5 ਲੱਖ ਤੋਂ ਵੱਧ ਲੋਕਾਂ ਨੇ ਆਪਣੇ ਸੁਝਾਅ ਭੇਜ ਕੇ ਤਾਲਾਬੰਦੀ 'ਚ ਰਿਆਇਤ ਮੰਗੀ
18 ਮਈ ਤੋਂ ਦਿੱਲੀ ਦੀਆਂ ਆਰਥਕ ਸਰਗਰਮੀਆਂ ਹੋ ਸਕਦੀਆਂ ਹਨ
ਨਵੀਂ ਦਿੱਲੀ: 14 ਮਈ (ਅਮਨਦੀਪ ਸਿੰਘ) ਦੇਸ਼ ਸਣੇ ਦਿੱਲੀ ਵਿਚ ਕਰੋਨਾ ਕਰ ਕੇ, ਹੋਈ ਤਾਲਾਬੰਦੀ ਵਿਚ ਢਿੱਲ ਦੇਣ ਨੂੰ ਲੈ ਕੇ 24 ਘੰਟਿਆਂ ਵਿਚ ਕੇਜਰੀਵਾਲ ਸਰਕਾਰ ਨੂੰ ਪੰਜ ਲੱਖ ਤੋਂ ਵੱਧ ਸੁਝਾਅ ਪ੍ਰਾਪਤ ਹੋਏ ਹਨ। ਦਿੱਲੀ ਸਰਕਾਰ ਪ੍ਰਾਪਤ ਹੋਏ ਸੁਝਾਆਂ ਤੇ ਵਿਚਾਰ ਕਰਨ ਪਿਛੋਂ ਇਸਦੇ ਆਧਾਰ 'ਤੇ ਖਾਕਾ ਬਣਾ ਕੇ, ਕੇਂਦਰ ਸਰਕਾਰ ਨੂੰੰ ਭੇਜ ਕੇ, ਦਿੱਲ ਵਿਚ ਆਰਥਕ ਸਰਗਰਮੀਆਂ ਨੂੰ ਚਾਲੂ ਕਰਨ ਦੀ ਮੰਗ ਕਰ ਸਕਦੀ ਹੈ।
ਮੁਖ ਮੰਤਰੀ ਅਰਵਿੰਦ ਕੇਜਰੀਵਾਲ 18 ਮਈ ਤੋਂ ਦਿੱਲੀ ਵਿਚ ਆਰਥਕ ਸਰਗਰਮੀਆਂ ਨੂੰ ਸ਼ੁਰੂ ਹੋਣ ਬਾਰੇ ਆਸਵੰਦ ਹਨ ਤੇ ਉਨਾਂ੍ਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਹੋਈ ਵੀਡੀਉ ਕਾਨਫ਼ਰੰਸਿੰਗ ਵਿਚ ਵੀ ਆਰਥਕ ਸਰਗਰਮੀਆਂ ਨੂੰ ਸ਼ੁਰੂ ਕਰਨ ਦੀ ਅਪੀਲ ਕੀਤੀ ਸੀ। ਹਾਲ ਦੀ ਘੜੀ ਦਿੱਲੀ ਵਿਚ ਕਰੋਨਾ ਦੇ 5 ਹਜ਼ਾਰ 310 ਰੋਗੀ ਹਨ ਤੇ 3 ਹਜ਼ਾਰ 45 ਰੋਗੀ ਠੀਕ ਹੋ ਕੇ ਘਰਾਂ ਨੂੰ ਪਰਤ ਚੁਕੇ ਹਨ ਅਤੇ ਕਰੋਨਾ ਦੇ ਮਾਮਲੇ ਸਾਹਮਣੇ ਆਉਣ ਪਿਛੋਂ 78 ਇਲਾਕੇ ਸੀਲ ਹਨ।
ਅੱਜ ਡਿਜ਼ੀਟਲ ਪੱਤਰਕਾਰ ਮਿਲਣੀ ਕਰ ਕੇ, ਮੁਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਸਿਆ, 17 ਮਈ ਨੂੰ ਤਾਲਾਬੰਦੀ -3 ਦੀ ਮਿਆਦ ਖ਼ਤਮ ਹੋ ਰਹੀ ਹੈ, ਅਜਿਹੇ ਵਿਚ ਦਿੱਲੀ ਵਾਸੀਆਂ ਤੋਂ ਸੁਝਾਅ ਮੰਗੇ ਗਏ ਸਨ ਕਿ ਉਹ ਕਿਸ ਤਰ੍ਹਾਂ ਦੀ ਢਿੱਲ ਚਾਹੁੰਦੇ ਹਨ। 24 ਘੰਟਿਆਂ ਵਿਚ ਹੀ ਪੌਣੇ ਪੰਜ ਲੱਖ ਵੱਟਸਐਪ, 10 ਹਜ਼ਾਰ 700 ਈ ਮੇਲ ਅਤੇ 39 ਹਜ਼ਾਰ ਫੋਨ ਰੀਕਾਰਡਿੰਗ ਸੁਨੇਹਿਆਂ ਰਾਹੀਂ ਲੋਕਾਂ ਨੇ ਆਪਣੇ ਸੁਝਾਅ ਭੇਜੇ ਹਨ ਜਿਨ੍ਹਾਂ 'ਚੋਂ ਕਈ ਸੁਝਾਅ ਢੁੱਕਵੇਂ ਤੇ ਉਸਾਰੂ ਹਨ।
ਐਲ ਜੀ ਅਨਿਲ ਬੈਜਲ ਨਾਲ ਆਫ਼ਤ ਰੋਕੂ ਪ੍ਰਬੰਧਕੀ ਕਮੇਟੀ ਦੀ ਹੋਣ ਵਾਲੀ ਮੀਟਿੰਗ ਵਿਚ ਇਨਾਂ੍ਹ ਸੁਝਾਆਂ 'ਤੇ ਵਿਚਾਰ ਕੀਤਾ ਜਾਵੇਗਾ। ਫਿਰ ਕੇਂਦਰ ਸਰਕਾਰ ਨੂੰ ਮਤਾ ਬਣਾ ਕੇ, ਭੇਜਿਆ ਜਾਵੇਗਾ। ਕੇਂਦਰ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਹੀ 18 ਮਈ ਸੋਮਵਾਰ ਤੋਂ ਦਿੱਲੀ ਵਿਚ ਆਰਥਕ ਸਰਗਰਮੀਆਂ ਸ਼ੁਰੂ ਕੀਤੀਆਂ ਜਾਣਗੀਆਂ।
ਕੇਜਰੀਵਾਲ ਨੇ ਦਸਿਆ ਕਿ ਲੋਕਾਂ ਨੇ ਮੰਗ ਕੀਤੀ ਹੈ ਕਿ ਮਾਸਕ ਪਹਿਣਾ ਲਾਜ਼ਮੀ ਹੋਵੇ, ਸਵੇਰੇ ਪਾਰਕਾਂ ਵਿਚ ਸੈਰ ਕਰਨ ਦੀ ਇਜਾਜ਼ਤ ਦਿਤੀ ਜਾਵੇ ਤਾ ਕਿ ਲੋਕ ਯੋਗਾ ਤੇ ਕਸਰਤ ਕਰ ਕੇ, ਆਪਣੇ ਸਰੀਰ ਦੀ ਰੋਗਾਂ ਨਾਲ ਲੜਨ ਦੀ ਸਮਰੱਥਾ ਵਧਾ ਸਕਣ। ਲੋਕਾਂ ਨੇ ਸੁਝਾਅ ਦਿਤੇ ਹਨ ਕਿ ਸਰੀਰਕ ਦੂਰੀ ਦੀ ਪਾਲਣਾ ਕਰਦੇ ਹੋਏ ਆਵਾਜਾਈ, ਸਨਅੱਤ, ਮਾਲਜ਼, ਬਾਜ਼ਾਰ, ਢਾਬੇ, ਘਰੇ ਚੀਜ਼ਾਂ ਦੀ ਪੂਰਤੀ ਆਦਿ ਨੂੰ ਖੋਲ੍ਹ ਦਿਤਾ ਜਾਣਾ ਚਾਹੀਦਾ ਹੈ ਜਦੋਂਕਿ ਸਕੂਲ, ਕਾਲਜਾਂ, ਵਿਦਿਅਕ ਆਰਿਆਂ ਨੂੰ ਗਰਮੀ ਦੀਆਂ ਛੁੱਟੀਆਂ ਤੱਕ ਬੰਦ ਚਾਹੀਦਾ ਹੈ।
ਜਿਨ੍ਹਾਂ ਇਲਾਕਿਆਂ ਵਿਚ ਕਰੋਨਾ ਦੇ ਮਾਮਲੇ ਵੱਧ ਹਨ, ਉਥੇ ਕੋਈ ਢਿੱਲ ਨਹੀਂ ਦਿਤੀ ਜਾਣੀ ਚਾਹੀਦੀ। ਉਨਾਂ੍ਹ ਕਿਹਾ ਇਸ ਵੇਲੇ ਕੌਮੀ ਆਫ਼ਤ ਰੋਕੂ ਐਕਟ ਪੂਰੇ ਦੇਸ਼ ਵਿਚ ਲਾਗੂ ਹੈ ਤੇ ਕੇਂਦਰ ਸਰਕਾਰ ਵਲੋਂ ਕਰੋਨਾ ਤਾਲਾਬੰਦੀ ਨੂੰ ਖੋਲ੍ਹਣ ਬਾਰੇ ਸੂਬਿਆਂ ਨਾਲ ਵਿਚਾਰ ਚਰਚਾ ਕੀਤੀ ਗਈ ਸੀ ਤੇ ਮੁਖ ਮੰਤਰੀਆਂ ਨੂੰ ਆਪੋ ਆਪਣੇ ਸੁਝਾਅ ਦੇਣ ਲਈ ਕਿਹਾ ਗਿਆ ਸੀ ਕਿ ਕਿਹੜੇ ਸੂਬਿਆਂ ਨੂੰ ਕੀ ਰਿਆਇਤਾਂ ਚਾਹੀਦੀਆਂ ਹਨ, ਇਨਾਂ੍ਹ ਸੁਝਾਆਂ ਦੇ ਆਧਾਰ 'ਤੇ ਇਕ ਤਜਵੀਜ਼ ਬਣਾ ਕੇ, ਪ੍ਰਧਾਨ ਮੰਤਰੀ ਨੂੰ ਰਿਆਇਤਾਂ ਬਾਰੇ ਲਿਖਿਆ ਜਾਵੇਗਾ।
ਉਨ੍ਹਾਂ ਕਿਹਾ, “ਮੈਂ ਇਹ ਸੋਚਿਆ ਕਿ ਕੇਂਦਰ ਸਰਕਾਰ ਨੂੰ ਭੇਜੇ ਜਾਣ ਵਾਲੇ ਸੁਝਾਅ ਏਸੀ ਕਮਰੇ ਵਿਚ ਬਹਿ ਕੇ ਨਹੀਂ ਤਿਆਰ ਹੋਣੇ ਚਾਹੀਦੇ, ਸਗੋਂ ਲੋਕਾਂ ਤੋਂ ਪੁਛ ਕੇ, ਮਾਹਰਾਂ ਤੇ ਡਾਕਟਰਾਂ ਨਾਲ ਸਲਾਹ ਕਰ ਕੇ ਹੀ ਅਗਲੀ ਨੀਤੀ ਬਣਨੀ ਚਾਹੀਦੀ ਹੈ ਇਸ ਲਈ ਮੈਂ ਲੋਕਾਂ ਤੋਂ ਸੁਝਾਅ ਮੰਗੇ। ਦਿੱਲੀ ਦੇ ਲੋਕਾਂ ਨੇ ਬੁੱਧਵਾਰ ਸ਼ਾਮ 5 ਵੱਜੇ ਤੱਕ ਬੜੇ ਸੁਚੱਜੇ ਸੁਝਾਅ ਭੇਜੇ ਹਨ।'' ਲੋਕਾਂ ਨੇ ਨਾਈ ਦੀਆਂ ਦੁਕਾਨਾਂ, ਮਸਾਜ ਸੈਂਟਰਾਂ ਤੇ ਹੋਟਲਾਂ ਸਣੇ ਸਿਨੇਮਾ ਘਰਾਂ ਤੇ ਹੋਰ ਭੀੜ ਭੜੱਕੇ ਵਾਲੀਆਂ ਥਾਂਵਾਂ ਨੂੰ ਬੰਦ ਰੱਖਣ ਦੇ ਸੁਝਾਅ ਵੀ ਦਿਤੇ ਹਨ, ਕਿਉਂਕਿ ਇਨਾਂ੍ਹ ਥਾਂਵਾਂ ਕਰਕੇ ਕਰੋਨਾ ਵੱਧ ਫੈਲਣ ਦਾ ਖ਼ਤਰਾ ਹੈ। ਲੋਕਾਂ ਨੇ ਛੋਟੇ ਬੱਚਿਆਂ ਤੇ ਬਜ਼ਰੁਗਾਂ ਦੀ ਸਿਹਤ ਲਈ ਉਨਾਂ ਨੂੰ ਘਰ ਵਿਚ ਹੀ ਰਹਿਣ ਦੇ ਸੁਝਾਅ ਵੀ ਦਿਤੇ ਹਨ।