Corona ਸੰਕਟ ਦੌਰਾਨ ਭਾਰਤ ਨੂੰ ਮਿਲੇਗਾ 1 Billion Dollar ਦਾ ਪੈਕੇਜ, World Bank ਦਾ ਐਲਾਨ

ਏਜੰਸੀ

ਖ਼ਬਰਾਂ, ਰਾਸ਼ਟਰੀ

ਵਿਸ਼ਵ ਬੈਂਕ ਨੇ ਕੀਤਾ ਸਮਾਜਿਕ ਸੁਰੱਖਿਆ ਪੈਕੇਜ ਦਾ ਐਲਾਨ

Photo

ਨਵੀਂ ਦਿੱਲੀ: ਕੋਰੋਨਾ ਸੰਕਟ ਦੌਰਾਨ ਵਿਸ਼ਵ ਬੈਂਕ ਨੇ ਭਾਰਤ ਨੂੰ ਵੱਡੀ ਰਾਹਤ ਦਿੱਤੀ ਹੈ। ਵਿਸ਼ਵ ਬੈਂਕ ਨੇ ਸਰਕਾਰੀ ਪ੍ਰੋਗਰਾਮਾਂ ਲਈ ਇਕ ਬਿਲੀਅਨ ਡਾਲਰ ਦੇ ਪੈਕੇਜ ਦਾ ਐਲਾਨ ਕੀਤਾ ਹੈ। ਇਹ ਪੈਕੇਜ ਸਮਾਜਿਕ ਸੁਰੱਖਿਆ ਪੈਕੇਜ ਹੋਵੇਗਾ। ਇਸ ਤੋਂ ਪਹਿਲਾਂ ਬ੍ਰਿਕਸ ਦੇਸ਼ਾਂ ਦੇ ਨਿਊ ਡਿਵੈਲਪਮੈਂਟ ਬੈਂਕ ਨੇ ਕੋਰੋਨਾ ਜੰਗ ਲਈ ਇਕ ਅਰਬ ਡਾਲਰ ਦੀ ਐਮਰਜੈਂਸੀ ਸਹਾਇਤਾ ਰਾਸ਼ੀ ਦਾ ਐਲਾਨ ਕੀਤਾ ਸੀ।

ਵਿਸ਼ਵ ਬੈਂਕ ਦੇ ਇਕ ਬਿਲੀਅਨ ਡਾਲਰ (ਕਰੀਬ 7600 ਕਰੋੜ) ਸਮਾਜਿਕ ਸੁਰੱਖਿਆ ਪੈਕੇਜ ਦੀ ਵਰਤੋਂ ਦੇਸ਼ ਵਿਚ ਕੋਰੋਨਾ ਪੀੜਤਾਂ ਦੇ ਬਿਹਤਰ ਇਲਾਜ, ਕੋਵਿਡ-19 ਹਸਪਤਾਲ ਅਤੇ ਲੈਬ ਨੂੰ ਬਣਾਉਣ ਵਿਚ ਕੀਤੀ ਜਾ ਸਕਦੀ ਹੈ। ਵਿਸ਼ਵ ਬੈਂਕ ਨੇ ਪਹਿਲਾਂ ਹੀ 25 ਵਿਕਾਸਸ਼ੀਲ ਦੇਸ਼ਾਂ ਨੂੰ ਪੈਕੇਜ ਦੇਣ ਦਾ ਪ੍ਰਸਤਾਵ ਕੀਤਾ ਸੀ।

ਇਸ ਤੋਂ ਪਹਿਲਾਂ ਨਿਊ ਡਿਵੈਲਪਮੈਂਟ ਬੈਂਕ  ਨੇ ਭਾਰਤ ਨੂੰ 1 ਅਰਬ ਲਾਡਰ ਦੀ ਐਮਰਜੈਂਸੀ ਸਹਾਇਤਾ ਰਾਸ਼ੀ ਦੇਣ ਦਾ ਐਲਾਨ ਕੀਤਾ ਸੀ। ਉਸ ਦਾ ਕਹਿਣਾ ਸੀ ਕਿ ਇਹ ਲੋਨ ਇਸ ਲਈ ਦਿੱਤਾ ਜਾ ਰਿਹਾ ਹੈ ਤਾਂ ਜੋ ਭਾਰਤ ਨੂੰ ਕੋਵਿਡ-19 ਦੇ ਪ੍ਰਸਾਰ ਨੂੰ ਰੋਕਣ ਵਿਚ ਮਦਦ ਮਿਲੇ ਅਤੇ ਕੋਰੋਨਾ ਵਾਇਰਸ ਮਹਾਂਮਾਰੀ ਨਾਲ ਹੋਣ ਵਾਲੇ ਨੁਕਸਾਨ ਨੂੰ ਘੱਟ ਕੀਤਾ ਜਾ ਸਕੇ।

ਇਸ ਤੋਂ ਇਲਾਵਾ ਏਸ਼ੀਆਈ ਵਿਕਾਸ ਬੈਂਕ ਨੇ ਕੋਰੋਨਾ ਨਾਲ ਲੜਨ ਲਈ ਭਾਰਤ ਨੂੰ 1.5 ਅਰਬ ਡਾਲਰ ਦਾ ਪੈਕੇਜ ਦੇਣ ਦਾ ਐਲਾਨ ਕੀਤਾ ਸੀ। ਇਸ ਦਾ ਉਦੇਸ਼ ਭਾਰਤ ਸਰਕਾਰ ਨੂੰ ਕੋਵਿਡ-19 ਦੇ ਪ੍ਰਸਾਰ ਨੂੰ ਰੋਕਣ ਵਿਚ ਮਦਦ ਕਰਨਾ ਹੈ। ਜ਼ਿਕਰਯੋਗ ਹੈ ਕਿ ਭਾਰਤ ਵਿਚ ਕੋਰੋਨਾ ਦੇ ਅੰਕੜੇ ਲਗਾਤਾਰ  ਵਧਦੇ ਜਾ ਰਹੇ ਹਨ।

ਸ਼ੁੱਕਰਵਾਰ ਸਵੇਰ ਤੱਕ ਸਿਹਤ ਮੰਤਰਾਲੇ ਦੇ ਅੰਕੜਿਆਂ ਅਨੁਸਾਰ ਕੋਰੋਨਾ ਦੇ ਕੁੱਲ ਮਰੀਜ਼ਾਂ ਦੀ ਗਿਣਤੀ ਕਰੀਬ 82000 ਦੇ ਪਾਰ ਪਹੁੰਚ ਗਈ ਹੈ। ਮਰਨ ਵਾਲਿਆਂ ਦਾ ਅੰਕੜਾ 2650 ਦੇ ਕਰੀਬ ਹੈ ਅਤੇ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ 27 ਹਜ਼ਾਰ ਤੋਂ ਜ਼ਿਆਦਾ ਹੈ।