿਵਾਈ ਜਾਵੇਗੀ। ਉਨ੍ਹਾਂ ਟਵਿਟਰ 'ਤੇ ਕਿਹਾ, 'ਹਨੇਰਾ ਸੰਘਣਾ ਹੈ, ਔਖੀ ਘੜੀ ਹੈ, ਹਿੰਮਤ ਰੱਖੋ, ਅਸੀਂ ਸਾਰਿਆਂ ਦੀ ਸੁਰੱਖਿਆ ਵਿਚ ਖੜੇ ਹਾਂ। ਸਰਕਾਰ ਤਕ ਇਨ੍ਹਾਂ ਦੀਆਂ ਚੀਕਾਂ ਪਹੁੰਚਾ ਕੇ ਰਹਾਂਗੇ, ਇਨ੍ਹਾਂ ਦੇ ਹੱਕ ਦੀ ਹਰ ਮਦਦ ਦਿਵਾ ਕੇ ਰਹਾਂਗੇ।' ਕਾਂਗਰਸ ਆਗੂ ਨੇ ਕਿਹਾ, 'ਦੇਸ਼ ਦੀ ਆਮ ਜਨਤਾ ਨਹੀਂ, ਇਹ ਤਾਂ ਦੇਸ਼ ਦੇ ਸਵੈਮਾਣ ਦਾ ਝੰਡਾ ਹਨ, ਇਸ ਨੂੰ ਕਦੇ ਵੀ ਝੁਕਣ ਨਹੀਂ ਦਿਆਂਗੇ।' (ਏਜੰਸੀ)

ਕਾਂਗਰਸ ਨੇ ਕਿਹਾ-ਪੁਟਿਆ ਪਹਾੜ, ਨਿਕਲਿਆ ਚੂਹਾ
ਕਾਂਗਰਸ ਨੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੁਆਰਾ ਕੀਤੇ ਗਏ ਐਲਾਨਾਂ ਬਾਬਤ ਕਿਹਾ ਕਿ ਸਰਕਾਰ ਨੇ ਕੋਈ ਰਾਹਤ ਨਹੀਂ ਦਿਤੀ। ਪਾਰਟੀ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਕਿਹਾ, 'ਨਿਰਮਲਾ ਸੀਤਾਰਮਨ ਦੇ ਆਰਥਕ ਪੈਕੇਜ ਦੇ ਦੂਜੇ ਦਿਨ ਦੇ ਐਲਾਨਾਂ ਦਾ ਅਰਥ-ਪੁਟਿਆ ਪਹਾੜ, ਨਿਕਲਿਆ ਚੂਹਾ-ਹੈ। ਉਨ੍ਹਾਂ ਕਿਹਾ ਕਿ ਆਰਥਕ ਪੈਕੇਜ ਦੀ ਦੂਜੀ ਕਿਸਤ ਵਿਚ ਪ੍ਰਵਾਸੀ ਮਜ਼ਦੂਰਾਂ, ਫੇਰੀ ਵਾਲਿਆਂ ਅਤੇ ਛੋਟੇ ਕਿਸਾਨਾਂ ਨੂੰ ਲਾਭ ਮਿਲੇਗਾ।

ਕਿਸਾਨਾਂ ਨੂੰ ਕਰਜ਼ੇ ਵਿਚ ਵਿਆਜ 'ਤੇ 31 ਮਈ ਤੱਕ ਛੋਟ
ਵਿੱਤ ਮੰਤਰੀ ਦੇ ਅਹਿਮ ਐਲਾਨ
ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਪ੍ਰਵਾਸੀਆਂ ਨੂੰ ਸਸਤੀ ਕੀਮਤ 'ਤੇ ਕਿਰਾਏ ਦੇ ਘਰ ਦਿਤੇ ਜਾਣਗੇ

25 ਲੱਖ ਨਵੇਂ ਕਿਸਾਨ ਕਰੈਡਿਟ ਕਾਰਡਧਾਰਕਾਂ ਨੂੰ 25000 ਕਰੋੜ ਰੁਪਏ ਦਾ ਕਰਜ਼ਾ
ਤਿੰਨ ਕਰੋੜ ਛੋਟੇ ਕਿਸਾਨ ਪਹਿਲਾਂ ਹੀ ਘੱਟ ਵਿਆਜ ਦਰ 'ਤੇ ਚਾਰ ਲੱਖ ਕਰੋੜ ਰੁਪਏ ਦਾ ਕਰਜ਼ਾ ਲੈ ਚੁਕੇ ਹਨ

23 ਰਾਜਾਂ ਦੇ 67 ਕਰੋੜ ਲਾਭਪਾਤਰੀਆਂ ਲਈ ਇਕ ਦੇਸ਼, ਇਕ ਰਾਸ਼ਨ ਕਾਰਡ ਸਿਸਟਮ ਲਾਗੂ ਹੋਵੇਗਾ
ਪ੍ਰਵਾਸੀ ਮਜ਼ਦੂਰਾਂ ਨੂੰ ਦੋ ਮਹੀਨਿਆਂ ਤਕ ਮੁਫ਼ਤ ਰਾਸ਼ਨ

ਕੋਰੋਨਾ ਵਾਇਰਸ ਮਹਾਮਾਰੀ ਦੌਰਾਨ 86600 ਕਰੋੜ ਰੁਪਏ ਦੇ 63 ਲੱਖ ਕਰਜ਼ੇ ਖੇਤੀ ਖੇਤਰ ਲਈ ਪ੍ਰਵਾਨ
ਰੇਹੜੀ-ਫੜ੍ਹੀ ਵਾਲਿਆਂ ਲਈ ਇਕ ਮਹੀਨੇ ਅੰਦਰ ਵਿਸ਼ੇਸ਼ ਕਰਜ਼ਾ ਯੋਜਨਾ ਸ਼ੁਰੂ ਹੋਵੇਗੀ
ਘੱਟੋ ਘੱਟ ਮਜ਼ਦੂਰਾਂ ਦਾ ਭੇਦਭਾਵ ਖ਼ਤਮ ਹੋਵੇਗਾ

ਪ੍ਰਵਾਸੀਆਂ ਲਈ ਸ਼ੈਲਟਰ ਬਣਾਉਣ ਵਾਸਤੇ ਰਾਜ ਸਰਕਾਰ ਨੂੰ ਰਾਜ ਆਫ਼ਤ ਪ੍ਰਬੰਧ ਫ਼ੰਡ ਵਰਤਣ ਦੀ ਪ੍ਰਵਾਨਗੀ
ਮਾਰਚ ਅਤੇ ਅਪ੍ਰੈਲ 2020 ਵਿਚ 63 ਲੱਖ ਲੋਕਾਂ ਲਈ 86000 ਕਰੋੜ ਰੁਪਏ ਦੇ ਕਰਜ਼ੇ ਮਨਜ਼ੂਰ
ਨਾਬਾਰਡ ਨੇ ਇਕੱਲੇ ਮਾਰਚ ਵਿਚ 29500 ਕਰੋੜ ਰੁਪਏ ਦਾ ਕਰਜ਼ਾ ਦਿਤਾ

ਰਾਜਾਂ ਨੂੰ ਪ੍ਰਵਾਸੀ ਮਜ਼ਦੂਰਾਂ ਲਈ 11000 ਕਰੋੜ ਰੁਪਏ ਦਿਤੇ ਗਏ
ਸ਼ਹਿਰੀ ਬੇਘਰਿਆਂ ਲਈ ਕੇਂਦਰ ਦੇ ਖ਼ਰਚੇ 'ਤੇ ਹਰ ਰੋਜ਼ ਖਾਣੇ ਦਾ ਪ੍ਰਬੰਧ

ਤਾਲਾਬੰਦੀ ਤੋਂ ਪ੍ਰਭਾਵਤ 50 ਲੱਖ ਫੇਰੀ ਵਾਲਿਆਂ ਨੂੰ ਪੰਜ ਹਜ਼ਾਰ ਕਰੋੜ ਰੁਪਏ ਦਿਤੇ ਜਾਣਗੇ
12 ਹਜ਼ਾਰ ਸਵੈ ਸਹਾਇਤਾ ਸਮੂਹਾਂ ਨੇ ਕੋਰੋਨਾ ਵਾਇਰਸ ਸੰਕਟ ਦੌਰਾਨ 3 ਕਰੋੜ ਮਾਸਕ ਅਤੇ 1.2 ਲੱਖ ਲਿਟਰ ਸੈਨੇਟਾਈਜ਼ਰ ਬਣਾਏ